ਆਕਲੈਂਡ ‘ਚ ਟੋਰਨਾਡੋ ਤੇ ਖ਼ਰਾਬ ਮੌਸਮ ਨੇ ਮਚਾਈ ਤਬਾਹੀ

ਆਕਲੈਂਡ, 27 ਜੂਨ – ਸਾਊਥ ਆਕਲੈਂਡ ਵਿੱਚ ਟੋਰਨਾਡੋ ਤੇ ਖ਼ਰਾਬ ਮੌਸਮ ਦੇ ਕਰਕੇ ਬੀਤੀ ਰਾਤ ਕਈ ਥਾਈਂ ਘਰਾਂ ਤੇ ਹੋਰ ਅਦਾਰਿਆਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਦੇਸ਼ ਦੇ ਕਈ ਇਲਾਕਿਆਂ ਵਿਚਲੇ ਖ਼ਰਾਬ ਮੌਸਮ ਦੇ ਨਾਲ-ਨਾਲ ਸਾਊਥ ਆਕਲੈਂਡ ਦੇ ਕਈ ਹਿੱਸਿਆਂ ਵਿੱਚ ਆਏ ਟੋਰਨਾਡੋ ਨੇ ਦਰਖ਼ਤਾਂ, ਘਰਾਂ ਦੀਆਂ ਛੱਤਾਂ, ਬਿਜ਼ਨਸ ਅਦਾਰਿਆਂ ਦੀਆਂ ਛੱਤਾਂ ਨੂੰ ਨੁਕਸਾਨ ਪਹੁੰਚਾਇਆ ਹੈ। ਦੇਸ਼ ਦੇ ਹੋਰਨਾਂ ਇਲਾਕਿਆਂ ਜੀਵੇਂ ਬੇ ਆਫ਼ ਪਲੈਨਟੀ, ਟੌਰੰਗਾ, ਪਾਪਾਮੋਆ ਆਦਿ ਤੋਂ ਵੀ ਨੁਕਸਾਨ ਦੀਆਂ ਖ਼ਬਰਾਂ ਹਨ। ਕਈ ਲੋਕਾਂ ਦੇ ਘਰਾਂ ਦੀਆਂ ਛੱਤਾਂ ਦੇ ਨਾਲ ਘਰਾਂ ਦਾ ਸਮਾਨ ਵੀ ਖ਼ਰਾਬ ਹੋਇਆ ਹੈ। ਕਈ ਥਾਈਂ ਐਮਰਜੈਂਸੀ ਸੇਵਾਵਾਂ ਵੀ ਬੁਲਾਈਆਂ ਗਈ ਹਨ।