ਇੰਗਲੈਂਡ ਦਾ ਸੁਲਤਾਨ ਅਜ਼ਲਾਨ ਸ਼ਾਹ ਕੱਪ ‘ਤੇ  ਕਬਜ਼ਾ

ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ
ਇਪੋਹ (ਮਲੇਸ਼ੀਆ) – ਇੱਥੇ 6 ਮਈ ਨੂੰ 26ਵੇਂ ਸੁਲਤਾਨ ਅਜ਼ਲਾਨ ਸ਼ਹ ਹਾਕੀ ਕੱਪ ਦੇ ਫਾਈਨ ਤੋਂ ਪਹਿਲਾਂ ਖੇਡੇ ਗਏ ਤੀਸਰੇ ਤੇ ਚੌਥੇ ਸਥਾਨ ਦੇ ਮੈਚ ਵਿੱਚ ਭਾਰਤ ਨੇ ਇੱਥੇ ਨਿਊਜ਼ੀਲੈਂਡ ਨੂੰ 4-0 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤ ਲਿਆ। ਜਦੋਂ ਕਿ ਫਾਈਨਲ ਮੁਕਾਬਲੇ ਵਿੱਚ ਇੰਗਲੈਂਡ ਨੇ ਪਿਛਲੀ ਵਾਰ ਦੇ ਚੈਂਪੀਅਨ ਆਸਟਰੇਲੀਆ ਨੂੰ 8-3 ਨਾਲ ਹਰਾ ਕੇ ਕੱਪ ‘ਤੇ ਕਬਜ਼ਾ ਕੀਤਾ। ਪੰਜਵੇਂ ਤੇ ਛੇਵੇਂ ਸਥਾਨ ਲਈ ਹੋਏ ਮੁਕਾਬਲੇ ਵਿੱਚ ਮੇਲਸ਼ੀਆ ਨੇ ਪਲੇਔਫ ਵਿੱਚ ਜਪਾਨ ਨੂੰ 3-1 ਨਾਲ ਹਰਾ ਕੇ ਪੰਜਵਾਂ ਸਥਾਨ ਹਾਸਲ ਕੀਤਾ।
ਭਾਰਤ ਵੱਲੋਂ ਰੁਪਿੰਦਰਪਾਲ ਨੇ 17ਵੇਂ ਅਤੇ 27ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ‘ਤੇ ਡਰੈਗ ਫਲਿਕ ਜ਼ਰੀਏ ਗੋਲ ਕੀਤੇ। ਇਸ ਤੋਂ ਬਾਅਦ ਐੱਸ.ਵੀ. ਸੁਨੀਲ ਨੇ 48ਵੇਂ ਮਿੰਟ ਵਿੱਚ ਟੂਰਨਾਮੈਂਟ ਦਾ ਆਪਣਾ ਪਹਿਲਾ ਗੋਲ ਕੀਤਾ, ਗੌਰਤਲਬ ਹੈ ਕਿ ਸੁਨੀਲ ਪੂਰੇ ਟੂਰਨਾਮੈਂਟ ਵਿੱਚ ਗੋਲ ਨਹੀਂ ਕਰ ਸਕਿਆ। ਜਦੋਂ ਕਿ ਤਲਵਿੰਦਰ ਸਿੰਘ ਨੇ ਆਖਰੀ ਮਿੰਟ ਵਿੱਚ ਭਾਰਤ ਵਾਸਤੇ ਚੌਥਾ ਅਤੇ ਟੂਰਨਾਮੈਂਟ ਵਿੱਚ ਆਪਣਾ ਪਹਿਲਾ ਗੋਲ ਕੀਤਾ। ਭਾਰਤੀ ਟੀਮ ਪਿਛਲੇ ਸਾਲ ਇਸ ਟੂਰਨਾਮੈਂਟ ਵਿੱਚ ਆਸਟਰੇਲੀਆ ਤੋਂ ਹਾਰ ਕੇ ਉਪ ਜੇਤੂ ਰਿਹਾ ਸੀ।