ਇਹ ਐ ਜੀ! ਸ. ਕਰਮਜੀਤ ਸਿੰਘ (ਦਸੂਹਾ)-ਮੈਰਿਜ ਸੈਲੀਬ੍ਰੈਂਟ

ਆਕਲੈਂਡ:- ਨਿਊਜ਼ੀਲੈਂਡ ਵੱਸਦੇ ਭਾਰਤੀ ਭਾਈਚਾਰੇ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਵੇਗੀ ਕਿ ਵੱਖ-ਵੱਖ ਵਪਾਰਿਕ ਅਦਾਰਿਆਂ, ਸਿੱਖਿਆ ਤੇ ਸਿੱਖ ਸੰਸਥਾਵਾਂ ਦੇ ਕਾਰਜਕਾਰੀ ਮੈਂਬਰ ਸ. ਕਰਮਜੀਤ ਸਿੰਘ ਦਸੂਹਾ ਸਪੁੱਤਰ ਸ. ਜੋਗਿੰਦਰ ਸਿੰਘ ਦਸੂਹਾ ਹੁਣ ਮੈਂਗਰੀ ਹਲਕੇ ਤੋਂ ‘ਮੈਰਿਜ ਸੈਲਿਬ੍ਰੈਂਟ’ ਵੀ ਬਣ ਗਏ ਹਨ। ਨਿਊਜ਼ੀਲੈਂਡ ਦੇ ਵਿਚ ਕਾਨੂੰਨੀ ਤੌਰ ‘ਤੇ ਵਿਆਹ ਤਸਦੀਕ ਕਰਨ ਵਾਲੇ ਵਿਅਕਤੀਆਂ ਨੂੰ ਰਜਿਸਟਰਾਰ ਜਨਰਲ ਵੱਲੋਂ ਮੈਰਿਜ ਐਕਟ-1955 ਦੀ ਧਾਰਾ 11 ਅਧੀਨ ਰਜਿਸਟਰਡ ਕੀਤਾ ਜਾਂਦਾ ਹੈ। ਇਸ ਦੇ ਲਈ ਉਮੀਦਵਾਰ ਦਾ ਜਸਟਿਸ ਆਫ਼ ਦਾ ਪੀਸ ਹੋਣਾ ਅਤੇ ਕਮਿਊਨਿਟੀ ਲਈ ਕੰਮ ਕਰਨ ਦੀ ਭਾਵਨਾ ਰੱਖਣਾ ਨੂੰ ਮੁੱਖ ਤੌਰ ‘ਤੇ ਵਿਚਾਰਿਆ ਜਾਂਦਾ ਹੈ। ਸ. ਕਰਮਜੀਤ ਸਿੰਘ 2001 ਦੇ ਵਿਚ ਨਿਊਜ਼ੀਲੈਂਡ ਆਏ ਸਨ, 2005 ਤੋਂ 2006 ਤੱਕ ਉਨ੍ਹਾਂ ਕਾਰ-ਯਾਰਡ ਦਾ ਵਪਾਰ ਕੀਤਾ, 2006 ਤੋਂ 2011 ਤੱਕ ਰੀਅਲ ਇਸਟੇਟ ਅਤੇ ਹੁਣ ਕਈ ਵਪਾਰਿਕ ਅਦਾਰੇ ਸਫ਼ਲਤਾ ਪੂਰਵਕ ਚਲਾ ਰਹੇ ਹਨ ਉਥੇ ‘ਕੈਜ਼ਲੀ ਇੰਟਰਮੀਡੀਏਟ ਸਕੂਲ’ ਪਾਪਾਟੋਏਟੋਏ ਦੇ ਚੁਣੇ (2009) ਹੋਏ ਟਰੱਸਟੀ, ਮੈਨੂਰੇਵਾ ਬਿਜ਼ਨਸ ਐਸੋਸੇਈਸ਼ੇਨ ਦੇ ਚੁਣੇ (2010) ਹੋਏ ਟਰੱਸਟੀ, ਕਾਰਜਕਾਰੀ ਮੈਂਬਰ ਨਿਊਜ਼ੀਲੈਂਡ ਸਿੱਖ ਸੁਸਾਇਟੀ ਤੇ ਸੰਯੁਕਤ ਸਕੱਤਰ ਸੁਪਰੀਮ ਸਿੱਖ ਕੌਂਸਿਲ ਨਿਊਜ਼ੀਲੈਂਡ ਹਨ।
ਮੇਰੇ ਬਹੁਤੇ ਜਾਣਕਾਰ ਕਰਮਾਂ ਵਾਲੇ ਕਰਮਜੀਤ ਹਨ। ਉਪਰੋਕਤ ਸ. ਕਰਮਜੀਤ ਸਿੰਘ ਧਾਰਮਿਕ ਅਤੇ ਸਮਾਜਿਕ ਖੇਤਰ ਦੀ ਸਰਗਰਮ ਸ਼ਖਸ਼ੀਅਤ ਹੈ। ਆਪਣੇ ਇਲਾਕੇ ਦੇ ਸਕੂਲ ਦੇ ਬੋਰਡ ਆਫ ਟ੍ਰਸਟੀਸ ਦਾ ਅਗਾਂਹਵਧੂ ਮੈਂਬਰ ਹੈ। ਆਪਣੇ ਵਪਾਰ ਦੇ ਨਾਲ-ਨਾਲ ਗੁਰੂ ਘਰ ਦੀ ਸੇਵਾ ਲਈ ਸਮੇਂ ਦਾ ਦਸਵੰਧ ਵੀ ਕੱਢਦੈ। ਬਣਦਾ-ਤਣਦਾ ਸਿੱਖ ਨੌਜਵਾਨ ਹੈ ਅਤੇ ਗੱਲ ਕਰਨ ਦੀ ਜਾਂਚ ਵੀ ਜਾਣਦੈ। ਪਿਛਲੇ ਦਿਨੀਂ ਉਸ ਨੇ ਸਮਾਜ ਸੇਵਾ ਖਾਤਰ ਮੈਰਿਜ ਸੈਲੀਬ੍ਰੈਂਟ ਵਾਲਾ ਰੁਤਬਾ ਹਾਸਲ ਕਰ ਲਿਐ। ਭਵਿੱਖ ਵਿੱਚ ਕੌਮ ਨੂੰ ਇਸ ਨਿਮਰ ਸਿੱਖ ਤੋਂ ਵੱਡੀਆਂ ਉਮੀਦਾਂ ਹਨ। ਅਦਾਰਾ ਕੂਕ ਸਮਾਚਾਰ ਅਤੇ ਰੇਡੀਉ ਸਪਾਈਸ ਵਲੋਂ, ਆਪਣੇ ਪਰਿਵਾਰ ਵਿੱਚ ਰੰਗੀਂ ਵਸਦੇ ਸ. ਕਰਮਜੀਤ ਸਿੰਘ ਨੂੰ ਸੁੱਭ ਇੱਛਾਵਾਂ, ‘ਸਮਰਥ ਗੁਰੂ ਸਿਰ ਹੱਥ ਧਰੇ।’