ਆਸਟਰੇਲੀਆ ਹਾਕੀ ਵਰਲਡ ਲੀਗ ਦੀ ਮੁੜ ਬਣੀ ਚੈਂਪੀਅਨ 

ਮੇਜ਼ਬਾਨ ਭਾਰਤ ਨੇ ਜਰਮਨੀ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ
ਭੁਵਨੇਸ਼ਵਰ, 10 ਦਸੰਬਰ – ਇੱਥੇ ਕਾਲਿੰਗਾ ਸਟੇਡੀਅਮ ਵਿਖੇ ਖੇਡੇ ਗਏ 8 ਦੇਸ਼ਾਂ ਦੇ ਹਾਕੀ ਵਰਲਡ ਲੀਗ (ਐਚਡਬਲਿਊਐਲ) ਦੇ ਫਾਈਨਲ ਮੁਕਾਬਲੇ ਵਿੱਚ ਵਰਲਡ ਚੈਂਪੀਅਨ ਆਸਟਰੇਲੀਆ ਨੇ ਉਲੰਪਿਕ ਚੈਂਪੀਅਨ ਅਰਜਨਟੀਨਾ ਨੂੰ 2-1 ਨਾਲ ਹਰਾ ਕੇ ਖ਼ਿਤਾਬ ਉੱਤੇ ਮੁੜ ਆਪਣਾ ਕਬਜ਼ਾ ਕਰ ਲਿਆ। ਜਦੋਂ ਕਿ ਮੇਜ਼ਬਾਨ ਭਾਰਤ ਨੂੰ ਕਾਂਸੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਤੀਸਰੇ ਤੇ ਚੌਥੇ ਸਥਾਨ ਦੇ ਹੋਏ ਮੁਕਾਬਲੇ ਵਿੱਚ ਭਾਰਤ ਨੇ ਜਰਮਨੀ ਨੂੰ 2-1 ਦੇ ਫ਼ਰਕ ਨਾਲ ਮਾਤ ਦਿੱਤੀ।
ਹਾਕੀ ਵਰਲਡ ਲੀਗ ਦੇ ਖ਼ਿਤਾਬੀ ਮੁਕਾਬਲੇ ਵਿੱਚ ਆਸਟਰੇਲੀਆ ਵੱਲੋਂ ਜੇਰੇਮੀ ਹੇਅਵਰਡ ਨੇ ਪੈਨਲਟੀ ਕਾਰਨਰਾਂ ਉੱਤੇ 17ਵੇਂ ਮਿੰਟ ਵਿੱਚ ਪਹਿਲਾ ਗੋਲ ਕੀਤਾ ਜਦੋਂ ਕਿ ਅਰਜਨਟੀਨਾ ਵੱਲੋਂ ਇਕਲੌਤਾ ਗੋਲ ਅਗਸਟਿਨ ਬੁਗੈਲੋ ਨੇ ਮੈਚ ਦੇ 18ਵੇਂ ਮਿੰਟ ਵਿੱਚ ਕਰਕੇ ਟੀਮ ਨੂੰ ਬਰਾਬਰੀ ਉੱਤੇ ਲਿਆ ਦਿੱਤਾ। ਪਰ ਆਸਟਰੇਲੀਆ ਦੇ ਖਿਡਾਰੀ ਬਲੇਕ ਗੋਵਰਜ਼ ਨੇ 58ਵੇਂ ਮਿੰਟ ਵਿੱਚ ਜੇਤੂ ਗੋਲ ਕਰਕੇ ਟੀਮ ਨੂੰ ਹਾਕੀ ਵਰਲਡ ਲੀਗ ਦਾ ਮੁੜ ਚੈਂਪੀਅਨ ਬਣਾਉਣ ਦੇ ਨਾਲ ਸੋਨ ਤਗਮਾ ਜਿਤਾ ਦਿੱਤਾ।

ਇਸ ਤੋਂ ਪਹਿਲਾ ਕਾਂਸੀ ਦੇ ਤਗਮੇ ਦੇ ਹੋਏ ਮੁਕਾਬਲੇ ਵਿੱਚ ਭਾਰਤੀ ਹਾਕੀ ਟੀਮ ਨੇ ਜਰਮਨੀ ਦੀ ਟੀਮ ਨੂੰ 2-1 ਨਾਲ ਹਰਾ ਕੇ ਹਾਕੀ ਵਰਲਡ ਲੀਗ ਫਾਈਨਲਜ਼ ‘ਚ ਆਪਣਾ ਕਾਂਸੀ ਦਾ ਤਗਮਾ ਕਾਇਮ ਰੱਖਿਆ ਹੈ। ਭਾਰਤ ਲਈ ਐਸਵੀ ਸੁਨੀਲ ਨੇ 21ਵੇਂ ਅਤੇ ਹਰਮਨਪ੍ਰੀਤ ਸਿੰਘ ਨੇ 54ਵੇਂ ਮਿੰਟ ‘ਚ ਜੇਤੂ ਗੋਲ ਕਰਕੇ ਟੀਮ ਨੂੰ ਕਾਂਸੀ ਦਾ ਤਗਮਾ ਜਿਤਾਇਆ, ਜਦੋਂ ਕਿ ਜਰਮਨੀ ਵੱਲੋਂ ਇਕਲੌਤਾ ਗੋਲ ਮਾਰਕ ਐਪੇਲ ਨੇ 36ਵੇਂ ਮਿੰਟ ‘ਚ ਕੀਤਾ, ਜੋ ਮੂਲ ਤੌਰ ‘ਤੇ ਗੋਲਕੀਪਰ ਹੈ, ਪਰ ਅੱਜ ਸੈਂਟਰ ਫਾਰਵਰਡ ਖੇਡਣ ਲਈ ਮਜਬੂਰ ਸੀ, ਕਿਉਂਕਿ ਜਰਮਨੀ ਦੀ ਟੀਮ ਦੇ ਬਹੁਤੇ ਖਿਡਾਰੀ ਫਿਟਨੈੱਸ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਸਨ।
ਜਰਮਨੀ ਦੇ ਖਿਡਾਰੀਆਂ ਦੀ ਫਿਟਨੈੱਸ ਦੀਆਂ ਸਮੱਸਿਆਵਾਂ ਕਾਰਨ ਉਸ ਨੂੰ ਆਪਣੀ ਬੈਂਚ ਸਟ੍ਰੈਂਥ ਨਾਲ ਉੱਤਰਨਾ ਪਿਆ। ਭਾਰਤ ਨੇ ਅੱਜ ਬਿਹਤਰ ਪ੍ਰਦਰਸ਼ਨ ਕੀਤਾ, ਪਰ ਸਮੇਂ ਨੇ ਜਰਮਨੀ ਦਾ ਸਾਥ ਨਹੀਂ ਦਿੱਤਾ ਜਿਸ ਲਈ 11 ਖਿਡਾਰੀ ਵੀ ਮੈਦਾਨ ‘ਤੇ ਉਤਾਰਨੇ ਮੁਸ਼ਕਿਲ ਹੋ ਗਏ ਸੀ। ਇਸ ਮੈਚ ‘ਚ ਜਰਮਨੀ ਨੂੰ 7 ਪੈਨਲਟੀ ਕਾਰਨਰ ਮਿਲੇ, ਪਰ ਉਹ ਇੱਕ ਨੂੰ ਵੀ ਗੋਲ ‘ਚ ਤਬਦੀਲ ਨਾ ਕਰ ਸਕੀ। ਭਾਰਤੀ ਕੋਚ ਮਾਰੀਨੇ ਨੇ ਕਿਹਾ ਕਿ ਇਸ ਜਿੱਤ ਤੋਂ ਬਾਅਦ ਉਨ੍ਹਾਂ ਦੀ ਟੀਮ ਵੱਲੋਂ ਕਾਮਨ ਵੈਲਥ, ਹਾਕੀ ਵਰਲਡ ਕੱਪ ਤੇ ਏਸ਼ੀਆਈ ਖੇਡਾਂ ਲਈ ਤਿਆਰੀ ਸ਼ੁਰੂ ਕੀਤੀ ਜਾਣਗੀਆਂ। ਜ਼ਿਕਰਯੋਗ ਹੈ ਕਿ ਭਾਰਤ ਨੇ ਇਸ ਟੂਰਨਾਮੈਂਟ ਵਿੱਚ ਦੂਜੀ ਵਾਰ ਤਗਮਾ ਜਿੱਤਿਆ ਹੈ, ਇਸ ਤੋਂ ਪਹਿਲਾਂ ਪਿਛਲੀ ਵਾਰ 2014-15 ਵਿੱਚ ਰਾਏਪੁਰ ਵਿਖੇ ਹੋਏ ਟੂਰਨਾਮੈਂਟ ‘ਚ ਵੀ ਕਾਂਸੀ ਦਾ ਤਗਮਾ ਜਿੱਤਿਆ ਸੀ।