ਇੰਗਲੈਂਡ ਨੇ ਭਾਰਤ ਨੂੰ 227 ਦੌੜਾਂ ਨਾਲ ਪਹਿਲਾ ਟੈੱਸਟ ਹਰਾਇਆ

ਚੇਨੱਈ, 11 ਫਰਵਰੀ – ਮੇਜ਼ਬਾਨ ਭਾਰਤ ਅਤੇ ਮਹਿਮਾਨ ਟੀਮ ਇੰਗਲੈਂਡ ਵਿਚਾਲੇ 4 ਟੈੱਸਟ ਮੈਚਾਂ ਦੀ ਸੀਰੀਜ਼ ਖੇਡੀ ਜਾ ਰਹੀ ਹੈ। ਇੱਥੇ ਪਹਿਲੇ ਟੈੱਸਟ ਮੈਚ ਦੇ ਪੰਜਵੇਂ ਅਤੇ ਅਖੀਰਲੇ ਦਿਨ 9 ਫਰਵਰੀ ਦਿਨ ਮੰਗਲਵਾਰ ਨੂੰ ਮਹਿਮਾਨ ਟੀਮ ਇੰਗਲੈਂਡ ਨੇ ਮੇਜ਼ਬਾਨ ਭਾਰਤ ਨੂੰ 227 ਦੌੜਾਂ ਨਾਲ ਹਰਾ ਕੇ 1-0 ਦੀ ਲੀਡ ਹਾਸਲ ਕਰ ਲਈ ਹੈ। ਇੰਗਲੈਂਡ ਦੀ ਜਿੱਤ ਵਿੱਚ ਵਿਸ਼ਵ ਦੇ ਸਭ ਤੋਂ ਤੇਜ਼ ਗੇਂਦਬਾਜ਼ ਜੇਮਜ਼ ਐਂਡਰਸਨ ਦੀ ਅਹਿਮ ਭੂਮਿਕਾ ਰਹੀ। ਇਸ ਜਿੱਤ ਨਾਲ ਇੰਗਲੈਂਡ ਦੀ ਵਿਸ਼ਵ ਦਰਜਾਬੰਦੀ ਵਿੱਚ ਸਥਿਤੀ ਮਜ਼ਬੂਤ ਹੋ ਗਈ ਹੈ।
ਭਾਰਤੀ ਟੀਮ ਨੂੰ ਇੰਗਲੈਂਡ ਨੇ 420 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦਾ ਪਿੱਛਾ ਕਰਦੇ ਹੋਏ ਪੰਜਵੇਂ ਤੇ ਆਖ਼ਰੀ ਦਿਨ ਦੁਪਹਿਰ ਦੇ ਖਾਣੇ ਤੱਕ ਭਾਰਤ ਦਾ ਸਕੋਰ 6 ਵਿਕਟਾਂ ਦੇ ਨੁਕਸਾਨ ‘ਤੇ 144 ਦੌੜਾਂ ਸੀ ਅਤੇ ਭਾਰਤ ਦੀ ਹਾਰ ਲਗਭਗ ਨਿਸ਼ਚਿਤ ਦਿਖਾਈ ਦੇ ਰਹੀ ਸੀ। ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਅਰਧ ਸੈਂਕੜੇ ਦਾ ਭਾਰਤੀ ਟੀਮ ਨੂੰ ਕੋਈ ਬਹੁਤਾ ਲਾਭ ਨਹੀਂ ਮਿਲਿਆ, ਕੋਹਲੀ ਦੇ ਆਊਟ ਹੋਣ ਤੋਂ ਬਾਅਦ ਇੰਗਲੈਂਡ ਦੇ ਗੇਂਦਬਾਜ਼ਾਂ ਨੇ ਭਾਰਤੀ ਖਿਡਾਰੀਆਂ ਨੂੰ ਮੈਦਾਨ ‘ਤੇ ਟਿਕਣ ਨਹੀਂ ਦਿੱਤਾ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਐਂਡਰਸ਼ਨ ਨੇ 17 ਦੌੜਾਂ ਦੇ ਕੇ 3 ਵਿਕਟਾਂ ਲਈਆਂ ਅਤੇ ਜੈਕ ਲੀਚ ਨੇ 76 ਦੌੜਾਂ ਦੇ ਕੇ 4 ਵਿਕਟਾਂ ਲਈਆਂ।
ਜ਼ਿਕਰਯੋਗ ਹੈ ਕਿ ਇੰਗਲੈਂਡ ਹੀ ਪਿਛਲੀ ਵਿਦੇਸ਼ੀ ਟੀਮ ਹੈ ਜੋ ਭਾਰਤ ਵਿੱਚ ਆ ਕੇ ਟੈੱਸਟ ਲੜੀ ਜਿੱਤਣ ਵਿੱਚ ਸਫਲ ਰਹੀ ਸੀ। ਇੰਗਲੈਂਡ ਨੇ 2012-13 ਵਿੱਚ ਮੇਜ਼ਬਾਨ ਟੀਮ ਨੂੰ 2-1 ਨਾਲ ਹਰਾਇਆ ਸੀ। ਦੂਜਾ ਟੈੱਸਟ ਮੈਚ ਇਸੇ ਸਟੇਡੀਅਮ ਵਿੱਚ 13 ਫਰਵਰੀ ਨੂੰ ਖੇਡਿਆ ਜਾਵੇਗਾ।
ਵਿਸ਼ਵ ਟੈੱਸਟ ਦਰਜਾਬੰਦੀ ‘ਚ ਭਾਰਤ ਚੌਥੇ ਸਥਾਨ ‘ਤੇ ਖਿਸਕਿਆ
ਦੁਬਈ – ਇੰਗਲੈਂਡ ਖ਼ਿਲਾਫ਼ ਚੇਨੱਈ ‘ਚ ਪਹਿਲੇ ਕ੍ਰਿਕਟ ਟੈੱਸਟ ਵਿੱਚ 227 ਦੌੜਾਂ ਦੀ ਹਾਰ ਨਾਲ ਭਾਰਤ ਵਿਸ਼ਵ ਟੈੱਸਟ ਚੈਂਪੀਅਨਸ਼ਿਪ ਦਰਜਾਬੰਦੀ ‘ਚ ਚੌਥੇ ਸਥਾਨ ‘ਤੇ ਖਿਸਕ ਗਿਆ ਹੈ। ਦੂਜੇ ਪਾਸੇ ਮਹਿਮਾਨ ਟੀਮ ਨੇ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਥਾਂ ਬਣਾਉਣ ਦੀ ਆਪਣੀ ਸੰਭਾਵਨਾ ਨੂੰ ਮਜ਼ਬੂਤ ਕੀਤਾ ਹੈ। ਲਾਰਡਸ ‘ਚ ਹੋਣ ਵਾਲੇ ਫਾਈਨਲ ਵਿੱਚ ਨਿਊਜ਼ੀਲੈਂਡ ਦੀ ਟੀਮ ਪਹਿਲਾਂ ਹੀ ਜਗ੍ਹਾ ਪੱਕੀ ਕਰ ਚੁੱਕੀ ਹੈ।