ਆਮਦਨ ਕਰ ਵਿਭਾਗ ਵੱਲੋਂ 3500 ਕਰੋੜ ਦੀਆਂ ਬੇਨਾਮੀ ਜਾਇਦਾਦਾਂ ਜ਼ਬਤ

ਨਵੀਂ ਦਿੱਲੀ, 11 ਜਨਵਰੀ – ਆਮਦਨ ਕਰ ਵਿਭਾਗ ਨੇ ਬੇਨਾਮੀ ਪ੍ਰਾਪਰਟੀ ਕਾਨੂੰਨ ਤਹਿਤ ਕਾਰਵਾਈ ਕਰਦਿਆਂ 900 ਤੋਂ ਵੱਧ ਬੇਨਾਮੀ ਜਾਇਦਾਦਾਂ ਜ਼ਬਤ ਕੀਤੀਆਂ ਹਨ ਜਿਨ੍ਹਾਂ ਦੀ ਕੀਮਤ 3500 ਕਰੋੜ ਰੁਪਏ ਤੋਂ ਵੱਧ ਦੀ ਬਣਦੀ ਹੈ। ਆਮਦਨ ਕਰ ਵਿਭਾਗ ਵੱਲੋਂ 900 ਤੋਂ ਵੱਧ ਕੇਸਾਂ ‘ਚ ਕੀਤੀ ਗਈ ਇਸ ਕਾਰਵਾਈ ‘ਚ 2900 ਕਰੋੜ ਦੀ ਅਚੱਲ ਜਾਇਦਾਦ ਹੈ ਜਦੋਂ ਕਿ ਬਾਕੀ ਅਸਾਸੇ ਬੈਂਕ ਬੱਚਤਾਂ, ਐਫ.ਡੀ. ਆਦਿ ਦੇ ਰੂਪ ‘ਚ ਜ਼ਬਤ ਕੀਤੇ ਗਏ ਹਨ। ਆਮਦਨ ਟੈਕਸ ਵਿਭਾਗ ਨੇ ਇਹ ਅੰਕੜੇ ਜਾਰੀ ਕਰ ਕੇ ਟੈਕਸ ਚੋਰੀ ਕਰਨ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਭਵਿੱਖ ‘ਚ ਅਜਿਹੀਆਂ ਕਾਰਵਾਈਆਂ ਦੀ ਗਿਣਤੀ ‘ਚ ਹੋਰ ਵਾਧਾ ਹੋਵੇਗਾ। ਗੌਰਤਲਬ ਹੈ ਕਿ ਬੇਨਾਮੀ ਜਾਇਦਾਦ ਉਸ ਜਾਇਦਾਦ ਨੂੰ ਮੰਨਿਆ ਜਾਂਦਾ ਹੈ ਜਿਸ ਦੀ ਕੋਈ ਕਾਨੂੰਨੀ ਮਲਕੀਅਤ ਨਾ ਹੋਵੇ ਜਾਂ ਕਿਸੇ ਫ਼ਰਜ਼ੀ ਨਾਂਅ ‘ਤੇ ਲਈ ਗਈ ਹੋਵੇ। ਆਮਦਨ ਟੈਕਸ ਵਿਭਾਗ ਨੇ ਕਿਹਾ ਕਿ ਬੇਨਾਮੀ ਜਾਇਦਾਦ ‘ਤੇ ਰੋਕ ਸਬੰਧੀ ਐਕਟ 1 ਨਵੰਬਰ 2016 ਤੋਂ ਲਾਗੂ ਹੋਇਆ ਸੀ ਅਤੇ ਇਸ ਮਗਰੋਂ ਉਨ੍ਹਾਂ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਸ ਕਾਨੂੰਨ ਤਹਿਤ ਦੋਸ਼ੀਆਂ ਨੂੰ 7 ਸਾਲ ਤੱਕ ਦੀ ਕੈਦ ਦੀ ਸਜਾ ਅਤੇ ਜਾਇਦਾਦ ਦੇ ਬਾਜ਼ਾਰ ਮੁੱਲ ਤੋਂ 25 ਫੀਸਦੀ ਤੱਕ ਜੁਰਮਾਨਾ ਲਾਇਆ ਜਾ ਸਕਦਾ ਹੈ।