ਆਕਲੈਂਡ ‘ਚ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਵਸ ਧੂਮ-ਧਾਮ ਨਾਲ ਮਨਾਇਆ

ਆਕਲੈਂਡ, 13 ਨਵੰਬਰ – ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ 12 ਨਵੰਬਰ ਦਿਨ ਮੰਗਲਵਾਰ ਨੂੰ ਦੁਨੀਆ ਭਰ ‘ਚ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਆਕਲੈਂਡ ਦੇ ਗੁਰਦੁਆਰਾ ਦਸਮੇਸ਼ ਦਰਬਾਰ (ਪਾਪਾਟੋਏਟੋਏ), ਨਾਨਕਸਰ ਠਾਠ (ਮੈਨੁਰੇਵਾ), ਕਲਗੀਧਰ ਸਾਹਿਬ (ਟਾਕਾਨੀਨੀ), ਗੁਰਤੇਗ ਬਹਾਦਰ (ਪਾਪਾਟੋਏਟੋਏ), ਗੁਰੂ ਹਰਕ੍ਰਿਸ਼ਨ ਸਾਹਿਬ ਨਿਊਲਿਨ ਆਦਿ ਗੁਰੂ ਘਰਾਂ ‘ਚ ਪਾਠ ਦੇ ਭੋਗ ਪਾਏ ਗਏ ਅਤੇ ਕੀਰਤਨ ਦੀਵਾਨ ਸਜਾਏ ਗਏ।
ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਵਿਖੇ ਸ਼ਾਮੀ ਸ੍ਰੀ ਅਖੰਡ ਪਾਠ ਦੇ ਭੋਗ ਤੋਂ ਬਾਅਦ ਕੀਰਤਨ ਦੀਵਾਨ ਸਜਾਏ ਗਏ ਜਿਸ ਵਿੱਚ ਹਜ਼ੂਰੀ ਜੱਥਾ ਭਾਈ ਦਵਿੰਦਰ ਸਿੰਘ ਖਾਲਸਾ, ਭਾਈ ਯਾਦਵਿੰਦਰ ਸਿੰਘ ਤੇ ਬੀਬੀ ਅੰਮ੍ਰਿਤ ਕੌਰ ਅਤੇ ਭਾਰਤ ਤੋਂ ਆਏ ਭਾਈ ਮਨਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਦੇ ਜੱਥੇ ਨੇ ਗੁਰਬਾਣੀ ਦੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗੁਰਬਾਣੀ ਨਾਲ ਜੋੜਿਆ।
ਗੁਰਦੁਆਰਾ ਨਾਨਕਸਰ ਠਾਠ ਮੈਨੁਰੇਵਾ ਵਿਖੇ ਵੀ ਸ਼ਾਮੀ ਸ੍ਰੀ ਅਖੰਡ ਪਾਠ ਦੇ ਭੋਗ ਤੋਂ ਬਾਅਦ ਕੀਰਤਨ ਦੀਵਾਨ ਸਜਾਇਆ ਗਿਆ ਤੇ ਸੰਗਤਾਂ ਨੇ ਹਜ਼ੂਰੀ ਰਾਗੀ ਭਾਈ ਜੋਗਿੰਦਰ ਸਿੰਘ ਦੇ ਜੱਥੇ ਪਾਸੋਂ ਰਸਭਿੰਨਾ ਕੀਰਤਨ ਸੁਣਿਆ ਅਤੇ ਗੁਰੂ ਮਹਾਰਾਜ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ।
ਗੁਰਪੁਰਬ ਮੌਕੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਗੁਰਦੁਆਰਿਆਂ ਵਿੱਚ ਹਾਜ਼ਰੀਆਂ ਭਰੀਆਂ ਅਤੇ ਗੁਰਬਾਣੀ ਦੇ ਕੀਰਤਨਾਂ ਦਾ ਰਸ ਮਾਣਿਆਂ। ਇਸ ਮੌਕੇ ਗੁਰਦੁਆਰਿਆਂ ਵਿੱਚ ਪ੍ਰਬੰਧਕਾਂ ਵੱਲੋਂ ਸੰਗਤਾਂ ਵਾਸਤੇ ਲੰਗਰਾਂ ਦੇ ਖ਼ਾਸ ਪ੍ਰਬੰਧ ਕੀਤੇ ਗਏ ਸਨ।