ਆਕਲੈਂਡ ਬੁੱਧਵਾਰ ਅੱਧੀ ਰਾਤ ਤੋਂ ਅਲਰਟ ਲੈਵਲ 1 ਉੱਤੇ ਜਾਏਗਾ – ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ

ਵੈਲਿੰਗਟਨ, 5 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਅੱਜ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ ਕਿ ਆਕਲੈਂਡ 7 ਅਕਤੂਬਰ ਦਿਨ ਬੁੱਧਵਾਰ ਦੀ ਅੱਧੀ ਰਾਤ 11.59 ਵਜੇ ਤੋਂ ਅਲਰਟ ਲੈਵਲ 2 ਤੋਂ ਘਟਾ ਕੇ ਅਲਰਟ ਲੈਵਲ 1 ਉੱਤੇ ਚਲਾ ਜਾਏਗਾ, ਕਿਉਂਕਿ ਕਿ 95% ਸੰਭਾਵਨਾ ਹੈ ਕਿ ਨਵਾਂ ਕਲੱਸਟਰ ਸਮਾਪਤ ਕਰ ਦਿੱਤਾ ਗਿਆ ਹੈ। ਦੇਸ਼ ਦਾ ਬਾਕੀ ਹਿੱਸਾ 22 ਸਤੰਬਰ ਤੋਂ ਅਲਰਟ ਲੈਵਲ 1 ‘ਤੇ ਚੱਲ ਰਿਹਾ ਸੀ, ਜੋ ਹੁਣ ਵੀ ਅਲਰਟ ਲੈਵਲ 1 ਉੱਤੇ ਹੀ ਰਹੇਗਾ।
ਇਸ ਦਾ ਅਰਥ ਹੈ ਕਿ ਹੁਣ ਇਕੱਠ ਕਰਨ ਉੱਤੇ ਕੋਈ ਲਿਮਟ ਨਹੀਂ ਹੋਵੇਗੀ ਅਤੇ ਦਫ਼ਤਰਾਂ, ਰੈਸਟੋਰੈਂਟਾਂ ਤੇ ਬਾਰਾਂ ਵਿਚੋਂ ਸੋਸ਼ਲ ਡਿਸਟੈਂਸਿੰਗ ਹਟਾ ਲਈ ਜਾਵੇਗੀ। ਅਲਰਟ ਲੈਵਲ 1 ਵਿੱਚ ਜਨਤਕ ਟ੍ਰਾਂਸਪੋਰਟ ਵਿੱਚ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੋਵੇਗੀ ਹੈ ਪਰ ਪ੍ਰਧਾਨ ਮੰਤਰੀ ਆਰਡਰਨ ਨੇ ਲੋਕਾਂ ਨੂੰ ਸਚੇਤ ਰਹਿਣ ਦੀ ਅਪੀਲ ਕੀਤੀ ਹੈ, ਉਨ੍ਹਾਂ ਨੇ ਕਿਹਾ ਕਿ ਹੱਥ ਧੋਣੇ, ਬਿਮਾਰ ਹੋਣ ‘ਤੇ ਘਰ ਰਹਿਣਾ, QR ਕੋਡ ਸਕੈਨ ਕਰਨਾ ਅਤੇ ਜੇ ਥੋੜ੍ਹਾ ਬਿਮਾਰ ਮਹਿਸੂਸ ਹੁੰਦਾ ਹੈ ਤਾਂ ਟੈੱਸਟ ਕਰਵਾਉਣਾ।
ਉਨ੍ਹਾਂ ਕਿਹਾ ਕਿ, ‘ਮੈਂ ਨਹੀਂ ਚਾਹੁੰਦਾ ਕਿ ਕੋਈ ਵੀ ਅਜਿਹਾ ਸੋਚੇ ਕਿ ਅਸੀਂ ਅਲਰਟ ਲੈਵਲ 1 ‘ਤੇ ਹਾਂ ਤੇ ਕੋਵਿਡ ਹੁਣ ਨਿਊਜ਼ੀਲੈਂਡ ਤੋਂ ਗ਼ੈਰ-ਹਾਜ਼ਰ ਹੈ, ਸੁਰੱਖਿਆ ਦੇ ਉਪਾਅ ਜਿਵੇਂ ਬਿਮਾਰ ਹੋਣ ‘ਤੇ ਘਰ ਰਹਿਣਾ ‘ਲੋਕ ਸੇਵਾ ਦਾ ਕੰਮ’ ਹੈ।
ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਕੈਬਨਿਟ ਨੇ ਆਕਲੈਂਡ ਦੇ ਅਲਰਟ ਲੈਵਲ ਦੀ ਸਮੀਖਿਆ ਕਰਨ ਲਈ ਅੱਜ ਜ਼ੂਮ ਰਾਹੀਂ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਆਕਲੈਂਡ ਕਲੱਸਟਰ ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਸੀ ਪਰ ਸਾਰੇ ਸੰਕੇਤਾਂ ਨੇ ਇਸ ਦੇ ਨਿਯੰਤਰਣ ਵਿੱਚ ਰਹਿਣ ਦਾ ਇਸ਼ਾਰਾ ਕੀਤਾ। ਕਲੱਸਟਰ ਵਿੱਚ 10 ਦਿਨਾਂ ਤੋਂ ਕੋਈ ਨਵਾਂ ਕੇਸ ਨਹੀਂ ਆਇਆ ਅਤੇ ਪਿਛਲੇ ਦੋ ਹਫ਼ਤਿਆਂ ਵਿੱਚ ਸਿਰਫ਼ 1 ਕੇਸ ਹੀ ਆਇਆ ਸੀ। ਕਲੱਸਟਰ ਵਿਚੋਂ ਸਿਰਫ਼ 5 ਵਿਅਕਤੀ ਕੋਵਿਡ -19 ਤੋਂ ਅਜੇ ਠੀਕ ਨਹੀਂ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਕਾਰੋਬਾਰਾਂ ਨੂੰ ਹਾਲੇ ਵੀ ਅਲਰਟ ਲੈਵਲ 1 ਉੱਤੇ QR ਕੋਡ ਪ੍ਰਦਰਸ਼ਿਤ ਕਰਨ ਦੀ ਜ਼ਰੂਰਤ ਹੈ।
ਨਿਊਜ਼ੀਲੈਂਡ ਵਿੱਚ ਦਾਖ਼ਲ ਹੋਣ ਵਾਲੇ ਲੋਕਾਂ ਲਈ ਬਾਰਡਰ ‘ਤੇ ਪਾਬੰਦੀਆਂ ਰਹਿਣਗੀਆਂ ਅਤੇ ਹਰੇਕ ਨੂੰ 14 ਦਿਨਾਂ ਲਈ ਮੈਨੇਜਡ ਆਈਸੋਲੇਸ਼ਨ ਹੋਣਾ ਜ਼ਰੂਰੀ ਹੈ। ਆਕਲੈਂਡ ਦੇ ਮੇਅਰ ਫਿੱਲ ਗੋਫ਼ ਨੇ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ।