ਗਾਇਕ ਆਰਿਫ਼ ਦੇ ‘ਫੋਕ’ ਤੇ ਕੰਵਰ ਦੇ ‘ਸੂਫ਼ੀ’ ਰੰਗ ਦੀ ਗਾਇਕੀ ਨੇ ਆਕਲੈਂਡ ‘ਚ ਖ਼ੂਬ ਰੰਗ ਬੰਨ੍ਹਿਆ

ਮੈਨੁਕਾਓ (ਆਕਲੈਂਡ) – ਇੱਥੇ 20 ਅਕਤੂਬਰ ਦਿਨ ਸ਼ਨੀਵਾਰ ਨੂੰ ਵੋਡਾਫੋਨ ਈਵੈਂਟ ਸੈਂਟਰ ਵਿਖੇ ਐਨ. ਜ਼ੈੱਡ. ਫਿਊਚਰ ਕਮਿਊਨਿਟੀ ਟਰੱਸਟ ਅਤੇ ਜੇ. ਕੇ. ਸਟਾਰ ਪ੍ਰੋਡਕਸ਼ਨਜ਼ ਦੇ ਕਰਮ ਹੁੰਦਲ ਵੱਲੋਂ ‘ਫੋਕ ਐਂਡ ਸੂਫ਼ੀ’ ਸ਼ੋਅ ਕਰਵਾਇਆ ਗਿਆ। ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ‘ਚ ਹੋਏ ‘ਫੋਕ ਐਂਡ ਸੂਫ਼ੀ’ ਸ਼ੋਅ ਵਿੱਚ ਪਹਿਲੀ ਵਾਰ ਲਹਿੰਦੇ ਤੇ ਚੜ੍ਹਦੇ ਪੰਜਾਬ ਦਾ ਸੁਮੇਲ ਵੇਖਣ ਨੂੰ ਮਿਲਿਆ। ਪਾਕਿਸਤਾਨੀ ਫੋਕ ਗਾਇਕ ਆਰਿਫ਼ ਲੋਹਾਰ ਅਤੇ ਪੰਜਾਬ ਦੇ ਸੂਫ਼ੀ ਗਾਇਕ ਕੰਵਰ ਗਰੇਵਾਲ ਨੇ ਜਦੋਂ ਇਕੱਠੇ ਆਪਣੀ ਗਾਇਕੀ ਦੇ ਜਾਦੂ ਦਾ ਰੰਗ ਬਿਖੇਰਿਆ ਤਾਂ ਹਾਜ਼ਰ ਸਰੋਤੇ ਦੋਵੇਂ ਰੰਗਾਂ ‘ਚ ਰੰਗੇ ਗਏ ਅਤੇ ਝੂਮਣ ਲੱਗੇ। ਇਹ ਸ਼ੋਅ ਲਗਭਗ 4 ਘੰਟੇ ਲਗਾਤਾਰ ਚੱਲਿਆ ਅਤੇ ਹਾਲ ਵੀ ਖਚਾਖਚ ਭਰਿਆ ਪਿਆ ਸੀ। ਸ਼ੋਅ ਦੇ ਪ੍ਰਬੰਧਕਾਂ ਵੱਲੋਂ ਸਾਰੇ ਕਲਾਕਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸ਼ੋਅ ਦੌਰਾਨ ਜਿੱਥੇ ਪਾਕਿਸਤਾਨੀ ਫੋਕ ਗਾਇਕ ਆਰਿਫ਼ ਲੋਹਾਰ ਦੇ ਮਿਊਜ਼ਿਕ ਬੈਂਡ ਨੇ ਫੋਕ ਰੰਗ ਵਿਖਾ ਕੇ ਦਰਸ਼ਕਾਂ ਨੂੰ ਮੋਹ ਲਿਆ ਤੇ ਉਨ੍ਹਾਂ ਦੇ ਨਾਲ ਆਏ ਢੋਲੀ ਨੇ ਘੁੰਮ-ਘੁੰਮ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ, ਉੱਥੇ ਹੀ ਪੰਜਾਬ ਦੇ ਸੂਫ਼ੀ ਗਾਇਕ ਕੰਵਰ ਗਰੇਵਾਲ ਨੇ ਆਪਣੇ ਵੱਖਰੇ ਮਸਤਾਨੇ ਸੂਫ਼ੀ ਅੰਦਾਜ਼ ਅਤੇ ਤੂਬੇ ਦੀ ਤਾਣ ਨਾਲ ਦਰਸ਼ਕਾਂ ਨੂੰ ਨੱਚਣੇ ਲਾਅ ਦਿੱਤਾ।
ਜ਼ਿਕਰਯੋਗ ਹੈ ਕਿ ਇਸ ਈਵੈਂਟ ਦੇ ਜੇ. ਕੇ. ਸਟਾਰ ਪ੍ਰੋਡਕਸ਼ਨਜ਼ ਪ੍ਰਮੋਟਰ ਸਨ, ਜਿਸ ਦੇ ਸਦਕਾ ਪ੍ਰੋਗਰਾਮ ਵਿੱਚ ਵੱਡਾ ਇਤਿਹਾਸਕ ਇਕੱਠ ਵੇਖਣ ਨੂੰ ਮਿਲਿਆ। ਜੇ.ਕੇ. ਸਟਾਰ ਤੋਂ ਕਰਮ ਹੁੰਦਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਆਕਲੈਂਡ ਵਿੱਚ ਦੋਵੇਂ ਮੁਲਕਾਂ (ਭਾਰਤ ਤੇ ਪਾਕਿਸਤਾਨ) ਦੇ ਗਾਇਕਾਂ ਨੇ ਇੱਕੋ ਸਟੇਜ ਉੱਤੋਂ ਸਾਂਝੀ ਪੇਸ਼ਕਾਰੀ ਦਿੱਤੀ ਹੈ ਅਤੇ ਦਰਸ਼ਕਾਂ ਲਈ ਇਹ ਸ਼ੋਅ ਯਾਦਗਾਰੀ ਹੋ ਨਿੱਬੜਿਆ। ਉਨ੍ਹਾਂ ਕਿਹਾ ਕਿ ‘ਫੋਕ ਐਂਡ ਸੂਫ਼ੀ’ ਸ਼ੋਅ ਪੂਰਾ ਸੋਲਡ ਆਊਟ ਰਿਹਾ। ਉਨ੍ਹਾਂ ਸ਼ੋਅ ਨੂੰ ਸਫਲ ਬਣਾਉਣ ਲਈ ਸਾਰੇ ਸਪਾਂਸਰਜ਼, ਪ੍ਰਬੰਧਕੀ ਟੀਮ, ਦਰਸ਼ਕਾਂ ਅਤੇ ਸਥਾਨਕ ਮੀਡੀਆ ਦਾ ਧੰਨਵਾਦ ਕੀਤਾ ਹੈ ਅਤੇ ਉਨ੍ਹਾਂ ਕਿਹਾ ਕਿ ਭਵਿੱਖ ‘ਚ ਵੀ ਉਹ ਅਜਿਹੇ ਹੀ ਫ਼ਨਕਾਰਾਂ ਨੂੰ ਸੰਗੀਤ ਪ੍ਰੇਮੀ ਤੇ ਸਰੋਤਿਆਂ ਦੇ ਮਨੋਰੰਜਨ ਲਈ ਲਿਆਉਂਦੇ ਰਹਿਣਗੇ।