ਆਕਲੈਂਡ ਹਾਈ ਕੋਰਟ ਵਿੱਚ ਵੋਟਾਂ ਦੇ ਮਾਮਲੇ ‘ਤੇ ਕਾਰਵਾਈ ਜਿਊਰੀ ਸਾਹਮਣੇ ਸ਼ੁਰੂ

ਆਕਲੈਂਡ – 14 ਅਕਤੂਬਰ ਦਿਨ ਸੋਮਵਾਰ ਨੂੰ ਆਕਲੈਂਡ ਹਾਈ ਕੋਰਟ ਵਿੱਚ ਲੋਕ ਬੋਰਡ 2010 ਦੀਆਂ ਹੋਈਆਂ ਚੋਣਾਂ ਦੌਰਾਨ ਪੰਜਾਬੀਆਂ ਦੀਆਂ ਗਲਤ ਪਤੇ ‘ਤੇ ਬਣਿਆਂ ਵੋਟਾਂ ਦੇ ਮਾਮਲੇ ‘ਤੇ ਕਾਰਵਾਈ ਜਿਊਰੀ ਸਾਹਮਣੇ ਸ਼ੁਰੂ 6 ਹਫਤਿਆਂ ਲਈ ਲਗਾਤਾਰ ਸ਼ੁਰੂ ਹੋ ਗਈ ਹੈ। ਇਸ ਮਾਮਲੇ ਵਿੱਚ ਜਿਨ੍ਹਾਂ ਪੰਜਾਬੀਆਂ ‘ਤੇ ਕੇਸ ਦਰਜ ਕੀਤਾ ਗਿਆ, ਉਨ੍ਹਾਂ ਵਿੱਚ ਦਲਜੀਤ ਸਿੰਘ, ਗੁਰਿੰਦਰ ਅਟਵਾਲ, ਦਵਿੰਦਰ ਸਿੰਘ, ਮਨਦੀਪ ਸਿੰਘ, ਵਰਿੰਦਰ ਸਿੰਘ, ਪਰਮਜੀਤ ਸਿੰਘ, ਮਲਕੀਤ ਸਿੰਘ ਅਤੇ ਹਰਮੇਸ਼ ਸਿੰਘ ਹਨ। ਹਾਈ ਕੋਰਟ ‘ਚ ਟਰਾਇਲ ਸਮੇਂ ਲੇਬਰ ਪਾਰਟੀ ਦੇ ਉਮੀਦਵਾਰ ਸ. ਦਲਜੀਤ ਸਿੰਘ ‘ਤੇ 20 ਅਰੋਪ, ਗੁਰਿੰਦਰ ਅਟਵਾਲ ‘ਤੇ 7 ਅਤੇ 6 ਹੋਰਨਾਂ ‘ਤੇ 1 ਤੋਂ ਲੈ ਕੇ 3 ਤੱਕ ਅਰੋਪ ਲਾਏ ਗਏ ਹਨ।
ਕਰਾਉਨ ਦੇ ਵਕੀਲ ਰੌਬਿਨ ਮੈਕਕਿਊਬਰੇ ਨੇ ਜਿਊਰੀ ਨੂੰ ਦੱਸਿਆ…. ਕਿ ਜਿਹੜੇ ਜਾਹਲੀ ਪੇਪਰ ਤਿਆਰ ਕੀਤੇ ਸਨ ਉਹ ਹਲਕੇ ਅਤੇ ਆਕਲੈਂਡ ਤੋਂ ਬਾਹਰ ਦੇ ਪਤਿਆਂ ਨੂੰ ਬਦਲ ਕੇ ਊਟਾਰਾ ਅਤੇ ਪਾਪਾਟੋਏਟੋਏ ‘ਤੇ ਬਦਲਿਆ ਗਿਆ, ਜਿਸ ਹਲਕੇ ਤੋਂ ਦਲਜੀਤ ਸਿੰਘ ਲੇਬਰ ਪਾਰਟੀ ਵਲੋਂ ਉਮੀਦਵਾਰ ਸਨ। ਇਲੈਕਸ਼ਨ ਇਲੈਕਟਰੋਲ ਕਮਿਸ਼ਨ ਨੇ ਇਨ੍ਹਾਂ ਪਤਿਆਂ ਨੂੰ ਬਦਲਣ ਦੇ ਮਾਮਲੇ ਦਾ ਨੋਟਿਸ ਲਿਆ। ਇਹ ਜਿਨੇ ਵੀ ਪਤੇ ਬਦਲੇ ਸਨ ਉਹ ਲਗਭਗ ਸਾਰੇ ਹੀ ਸਿੱਖ ਭਾਈਚਾਰੇ ਨਾਲ ਸਬੰਧ ਰੱਖਦੇ ਸਨ। 12 ਮੈਂਬਰੀ ਜਿਊਰੀ ਵਿੱਚ 10 ਔਰਤਾਂ ਅਤੇ 2 ਮਰਦ ਮੈਂਬਰ ਹਨ ਜੋ ਇਸ ਮਾਮਲੇ ਦੀ ਸੁਣਵਾਈ ਕਰ ਰਹੇ ਹਨ ਅਤੇ ਇਹ ਸੁਣਵਾਈ ਲਗਾਤਾਰ 6 ਹਫਤੇ ਚੱਲੇਗੀ। ਜਿਸ ਵਿੱਚ ਜਿਊਰੀ ਸਾਹਮਣੇ 200 ਤੋਂ ਵੱਧ ਗਵਾਹੀ ਦਸਤਾਵੇਜ਼ ਸਬੂਤ ਵਜੋਂ ਪੇਸ਼ ਕੀਤੇ ਜਾਣਗੇ।