ਆਨਲਾਈਨ ਸ਼ਤਰੰਜ ਓਲੰਪਿਆਡ: ਭਾਰਤ ਇਤਿਹਾਸ ਸਿਰਜਦੇ ਹੋਏ ਰੂਸ ਨਾਲ ਸਾਂਝੇ ਤੌਰ ‘ਤੇ ਪਹਿਲੀ ਬਾਰ ਚੈਂਪੀਅਨ ਬਣਿਆ

ਚੇਨਈ, 30 ਅਗਸਤ – ਆਨਲਾਈਨ ਸ਼ਤਰੰਜ ਓਲੰਪਿਆਡ 2020 ਦੇ ਫਾਈਨਲ ਮੁਕਾਬਲੇ ਵਿੱਚ ਭਾਰਤ ਤੇ ਰੂਸ ਨੂੰ ਸਾਂਝਾ ਜੇਤੂ ਐਲਾਨਿਆ ਗਿਆ ਹੈ। ਭਾਰਤ ਨੇ ਪਹਿਲੀ ਵਾਰ ਇਸ ਚੈਂਪੀਅਨਸ਼ਿਪ ਵਿੱਚ ਜਿੱਤ ਦਰਜ ਕਰਕੇ ਇਤਿਹਾਸ ਸਿਰਜ ਦਿੱਤਾ ਗਿਆ। ਜਦੋਂ ਕਿ ਰੂਸ ਨੇ ਇਸ ਨੂੰ 24 ਵਾਰ (18 ਵਾਰ ਸੋਵੀਅਤ ਸੰਘ) ਜਿੱਤਿਆ ਹੈ।
ਸ਼ਤਰੰਜ ਓਲੰਪਿਆਡ ਦੇ ਫਾਈਨਲ ਮੁਕਾਬਲੇ ਦੇ ਦੂਜੇ ਰਾਊਂਡ ਦੌਰਾਨ ਅਜਿਹਾ ਵਾਪਰਿਆ। ਮੈਚ ਦੌਰਾਨ ਇੰਟਰਨੈੱਟ ਕੁਨੈਕਸ਼ਨ ਦੇ ਵਿਗੜਨ ਤੇ ਸਰਵਰ ‘ਚ ਤਕਨੀਕੀ ਨੁਕਸ ਪੈਣ ਕਰਕੇ ਦੋਵਾਂ ਦੇਸ਼ਾਂ ਨੂੰ ਸਾਂਝਾ ਜੇਤੂ ਐਲਾਨਣ ਦਾ ਇਹ ਫ਼ੈਸਲਾ ਲਿਆ ਗਿਆ। ਹਾਲਾਂਕਿ ਸਰਵਰ ਵਿੱਚ ਨੁਕਸ ਪੈਣ ਕਰਕੇ ਦੋ ਭਾਰਤੀ ਖਿਡਾਰੀਆਂ ਨਿਹਾਲ ਸਰੀਨ ਤੇ ਵਿੱਦਿਆ ਦੇਸ਼ਮੁਖ ਦੇ ਸਮੇਂ ਤੋਂ ਪਛੜਨ ਕਰਕੇ ਸ਼ੁਰੂਆਤ ਵਿੱਚ ਰੂਸ ਨੂੰ ਜੇਤੂ ਐਲਾਨ ਦਿੱਤਾ ਗਿਆ ਸੀ। ਭਾਰਤ ਵੱਲੋਂ ਜਤਾਏ ਰੋਸ ਮਗਰੋਂ ਇਸ ਵਿਵਾਦਿਤ ਫ਼ੈਸਲੇ ‘ਤੇ ਨਜ਼ਰਸਾਨੀ ਕਰਦਿਆਂ ਦੋਵਾਂ ਮੁਲਕਾਂ ਨੂੰ ਸਾਂਝਾ ਜੇਤੂ ਐਲਾਨ ਦਿੱਤਾ ਗਿਆ। ਦੱਸਦੀਏ ਕਿ ਇਹ ਪਹਿਲੀ ਵਾਰ ਹੈ ਜਦੋਂ ਇੰਟਰਨੈਸ਼ਨਲ ਸ਼ਤਰੰਜ ਫੈਡਰੇਸ਼ਨ ਐੱਫਆਈਡੀਈ ਨੂੰ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਓਲੰਪਿਆਡ ਆਨ ਲਾਈਨ ਫਾਰਮੈਟ ਵਿੱਚ ਕਰਵਾਉਣਾ ਪਿਆ ਹੈ।