ਆਕਲੈਂਡ ਮੇਅਰ ਫਿੱਲ ਗੋਫ ਨੇ ਕਾਰੋਬਾਰਾਂ ਨੂੰ ਕਿਹਾ ‘ਕੀਮਤ ਵਧਾਉਣਾ ਬੰਦ ਕਰੋ’

ਆਕਲੈਂਡ, 15 ਅਗਸਤ – ਇੱਥੇ ਦੇ ਮੇਅਰ ਫਿੱਲ ਗੋਫ ਕਾਰੋਬਾਰਾਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਕੀਮਤਾਂ ਵਿੱਚ ਵਾਧੇ ਨੂੰ ਰੋਕਣ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਨ ਕਿਉਂਕਿ ਸ਼ਹਿਰ ਆਪਣੇ ਚੌਥੇ ਦਿਨ ਲੈਵਲ 3 ਕੋਵਿਡ -19 ਲੌਕਡਾਉਨ ਵਿੱਚ ਦਾਖਲ ਹੋ ਗਿਆ ਹੈ। ਇੱਕ ਪਾਸੇ ਦੇਸ਼ ਜਿੱਥੇ ਕੋਵਿਡ -19 ਦੀ ਮਾਰ ਸਹਿ ਰਿਹਾ ਹੈ ਤੇ ਦੂਜੇ ਪਾਸੇ ਕਾਰੋਬਾਰਾਂ ਵੱਲੋਂ ਸਮਾਨ ਦੀਆਂ ਕੀਮਤਾਂ ਵਧਾਈਆਂ ਜਾ ਰਹੀਆਂ ਹਨ।
ਮੇਅਰ ਗੋਫ ਨੇ ਕਿਹਾ ਕਿ ਉਨ੍ਹਾਂ ਨੇ ਕੀਮਤਾਂ ਵਿੱਚ ਵਾਧੇ ਦੀਆਂ ਖ਼ਬਰਾਂ ਸੁਣੀਆਂ ਹਨ, ਖ਼ਾਸ ਕਰਕੇ ਜ਼ਰੂਰੀ ਚੀਜ਼ਾਂ ਜਿਵੇਂ ਕਿ ਮਾਸਕ। ਉਨ੍ਹਾਂ ਕਿਹਾ ਪਿਛਲੇ ਲੌਕਡਾਉਨ ਦੌਰਾਨ ਸਾਨੂੰ ਅਜਿਹੀਆਂ ਚਿੰਤਾਵਾਂ ਸਨ ਅਤੇ ਇਸ ਵਾਰ ਦੁਬਾਰਾ ਦੁਹਰਾਉਣਾ ਬਦਕਿਸਮਤੀ ਹੋਵੇਗੀ। ਦੇਸ਼ ਵਿਆਪੀ ਲੌਕਡਾਉਨ ਦੌਰਾਨ ਵੀ ਅਜਿਹੇ ਹੀ ਦਾਅਵੇ ਹੋਏ ਸਨ।
ਇਸੇ ਸਾਲ ਮਾਰਚ ਵਿੱਚ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਨਿਊਜ਼ੀਲੈਂਡ ਵਾਸੀਆਂ ਲਈ ਲੌਕਡਾਉਨ ਦੇ ਸਮੇਂ ਸੁਪਰਮਾਰਕੀਟਾਂ ਦੀਆਂ ਕੀਮਤਾਂ ਵਧਾਉਣ ਬਾਰੇ ਚਿੰਤਾ ਜਤਾਉਣ ਲਈ ਇਕ ਵੈੱਬਸਾਈਟ ਸਥਾਪਤ ਕੀਤੀ ਸੀ। ਉਸ ਵੇਲੇ ਅਧਿਕਾਰੀ ਸੁਪਰਮਾਰਕੀਟਾਂ ਨਾਲ ਰੋਜ਼ਾਨਾ ਸੰਪਰਕ ਵਿੱਚ ਸਨ ਅਤੇ ਜਦੋਂ ਕਿ ਕੀਮਤਾਂ ਵਿੱਚ ਵਾਧੇ ਦੀ ਕੋਈ ਪੁਸ਼ਟੀ ਰਿਪੋਰਟ ਨਹੀਂ ਮਿਲੀ ਸੀ, ਸਰਕਾਰ ਨੇ ਰਿਪੋਰਟਿੰਗ ਵੈੱਬਸਾਈਟ ਸਥਾਪਤ ਕੀਤੀ।
ਪ੍ਰਧਾਨ ਮੰਤਰੀ ਆਰਡਰਨ ਨੇ ਕਿਸੇ ਨੂੰ ਵੀ ਸ਼ੱਕ ਹੋਣ ‘ਤੇ ਤਸਵੀਰਾਂ ਜਾਂ ਆਪਣੀਆਂ ਰਸੀਦਾਂ ਦੀਆਂ ਕਾਪੀਆਂ ਨੂੰ ਵੈੱਬਸਾਈਟ ‘ਤੇ ਭੇਜਣ ਲਈ ਕਿਹਾ ਸੀ। ਉਨ੍ਹਾਂ ਨੇ ਕਿਹਾ ਕਾਰੋਬਾਰਾਂ ਕੋਲ ਕਾਨੂੰਨੀ ਤੌਰ ‘ਤੇ ਕੀਮਤਾਂ ਵਧਾਉਣ ਲਈ ਇਕ ਚੰਗਾ ਕਾਰਣ ਹੋਣਾ ਚਾਹੀਦਾ ਸੀ। ਅਪ੍ਰੈਲ ਦੇ ਅੱਧ ਤੱਕ, ਜਦੋਂ ਕਿ ਦੇਸ਼ ਕੋਵਿਡ -19 ਦੇ ਕਰਕੇ ਅਲਰਟ ਲੈਵਲ 4 ਦੇ ਤਹਿਤ ਲੌਕਡਾਉਨ ਵਿੱਚ ਸੀ, ਤਾਂ 3000 ਨਿਊਜ਼ੀਲੈਂਡ ਵਾਲਿਆਂ ਨੇ ਕੀਮਤ ਵਧਾਉਣ ਦੀ ਸ਼ਿਕਾਇਤ ਕੀਤੀਆਂ ਸਨ।
ਇਨ੍ਹਾਂ ਵਿੱਚ ਜ਼ਿਆਦਾਤਰ ਸ਼ਿਕਾਇਤਾਂ ਭੋਜਨ ਦੀਆਂ ਕੀਮਤਾਂ ਜਿਵੇਂ ਮੀਟ, ਅੰਡੇ, ਰੋਟੀ, ਫਰੈੱਸ਼ ਪ੍ਰੋਡਕਟਸ, ਇੰਡੀਅਨ ਗ੍ਰੋਸਰੀ ਅਤੇ ਖਾਣੇ ਦੀਆਂ ਹੋਰ ਚੀਜ਼ਾਂ ਬਾਰੇ ਕੀਤੀਆਂ ਗਈਆਂ ਸਨ। ਅਜਿਹੀਆਂ ਸ਼ਿਕਾਇਤਾਂ ਹੈਂਡ ਸੈਨੀਟਾਈਜ਼ਰਾ ਅਤੇ ਫੇਸ ਮਾਸਕ ਦੀਆਂ ਕੀਮਤਾਂ ਬਾਰੇ ਵੀ ਕੀਤੀਆਂ ਗਈਆਂ ਸਨ. ਖ਼ਾਸ ਕਰ ਫਾਰਮੇਸੀਆਂ ਬਾਰੇ ਸਨ।
ਆਕਲੈਂਡ ਵਾਲਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਐਮਬੀਆਈਈ (MBIE) ਨਾਲ [email protected] ‘ਤੇ ਸੰਪਰਕ ਕਰਨ ਜਾਂ ਉਹ pricewatch.consumerprotection.govt.nz ‘ਤੇ ਜਾ ਕੇ ਸ਼ਿਕਾਇਤ ਕਰਨ ਜੇ ਉਹ ਕੀਮਤ ਵਿੱਚ ਵਾਧੇ ਬਾਰੇ ਚਿੰਤਤ ਹਨ।