ਆਪਣੇ ਸਮੇਂ ਦਾ ਕਬੱਡੀ ਦਾ ਧੜੱਲੇਦਾਰ ਧਾਵੀ : ਰਿੰਪਾ ਹਰਾਜ

ਗੱਲ 97-98 ਦੇ ਆਸਪਾਸ ਦੀ ਹੈ, ਜਦੋਂ ਹਰਾਜ ਪਿੰਡ ਵਾਲੇ ਰਿੰਪੇ ਦੀ ਕਬੱਡੀ ਦੇ ਮੈਦਾਨਾਂ ਅੰਦਰ ਤੂਤੀ ਬੋਲਦੀ ਸੀ, ਜਿਸ ਨੇ ਇਸ ਸ਼ੀਹਣੀ ਮਾਂ ਦੇ ਸ਼ੇਰ ਪੁੱਤ ਦੀ ਖੇਡ ਦੇਖੀ ਆਂ, ਉਹ ਰਿੰਪੇ ਦੇ ਗਿੱਟਾ ਛੁਡਾਉਣ ਦੇ ਸਟਾਈਲ ਨੂੰ ਅੱਜ ਵੀ ਯਾਦ ਕਰਦੇ ਹੋਣਗੇ। ਹਰੇਕ ਖਿਡਾਰੀ ਆਪਣੇ ਕਿਸੇ ਨਾ ਕਿਸੇ ਵਿਸ਼ੇਸ਼ ਦਾਅ ਕਰਕੇ ਖੇਡ ਜਗਤ ਵਿੱਚ ਜਾਣਿਆ ਜਾਂਦਾ ਹੈ, ਇਸੇ ਤਰ੍ਹਾਂ ਰਿੰਪਾ ਵੀ ਜਦੋਂ ਰੇਡ ਪਾਉਂਦਾ ਤਾਂ ਜੇ ਜਾਫੀ ਉਸ ਦਾ ਗਿੱਟਾ ਫੜ੍ਹਦਾ ਤਾਂ ਉਸ ਨੂੰ ਕਿਵੇਂ ਛੁਡਾਉਣਾ, ਇਹ ਖ਼ਾਸ ਗੁਣ ਰਿੰਪੇ ਵਿੱਚ ਸੀ, ਜਦੋਂ ਉਹ ਗਿੱਟਾ ਛੁਡਾ ਕੇ ਭੱਜ ਨਿਕਲਦਾ ਤਾਂ ਦਰਸ਼ਕ ਵੀ ਅੱਸ਼-ਅੱਸ਼ ਕਰ ਉੱਠਦੇ। ਬੜੀ ਹਰਮਨ ਪਿਆਰੀ ਖੇਡ ਖੇਡੀ ਆ ਰਿੰਪੇ ਨੇ..ਬੜੇ ਹੱਸਮੁੱਖ ਸੁਭਾਅ ਦਾ ਮਾਲਕ ਰਿੰਪਾ ਜਦੋਂ ਧਰਤੀ ਮਾਂ ਨੂੰ ਟੇਕ ਕੇ ਮੱਥਾ ਵਿਰੋਧੀ ਧਿਰ ‘ਤੇ ਧਾਵਾ ਬੋਲਦਾ ਤਾਂ ਇਕ ਵਾਰ ਤਾਂ ਚਾਰੇ ਜਾਫੀਆਂ ਦੀ ਧੜਕਣ ਤੇਜ਼ ਕਰ ਦਿੰਦਾ ਤੇ ਫਿਰ ਪੋਲਾ ਜਿਹਾ ਟੱਚ ਕਰਕੇ ਤੂਫ਼ਾਨ ਵਾਂਗੂੰ ਸ਼ੂਕਦਾ ਜਾਂਦਾ। ਬੇਸ਼ੱਕ ਅੱਜ ਰਿੰਪਾ ਸਾਬਕਾ ਖਿਡਾਰੀ ਹੈ, ਪਰ ਅੱਜ ਵੀ ਖੇਡ ਜਗਤ ਵਿੱਚ ਉਸ ਦਾ ਮਾਣ-ਸਨਮਾਨ ਬਰਕਰਾਰ ਹੈ। ਪਿੰਡ ਹਰਾਜ ਤਲਵੰਡੀ ਭਾਈ ਦੇ ਨਜ਼ਦੀਕ ਤੇ ਫਿਰੋਜ਼ਪੁਰ ਜ਼ਿਲ੍ਹੇ ਦੀ ਬੁੱਕਲ ਵਿੱਚ ਵਸਿਆ ਪਿੰਡ ਹੈ। ਇੱਥੋਂ ਦੇ ਵਸਨੀਕ ਸ. ਗੁਰਦੇਵ ਸਿੰਘ ਤੇ ਮਾਤਾ ਸ੍ਰੀਮਤੀ ਸੁਰਜੀਤ ਕੌਰ ਨੇ ਕਦੇ ਸੋਚਿਆ ਨਹੀਂ ਸੀ ਕਿ ਉਨ੍ਹਾਂ ਦਾ ਪੁੱਤਰ ਗੁਰਪ੍ਰੀਤ ਸਿੰਘ ਇਕ ਦਿਨ ਖੇਡ ਜਗਤ ਵਿੱਚ ਰਿੰਪਾ ਹਰਾਜ ਦੇ ਨਾਮ ਨਾਲ ਛਾ ਜਾਵੇਗਾ, ਇਹ ਤਾਂ ਗੁਰਪ੍ਰੀਤ ਦੀ ਸਖ਼ਤ ਮਿਹਨਤ ਦਾ ਹੀ ਨਤੀਜਾ ਸੀ, ਜੋ ਉਹ ਰਿੰਪੇ ਹਰਾਜ ਦੇ ਨਾਮ ਨਾਲ ਦੁਨੀਆ ਭਰ ‘ਚ ਪ੍ਰਸਿੱਧ ਹੋ ਗਿਆ। ਸਕੂਲ ਸਮੇਂ ਰਿੰਪਾ ਆਪਣੇ ਆੜੀਆਂ ਨਾਲ ਸਕੂਲ ਦੀ ਗਰਾਊਂਡ ਵਿੱਚ ਖੇਡਦਾ ਤੇ 1989 ‘ਚ ਉਹ 35 ਕਿੱਲੋ ਭਾਰ ਦੀ ਟੀਮ ਬਣਾ ਕੇ ਖੇਡਣ ਲੱਗਾ, ਉਹ ਛੋਟੀ ਉਮਰ ਵਿੱਚ ਹੀ ਅਜਿਹੇ ਦਾਅ ਲਾਉਣ ਲੱਗ ਪਿਆ ਕਿ ਪਿੰਡ ਵਾਸੀਆਂ ਨੂੰ ਯਕੀਨ ਹੋ ਗਿਆ ਕਿ ਇਕ ਦਿਨ ਉਹ ਪਿੰਡ ਦਾ ਨਾਮ ਜ਼ਰੂਰ ਚਮਕਾਵੇਗਾ, ਫਿਰ ਹੌਲੀ-ਹੌਲੀ ਰਿੰਪਾ 48-57 ਕਿੱਲੋ ਭਾਰ ਵਿੱਚ ਖੇਡਣ ਜਾਂਦਾ ਤੇ ਕਾਫ਼ੀ ਦੂਰ-ਦੂਰ ਤੱਕ ਪ੍ਰਸਿੱਧ ਹੋ ਗਿਆ। ਜਦੋਂ ਉਹ 62 ਕਿੱਲੋ ਭਾਰ ਵਿੱਚ ਖੇਡਿਆ ਤਾਂ ਧੰਨ-ਧੰਨ ਕਰਵਾ ਦਿੱਤੀ। ਚਕਰ, ਵਕੀਲਾਂ ਵਾਲਾ, ਕੜਿਆਲ, ਲੁਹਾਰਾ, ਸੋਢੀਵਾਲਾ, ਮਹੀਆਂ ਵਾਲਾ, ਕੋਟ ਕਰੋੜ, ਹਠੂਰ, ਪਿੱਪਲੀ, ਢੁੱਡੀਕੇ, ਭਿੰਡਰ ਕਲਾਂ, ਮੱਲੇਸ਼ਾਹ ਗੱਲ ਕੀ ਅਜਿਹਾ ਕੋਈ ਟੂਰਨਾਮੈਂਟ ਨਹੀਂ, ਜਿਹੜਾ ਰਿੰਪੇ ਹੋਰਾਂ ਨੇ ਨਾ ਜਿੱਤਿਆ ਹੋਵੇ। ਪ੍ਰਸਿੱਧ ਕਬੱਡੀ ਖਿਡਾਰੀ ਤੇ ਕੋਚ ਮੱਖਣ ਸਿੰਘ ਡੀਪੀ ਹੋਰਾਂ ਦੀ ਅਗਵਾਈ ਵਿੱਚ 1999 ਵਿੱਚ ਇੰਟਰਨੈਸ਼ਨਲ ਕਬੱਡੀ ਕਲੱਬ ਮੋਗਾ ਦੀ ਸਥਾਪਨਾ ਹੋਈ। ਇਸ ਕਲੱਬ ਵਿੱਚ ਪ੍ਰਸਿੱਧ ਖਿਡਾਰੀ ਸ਼ਾਮਲ ਕੀਤੇ ਗਏ। ਜਿਨ੍ਹਾਂ ਵਿਚੋਂ ਰਿੰਪਾ ਹਰਾਜ, ਸੀਰਾ ਬੁੱਘੀਪੁਰਾ, ਜੱਸ ਗਗੜਾ, ਬੱਬੂ ਭੜਾਣਾ, ਬਬਲੀ ਚੜਿੱਕ, ਗੀਜਾ ਗੱਜਣਵਾਲਾ, ਗੋਰਾ ਗੋਲੇਵਾਲਾ, ਜਿੱਥੇ ਉਹ ਗੱਭਰੂ ਖੇਡਦੇ ਮੇਲਾ ਲੁੱਟ ਲੈਂਦੇ। ਇਸ ਕਲੱਬ ਨੇ ਅਨੇਕਾਂ ਖੇਡ ਮੇਲਿਆਂ ‘ਤੇ ਅਜਿਹੀ ਸ਼ਾਨਦਾਰ ਖੇਡ ਵਿਖਾਈ ਕਿ ਦਰਸ਼ਕਾਂ ਦੇ ਦਿਲ ਜਿੱਤ ਲੈਂਦੀ। ਰਿੰਪੇ ਦੀ ਪੂਰੀ ਚੜ੍ਹਤ ਸੀ ਇਸ ਟਾਈਮ ਖੇਡ ਮੇਲਿਆਂ ‘ਚ…। ਫਿਰ ਰਿੰਪੇ ਨੇ ਜਸਵੰਤ ਸਿੰਘ ਕੋਚ ਦੀ ਅਗਵਾਈ ਹੇਠ ਗੁਰੂ ਨਾਨਕ ਕਾਲਜ ਮੋਗਾ ਵੱਲੋਂ ਖੇਡਦਿਆਂ 4 ਸਾਲ ਇੰਟਰ ਯੂਨੀਵਰਸਿਟੀ ਖੇਡ ਕੇ ਅਨੇਕਾਂ ਮਾਣ-ਸਨਮਾਨ ਜਿੱਥੇ ਹਾਸਲ ਕੀਤੇ, ਉੱਥੇ ਆਪਣੇ ਪਿੰਡ ਦੇ ਨਾਮ ਦੇਸ਼ਾਂ-ਵਿਦੇਸ਼ਾਂ ਵਿੱਚ ਉੱਚਾ ਕੀਤਾ। ਅਨੇਕਾਂ ਮਾਣ ਸਨਮਾਨ ਹਾਸਲ ਕੀਤੇ, ਅਨੇਕਾਂ ਟੂਰਨਾਮੈਂਟ ਜਿੱਤੇ। ਕਬੱਡੀ ਰਿੰਪੇ ਹੋਰਾਂ ਦੇ ਸਰੀਰ ਵਿੱਚ ਖ਼ੂਨ ਵਾਂਗ ਰਚੀ ਸੀ। ਸਾਲ 1999-2000 ਵਿੱਚ ਰਿੰਪੇ ਹੋਰਾਂ ਦੀ ਟੀਮ ਮਲੇਸ਼ੀਆ, ਥਾਈਲੈਂਡ ਤੇ ਹੋਰ ਦੇਸ਼ਾਂ ‘ਚ ਖੇਡਣ ਲਈ ਗਈ। ਇੰਨੀ ਦਿਨੀਂ ਰਿੰਪੇ ਦੀ ਖੇਡ ਅਸਮਾਨੀ ਚੜ੍ਹੀ ਸੀ। ਲੋਕ ਉਸ ਦੀ ਰੇਡ ‘ਤੇ ਸ਼ਰਤਾਂ ਲਾਉਂਦੇ, ਚੰਗੇ-ਚੰਗੇ ਜਾਫੀਆਂ ਨੂੰ ਰਿੰਪਾ ਟਿੱਚ ਜਾਣਦਾ। ਹੰਸੂ-ਹੰਸੂ ਕਰਦਾ ਚਿਹਰਾ ਤੇ ਸਰੀਰ ਵਿੱਚ ਲੋਹੜੇ ਦੀ ਫੁਰਤੀ ਦੇ ਮਾਲਕ ਰਿੰਪਾ ਹਰਾਜ ਦਾ ਸ਼ੇਖ ਦੌਲਤ, ਮਹੀਆਂ ਵਾਲਾ, ਘੁਮਿਆਰਾ, ਚੰਦ ਨਵਾਂ, ਕਾਉਂਕੇ ਕਲਾਂ ਤੇ ਹੋਰ ਖੇਡ ਕਲੱਬਾਂ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਲੰਢੇਕੇ ਦੀ ਧਰਤੀ ‘ਤੇ 10 ਜਨਵਰੀ 2008 ਨੂੰ ਹੋਏ ਗੋਲਡ ਕਬੱਡੀ ਕੱਪ ‘ਤੇ ਕਬੱਡੀ ਪ੍ਰਮੋਟਰ ਕਰਮਪਾਲ ਸਿੱਧੂ ਕੈਨੇਡਾ, ਮੇਜਰ ਭਲੂਰ ਤੇ ਪ੍ਰਸਿੱਧ ਖਿਡਾਰੀ ਗੀਜਾ ਗੱਜਣਵਾਲਾ ਵੱਲੋਂ ਰਿੰਪੇ ਨੂੰ ਬੁਲਟ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ। ਸਾਡੀ ਵੀ ਹਮੇਸ਼ਾ ਇਹੀ ਕੋਸ਼ਿਸ਼ ਰਹੀ ਹੈ ਕਿ ਜਿੱਥੇ ਅਸੀਂ ਮੌਜੂਦਾ ਖੇਡ ਰਹੇ ਖਿਡਾਰੀਆਂ ਬਾਰੇ ਪਾਠਕਾਂ ਨਾਲ ਸਾਂਝ ਪਾਈਦੀ ਹੈ, ਉੱਥੇ ਪੁਰਾਣੇ ਖਿਡਾਰੀਆਂ ਬਾਰੇ ਜ਼ਿਕਰ ਕਰਦੇ ਰਹਿੰਦੇ ਹਨ, ਬਹੁਤ ਖਿਡਾਰੀ ਬਜ਼ੁਰਗ ਹੋ ਚੁੱਕੇ ਹਨ, ਜਿਨ੍ਹਾਂ ਦੀ ਕੋਈ ਬਾਤ ਨਹੀਂ ਪੁੱਛਦਾ, ਉਨ੍ਹਾਂ ਨੂੰ ਵੀ ਅਸੀਂ ਪਾਠਕਾਂ ਨਾਲ ਮਿਲਾਉਂਦੇ ਹਾਂ ਤੇ ਉਨ੍ਹਾਂ ਦੀਆਂ ਮਾਰੀਆਂ ਮੱਲਾਂ ਬਾਰੇ ਵੀ ਜਾਣਕਾਰੀ ਸਾਂਝੀ ਕਰਦੇ ਹਾਂ ਤੇ ਰਿੰਪਾ ਹਰਾਜ ਅੱਜ-ਕੱਲ੍ਹ ਬੇਸ਼ੱਕ ਕਬੱਡੀ ਨਹੀਂ ਖੇਡਦਾ, ਉਹ ਕੈਨੇਡਾ ਦੀ ਧਰਤੀ ‘ਤੇ ਆਪਣੇ ਪਰਿਵਾਰ ਨਾਲ ਖ਼ੁਸ਼ੀ-ਖ਼ੁਸ਼ੀ ਜ਼ਿੰਦਗੀ ਬਤੀਤ ਕਰ ਰਿਹਾ ਹੈ, ਪਰ ਫਿਰ ਵੀ ਫਿਟਨਿਸ ਲਈ ਗਰਾਊਂਡ ਵਿੱਚ ਵੀ ਮਿਹਨਤ ਕਰਦਾ ਹੈ। ਰੱਬ ਰਾਜ਼ੀ ਰੱਖੇ ਕਬੱਡੀ ਦੇ ਇਨ੍ਹਾਂ ਅਣਮੁੱਲੇ ਹੀਰਿਆਂ ਨੂੰ..।