ਆਰਚੀਜ਼ ਕੰਪਨੀ ਵੱਲੋਂ ਰੱਖੜੀ ਦੇ ਵਧਾਈ ਕਾਰਡ ਤੇ ਸਿੱਖ ਗੁਰੂਆਂ ਦੀ ਫ਼ੋਟੋ ਛਾਪਣ ਤੇ ਦਿੱਲੀ ਕਮੇਟੀ ਨੇ ਕਾਨੂੰਨੀ ਨੋਟਿਸ ਭੇਜਿਆ

7 ਦਿਨਾਂ ‘ਚ ਮੁਆਫ਼ੀ ਮੰਗਣ ਦੀ ਦਿੱਤੀ ਸਲਾਹ, ਰੱਖੜੀ ਦਾ ਸਬੰਧ ਸਿੱਖ ਧਰਮ ਨਾਲ ਹੋਣ ਤੋਂ ਕੀਤਾ ਇਨਕਾਰ
ਨਵੀਂ ਦਿੱਲੀ, 27 ਜੁਲਾਈ – ਤਿਉਹਾਰਾਂ ‘ਤੇ ਵਧਾਈ ਕਾਰਡ ਛਾਪ ਕੇ ਵੇਚਣ ਵਾਲੀ ਆਰਚੀਜ਼ ਕੰਪਨੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਨੂੰਨੀ ਨੋਟਿਸ ਭੇਜਿਆ ਹੈ। ਦਰਅਸਲ ਆਰਚੀਜ਼ ਗੈਲਰੀ ਵਿੱਚ ਰੱਖੜੀ ਦੇ ਤਿਉਹਾਰ ਮੌਕੇ ਕੰਪਨੀ ਵੱਲੋਂ ਵੇਚੇ ਜਾ ਰਹੇ ਵਧਾਈ ਕਾਰਡਾਂ ਉੱਪਰ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਬੇਬੇ ਨਾਨਕੀ ਜੀ ਅਤੇ ਸ਼੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਛਾਪ ਕੇ ਰੱਖੜੀ ਦੀ ਵਧਾਈ ਦਿੱਤੀ ਜਾ ਰਹੀ ਹੈ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਰੱਖੜੀ ਦੇ ਤਿਉਹਾਰ ਨਾਲ ਸਿੱਖ ਗੁਰੂਆਂ ਨੂੰ ਜੋੜਨ ਦੀ ਕੀਤੀ ਗਈ ਕੋਸ਼ਿਸ਼ ਨੂੰ ਨਾ ਕਾਬਲੇ ਬਰਦਾਸ਼ਤ ਦੱਸਿਆ ਹੈ। ਪ੍ਰਧਾਨ ਜੀ.ਕੇ. ਦੇ ਵਕੀਲ ਲਖਮੀਚੰਦ ਵੱਲੋਂ ਆਰਚੀਜ਼ ਕੰਪਨੀ ਅਤੇ ਉਸ ਦੇ ਮਾਲਕ ਅਨਿਲ ਮੂਲਚੰਦਾਨੀ ਨੂੰ ਭੇਜੇ ਗਏ ਨੋਟਿਸ ਵਿੱਚ ਕੰਪਨੀ ਦੇ ਇਸ ਕਾਰਜ ਕਰਕੇ ਸੰਸਾਰ ਭਰ ਵਿੱਚ ਵੱਸਦੇ ਸਿੱਖ ਭਾਈਚਾਰੇ ਦੀ ਭਾਵਨਾਵਾਂ ਨੂੰ ਸੱਟ ਲੱਗਣ ਦਾ ਦਾਅਵਾ ਕੀਤਾ ਗਿਆ ਹੈ। ਨੋਟਿਸ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਸੰਸਾਰ ਦਾ ਸਭ ਤੋਂ ਮਹਾਨ ਧਾਰਮਿਕ ਖੋਜਕਾਰ ਦੱਸਦੇ ਹੋਏ ਗੁਰੂ ਸਾਹਿਬ ਵੱਲੋਂ ਇੱਕ ਪ੍ਰਮਾਤਮਾ ਦੀ ਬੰਦਗੀ ਸਹਾਰੇ ਸਮੁੱਚੀ ਮਾਨਵਤਾ ਨੂੰ ਪਿਆਰ ਕਰਨ ਦੇ ਦੱਸੇ ਗਏ ਸਿਧਾਂਤ ਦਾ ਹਵਾਲਾ ਦਿੱਤਾ ਗਿਆ ਹੈ।
ਗੁਰੂ ਸਾਹਿਬ ਵੱਲੋਂ ਧਾਰਮਿਕ, ਸਮਾਜਿਕ ਅਤੇ ਸਿਆਸੀ ਤਾਣੇ-ਬਾਣੇ ਵਿੱਚ ਬਰਾਬਰਤਾ, ਪਿਆਰ, ਖ਼ੁਸ਼ਹਾਲੀ ਨੂੰ ਵੰਡਣ ਦੇ ਦਿੱਤੇ ਗਏ ਸੁਨੇਹੇ ਦਾ ਵੀ ਜ਼ਿਕਰ ਕੀਤਾ ਗਿਆ ਹੈ। ਨੋਟਿਸ ‘ਚ ਗੁਰੂ ਨਾਨਕ ਦੇਵ ਜੀ ਵੱਲੋਂ ਆਪਣੇ ਬਾਲ ਕਾਲ ਵਿੱਚ ਜਨੇਊ ਨੂੰ ਧਾਰਣ ਕਰਨ ਤੋਂ ਮਨਾ ਕੀਤੇ ਜਾਣ ਦੀ ਜਾਣਕਾਰੀ ਦਿੰਦੇ ਹੋਏ ਬੇਬੇ ਨਾਨਕੀ ਜੀ ਵੱਲੋਂ ਗੁਰੂ ਸਾਹਿਬ ਨੂੰ ਰੱਖੜੀ ਬੰਨ੍ਹਣ ਦੀ ਵਧਾਈ ਕਾਰਡ ਤੇ ਛਾਪੀ ਗਈ ਤਸਵੀਰ ਨੂੰ ਗਲਤ ਤੇ ਮਨੋ ਕਲਪਿਤ ਦੱਸਿਆ ਗਿਆ ਹੈ। ਨੋਟਿਸ ਵਿੱਚ ਕੰਪਨੀ ਨੂੰ ਸਵਾਲ ਕੀਤਾ ਗਿਆ ਹੈ ਕਿ ਜੇਕਰ ਗੁਰੂ ਸਾਹਿਬ ਨੇ ਕੱਚੇ ਧਾਗੇ ਦੇ ਜਨੇਊ ਨੂੰ ਧਾਰਣ ਕਰਨ ਦੀ ਬਜਾਏ ਆਤਮਾ ਨੂੰ ਸ਼ੁੱਧ ਕਰਨ ਤੇ ਜੋਰ ਦਿੱਤਾ ਸੀ ਤਾਂ ਫਿਰ ਕਿਵੇਂ ਗੁਰੂ ਸਾਹਿਬ ਖ਼ੁਦ ਕੱਚੇ ਧਾਗੇ ਦੀ ਰੱਖੜੀ ਨੂੰ ਪ੍ਰਵਾਨ ਕਰ ਸਕਦੇ ਹਨ ?
ਨੋਟਿਸ ‘ਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਸਿਰਜ ਕੇ ਸਿੱਖ ਧਰਮ ਵਿਚ ਇਸਤਰੀਆਂ ਨੂੰ ਮਰਦਾਂ ਦੇ ਬਰਾਬਰ ਸ਼ਸਤਰ ਧਾਰਣ ਕਰਨ ਦੇ ਦਿੱਤੇ ਗਏ ਅਧਿਕਾਰ ਦਾ ਹਵਾਲਾ ਦਿੱਤਾ ਗਿਆ ਹੈ। ਭੈਣਾਂ ਵੱਲੋਂ ਭਰਾਵਾਂ ਨੂੰ ਰੱਖੜੀ ਦਾ ਧਾਗਾ ਬੰਨ੍ਹਣ ਉਪਰੰਤ ਭਰਾਂ ਵੱਲੋਂ ਭੈਣ ਨੂੰ ਰੱਖਿਆ ਦਾ ਵਚਨ ਦੇਣ ਦੀ ਸਿੱਖ ਧਰਮ ਵਿੱਚ ਕੋਈ ਰਿਵਾਇਤ ਨਾ ਹੋਣ ਦੀ ਵੀ ਗੱਲ ਕਹੀ ਗਈ ਹੈ। ਸਿੱਖ ਧਰਮ ਵਿੱਚ ਇਸਤਰੀ ਨੂੰ ਕਿਸੇ ਵੀ ਪਾਸੋਂ ਗੈਰ ਬਰਾਬਰੀ ਦਾ ਦਰਜ਼ਾਂ ਨਹੀਂ ਦਿੱਤਾ ਗਿਆ ਹੈ ਇਸ ਲਈ ਭਰਾ ਵੱਲੋਂ ਭੈਣ ਦੀ ਰੱਖਿਆ ਦੀ ਗੱਲ ਕਰਨੀ ਇਸਤਰੀਆਂ ਨੂੰ ਕਮਜ਼ੋਰ ਦਿਖਾਉਣ ਦੇ ਬਰਾਬਰ ਹੈ, ਜਿਸ ਦਾ ਸਿੱਖ ਧਰਮ ਕਦੇ ਸਮਰਥਨ ਨਹੀਂ ਕਰਦਾ। ਕੰਪਨੀ ਦੀ ਇਸ ਗ਼ਲਤੀ ਕਰਕੇ ਸਿੱਖਾਂ ਦੀ ਧਾਰਮਿਕ ਭਾਵਨਾਵਾਂ ‘ਤੇ ਸੱਟ ਲੱਗਣ ਦਾ ਦਾਅਵਾ ਕੀਤਾ ਗਿਆ ਹੈ। ਦਿੱਲੀ ਕਮੇਟੀ ਵੱਲੋਂ ਕੰਪਨੀ ਨੂੰ ਧਾਰਾ 153ਏ, 295ਏ, 499, 500, 501 ਅਤੇ 502 ਦੇ ਤਹਿਤ ਦੋਸ਼ੀ ਦੱਸਦੇ ਹੋਏ 7 ਦਿਨਾਂ ਦੇ ਵਿੱਚ ਮੁਆਫ਼ੀ ਮੰਗਣ ਦੀ ਸਲਾਹ ਦਿੱਤੀ ਗਈ ਹੈ। ਮੁਆਫ਼ੀ ਨਾ ਮੰਗਣ ਦੀ ਸੂਰਤ ਵਿੱਚ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਦੀ ਵੀ ਚੇਤਾਵਨੀ ਦਿੱਤੀ ਗਈ ਹੈ।