ਇੰਗਲੈਂਡ ‘ਵਰਲਡ ਕੱਪ 2019’ ਦਾ ਨਵਾਂ ਚੈਂਪੀਅਨ ਬਣਿਆ ਫਾਈਨਲ ਮੈਚ ਰਿਹਾ ਟਾਈ, ਸੁਪਰ ਓਵਰ ਵੀ ਟਾਈ, ਬਾਊਂਡਰੀ ਦੇ ਦਮ ਉੱਤੇ ਨਿਊਜ਼ੀਲੈਂਡ ਤੋਂ ਖ਼ਿਤਾਬ ਜਿੱਤਿਆ

ਲੰਡਨ, 15 ਜੁਲਾਈ – ਇੱਥੇ ਲਾਰਡਸ ਦੇ ਮੈਦਾਨ ‘ਚ 14 ਜੁਲਾਈ ਦਿਨ ਐਤਵਾਰ ਨੂੰ ਵਰਲਡ ਕੱਪ ਵਿੱਚ ਇਸ ਕਦਰ ਰੋਮਾਂਚਕ ਮੁਕਾਬਲੇ ਦਾ ਸੁਪਨਾ ਸ਼ਾਇਦ ਹੀ ਕਿਸੇ ਨੇ ਕੀਤੀ ਹੋਵੇਗੀ। ਪਹਿਲੀ ਵਾਰ ਵੰਨਡੇ ਕ੍ਰਿਕਟ ਵਰਲਡ ਕੱਪ ਟੂਰਨਾਮੈਂਟ ਦੇ ਨਾਕ ਆਊਟ ਮੁਕਾਬਲਿਆਂ ਲਈ ਸੁਪਰ ਓਵਰ ਦਾ ਨਿਯਮ ਲਾਗੂ ਕੀਤਾ ਗਿਆ ਸੀ ਅਤੇ ਖ਼ਿਤਾਬੀ ਮੁਕਾਬਲੇ ਦਾ ਫ਼ੈਸਲਾ ਇਸ ਦੇ ਆਧਾਰ ਉੱਤੇ ਹੋਇਆ। ਦੋਵੇਂ ਟੀਮਾਂ ਨੇ ਅੰਤ ਤੱਕ ਮੈਚ ਨਹੀਂ ਛੱਡਿਆ ਅਤੇ 241 ਦੌੜਾਂ ਉੱਤੇ ਮੈਚ ਟਾਈ ਹੋਇਆ। ਇਸ ਦੇ ਬਾਅਦ ਦੋਵੇਂ ਟੀਮਾਂ ਦੇ ਵਿੱਚ ਸੁਪਰ ਓਵਰ ਵੀ ਟਾਈ ਰਿਹਾ ਅਤੇ ਵਰਲਡ ਚੈਂਪੀਅਨ ਦਾ ਫ਼ੈਸਲਾ ਬਾਊਂਡਰੀ ਦੇ ਦਮ ਉੱਤੇ ਹੋਇਆ, ਜਿੱਥੇ ਇੰਗਲੈਂਡ ਨੇ ਬਾਜ਼ੀ ਮਾਰ ਲਈ।  
ਮੈਚ ਦੇ ਇਸ ਰਿਜ਼ਲਟ ਤੋਂ ਪਹਿਲਾਂ ਸੁਪਰ ਓਵਰ ਵਿੱਚ ਇੰਗਲੈਂਡ ਨੇ ਸਕੋਰ ਬੋਰਡ ਉੱਤੇ 15 ਦੌੜਾਂ ਬਣਾ ਕੇ ਨਿਊਜ਼ੀਲੈਂਡ ਨੂੰ 16 ਦੌੜਾਂ ਦੀ ਚੁਣੌਤੀ ਦਿੱਤੀ, ਪਰ ਕੀਵੀ ਟੀਮ ਵੀ ਇੱਥੇ 15 ਦੌੜਾਂ ਹੀ ਬਣਾ ਪਾਈ ਅਤੇ ਮੁਕਾਬਲਾ ਇੱਕ ਵਾਰ ਫਿਰ ਟਾਈ ਹੋ ਗਿਆ। ਹੁਣ ਨਿਯਮਾਂ ਦੇ ਮੁਤਾਬਿਕ ਖ਼ਿਤਾਬ ਦਾ ਫ਼ੈਸਲਾ ਜ਼ਿਆਦਾ ਬਾਊਂਡਰੀ ਦੇ ਦਮ ਉੱਤੇ ਹੋਣਾ ਸੀ ਅਤੇ ਇੰਗਲੈਂਡ ਨੇ ਇੱਥੇ ਬਾਜ਼ੀ ਮਾਰ ਲਈ। ਨਿਊਜ਼ੀਲੈਂਡ ਨੇ ਆਪਣੀ ਪਾਰੀ ਵਿੱਚ 2 ਛੱਕੇ ਅਤੇ 14 ਚੌਕੇ (ਕੁਲ ਬਾਊਂਡਰੀ 16) ਮਾਰੀਆਂ ਸਨ, ਜਦੋਂ ਕਿ ਮੇਜ਼ਬਾਨ ਇੰਗਲੈਂਡ ਨੇ ਇੱਥੇ 2 ਛੱਕੇ ਅਤੇ 22 ਚੌਕੇ (ਕੁਲ ਬਾਊਂਡਰੀ 24) ਮਾਰੀਆਂ ਸਨ। ਇਸ ਦੇ ਦਮ ਉੱਤੇ ਇੰਗਲੈਂਡ ਨੇ ਪਹਿਲੀ ਵਾਰ 44 ਸਾਲਾਂ ਬਾਅਦ ਵਰਲਡ ਚੈਂਪੀਅਨ ਬਣਨ ਦੀ ਉਪਲਬਧੀ ਹਾਸਲ ਕਰ ਲਈ। 
ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਇੱਥੇ ਇਸ ਫਾਈਨਲ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਕੀਵੀ ਟੀਮ ਨੇ 8 ਵਿਕਟਾਂ ਗੁਆ ਕੇ 241 ਦੌੜਾਂ ਬਣਾਈਆਂ ਸਨ। ਕੀਵੀ ਟੀਮ ਵੱਲੋਂ ਹੈਨਰੀ ਨਿਕੋਲਸ ਨੇ 55 ਅਤੇ ਵਿਕਟ ਕੀਪਰ ਬੱਲੇਬਾਜ਼ ਟਾਮ ਲਾਥਮ ਨੇ 47 ਦੌੜਾਂ ਦਾ ਯੋਗਦਾਨ ਦਿੱਤਾ ਅਤੇ ਕੀਵੀ ਕਪਤਾਨ ਕੇਨ ਵਿਲੀਅਮਸਨ ਨੇ 30 ਦੌੜਾਂ ਦੀ ਪਾਰੀ ਖੇਡੀ। ਇੰਗਲੈਂਡ ਵੱਲੋਂ ਗੇਂਦਬਾਜ਼ ਕ੍ਰਿਸ ਵੋਕਸ ਅਤੇ ਲਿਆਮ ਪਲੰਕੇਟ ਨੇ 3-3 ਵਿਕਟ ਆਪਣੇ ਨਾਮ ਕੀਤੇ। ਜੋਫਰ ਆਰਚਰ ਅਤੇ ਮਾਰਕ ਵੁੱਡ ਦੇ ਖਾਤੇ ਵਿੱਚ 1-1 ਵਿਕਟ ਗਿਆ।  
ਨਿਊਜ਼ੀਲੈਂਡ ਵੱਲੋਂ 242 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਨੇ ਬੇਨ ਸਟੋਕਸ (ਨਾਬਾਦ 84 ਦੌੜਾਂ) ਦੀ ਜ਼ੋਰਦਾਰ ਪਾਰੀ ਦੇ ਦਮ ਉੱਤੇ 241 ਦੌੜਾਂ ਬਣਾ ਕੇ ਮੈਚ ਟਾਈ ਕਰਾ ਲਿਆ ਅਤੇ ਉਸ ਨੂੰ ਸੁਪਰ ਓਵਰ ਤੱਕ ਲੈ ਗਏ। ਇੰਗਲੈਂਡ ਵੱਲੋਂ ਜੋਸ ਬਟਲਰ ਨੇ 59 ਅਤੇ ਜੋਨੀ ਬੇਈਰਸਟੋ ਨੇ 36 ਦੌੜਾਂ ਦਾ ਯੋਗਦਾਨ ਪਾਇਆ। ਨਿਊਜ਼ੀਲੈਂਡ ਵੱਲੋਂ ਗੇਂਦਬਾਜ਼ ਜੇਮਸ ਨਿਸ਼ਮ ਤੇ ਲੌਕੀ ਫਰਗੁਸਨ ਨੇ 3-3 ਅਤੇ ਗ੍ਰੈਂਡਹੋਮੀ ਨੇ 1 ਵਿਕਟ ਲਿਆ।
ਫਾਈਨਲ ਮੈਚ ਸੁਪਰ ਓਵਰ ‘ਚ ਚੱਲਿਆ ਗਿਆ ਤੇ ਸੁਪਰ ਓਵਰ ‘ਚ ਪਹਿਲਾਂ ਖੇਡਦੇ ਹੋਏ ਇੰਗਲੈਂਡ ਦੇ ਖਿਡਾਰੀ ਬੇਨ ਸਟੋਕਸ ਨੇ 8 ਨਾਬਾਦ ਦੌੜਾਂ ਅਤੇ ਜੋਸ ਬਟਲਰ ਨੇ 7 ਨਾਬਾਦ ਦੌੜਾਂ ਦੀ ਪਾਰੀ ਖੇਡ ਕੇ 15 ਦੌੜਾਂ ਬਣਾਈਆਂ, ਜਦੋਂ ਕਿ ਨਿਊਜ਼ੀਲੈਂਡ ਨੂੰ 16 ਦੌੜਾਂ ਦਾ ਟੀਚਾ ਦਿੱਤਾ ਪਰ ਕੀਵੀ ਖਿਡਾਰੀ ਜੇਮਸ ਨਿਸ਼ਮ ਨੇ 13 ਨਾਬਾਦ ਅਤੇ ਮਾਰਟੀਨ ਗੁਪਟਿਲ ਨੇ 1 ਦੌੜ ਬਣਾਈ।  
ਇੰਗਲੈਂਡ ਟੀਮ ਸੁਪਰ ਓਵਰ ਵਿੱਚ ਭਾਗਸ਼ਾਲੀ ਰਹੀ ਕਿ ਇੱਥੇ ਵੀ ਮੈਚ ਟਾਈ ਹੋਣ ਦੇ ਬਾਵਜੂਦ ਕੀਵੀ ਟੀਮ ਤੋਂ ਜ਼ਿਆਦਾ ਬਾਊਂਡਰੀ ਮਾਰ ਦੇ ਚੱਲਦੇ ਉਸ ਨੇ ਵਰਲਡ ਚੈਂਪੀਅਨ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ। ਨਿਊਜ਼ੀਲੈਂਡ ਨੂੰ ਦੂਜੀ ਵਾਰ ਉਪ ਜੇਤੂ ਰਹਿ ਕੇ ਸਬਰ ਕਰਨਾ ਪਿਆ। ਇੰਗਲੈਂਡ ਇਸ ਤੋਂ ਪਹਿਲਾਂ 1979, 1987 ਤੇ 1992 ‘ਚ ਫਾਈਨਲ ਤੱਕ ਪਹੁੰਚਿਆ ਸੀ ਪਰ ਵਰਲਡ ਕੱਪ ਜਿੱਤ ਨਹੀਂ ਸਕਿਆ ਸੀ ਪਰ 2019 ਦਾ ਵਰਲਡ ਕੱਪ ਇੰਗਲੈਂਡ ਲਈ ਲੱਕੀ ਸਾਬਤ ਹੋਇਆ ਤੇ ਉਹ ਪਹਿਲੀ ਵਾਰ ਵਰਲਡ ਕੱਪ ਦਾ ਖ਼ਿਤਾਬ ਜਿੱਤਿਆ। 
ਵਰਲਡ ਕੱਪ 2019 ਦੇ ਫਾਈਨਲ ਮੁਕਾਬਲੇ ‘ਚ ਇੰਗਲੈਂਡ ਦੇ ਖਿਡਾਰੀ ਬੇਨ ਸਟੋਰਕ ਨੂੰ ‘ਮੈਨ ਆਫ਼ ਦਿ ਮੈਚ’ ਅਤੇ ਨਿਊਜ਼ੀਲੈਂਡ ਕਪਤਾਨ ਕੈਨ ਵਿਲੀਅਮਸਨ ਨੂੰ ‘ਮੈਨ ਆਫ਼ ਦਿ ਟੂਰਨਾਮੈਂਟ’ ਐਲਾਨਿਆ ਗਿਆ।