ਆਕਲੈਂਡ ਹਵਾਈ ਅੱਡੇ ਉੱਤੇ ਸਿੰਘ ਸਾਹਿਬਾਨਾਂ ਦਾ ਭਰਵਾਂ ਸਵਾਗਤ-ਦੂਰੋਂ ਨੇੜਿਓਂ ਸੰਗਤਾਂ ਪਹੁੰਚੀਆਂ

ਆਕਲੈਂਡ, 11 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ) – ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਕੱਲ੍ਹ ਦਿਨ ਸ਼ਨਿਚਰਵਾਰ ਅਤੇ ਐਤਵਾਰ ਨੂੰ ਮਨਾਏ ਜਾ ਰਹੇ ‘ਸਿੱਖ ਚਿਲਡਰਨ ਡੇਅ’ ਦੇ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨ ਦੇ ਲਈ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸਿੰਘ ਸਾਹਿਬ ਗਿਆਨੀ ਮੱਲ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਮੁੱਖ ਅਰਦਾਸੀਏ ਭਾਈ ਕੁਲਵਿੰਦਰ ਸਿੰਘ ਤੇ ਸ਼੍ਰੋਮਣੀ ਕਮੇਟੀ ਸਕੱਤਰ ਸ. ਰੂਪ ਸਿੰਘ ਅੱਜ ਦੁਪਹਿਰ  1.00 ਵਜੇ ਦੇ ਕਰੀਬ ਆਕਲੈਂਡ ਹਵਾਈ ਅੱਡੇ ਉੱਤੇ ਬਾਹਰ ਆਏ। ਪੰਥ ਦੀਆਂ ਇਨ੍ਹਾਂ ਸ਼ਖਸੀਅਤਾਂ ਦਾ ਨਿੱਘਾ ਸਵਾਗਤ ਕਰਨ ਦੇ ਲਈ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਤੋਂ ਐਗਜ਼ੀਕਿਊਟਿਵ ਤੇ ਹੋਰ ਮੈਂਬਰ ਸਾਹਿਬਾਨ ਜਿਨ੍ਹਾਂ ਦੇ ਵਿੱਚ ਬੀਬੀਆਂ ਵੀ ਸ਼ਾਮਿਲ ਸਨ ਬਹੁ ਗਿਣਦੀ ਦੇ ਵਿਚ ਹਾਜ਼ਰ ਸਨ। ਫੁੱਲਾਂ ਦੇ ਗੁਲਦਸਤੇ ਦੇ ਕੇ ਇਨ੍ਹਾਂ ਸ਼ਖਸੀਅਤਾਂ ਨੂੰ ‘ਜੀ ਆਇਆਂ’ ਆਖਿਆ ਗਿਆ। ਇਸ ਮੌਕੇ ਹਮਿਲਟਨ ਤੋਂ ਦਰਜਨ ਤੋਂ ਵੱਧ ਪਤਵੰਤੇ, ਟੌਰੰਗਾ ਤੋਂ ਵੀ ਸੰਗਤਾਂ ਪਹੁੰਚੀਆਂ ਹੋਈਆਂ ਸਨ। ਸਿੰਘ ਸਾਹਿਬਾਨਾਂ ਦੀ ਆਮਦ ਮੌਕੇ ਬੋਲੇ ਸੋ ਨਿਹਾਲ ਦੇ ਜੈਕਾਰੇ ਗਜਾਏ ਗਏ। ਸਿੰਘ ਸਾਹਿਬਾਨ ਸਨਿਚਰਵਾਰ ਨੂੰ ‘ਸਿੱਖ ਚਿਲਡਰਨ ਡੇਅ’ ਦੇ ਵਿੱਚ ਭਾਗ ਲੈਣ ਵਾਲੇ ਬੱਚਿਆਂ ਦੇ ਨਾਲ ਕੁਝ ਸਮਾਂ ਬਿਤਾਉਣਗੇ ਅਤੇ ਹੋਰ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਭਾਗ ਲੈਣਗੇ।