ਉਪ ਮੁੱਖ ਮੰਤਰੀ ਵੱਲੋਂ 31 ਸ਼ਹਿਰਾਂ ‘ਚ ਸੌ ਫੀਸਦੀ ਵਾਟਰ ਸਪਲਾਈ ਅਤੇ ਸੀਵਰੇਜ ਦੇ 42 ਪ੍ਰੋਜੈਕਟਾਂ ਨੂੰ ਪ੍ਰਵਾਨਗੀ

Sukhbirਚੰਡੀਗੜ੍ਹ, 12 ਫਰਵਰੀ – ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਰੀਬ 1200.98 ਕਰੋੜ ਰੁਪਏ ਦੀ ਲਾਗਤ ਨਾਲ 31 ਕਸਬਿਆਂ/ਸ਼ਹਿਰਾਂ ‘ਚ 42 ਵਿਕਾਸ ਕਾਰਜ ਕਰਵਾਉਣ ਦੇ ਵਿਆਪਕ, ਵਿਸ਼ਾਲ ਅਤੇ ਐਡਵਾਂਸਡ ਮਾਸਟਰ ਪਲਾਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਵਿੱਚ ਪੀਣ ਵਾਲੇ ਪਾਣੀ, ਸੀਵਰੇਜ ਵਿਵਸਥਾ ਅਤੇ ਸੜਕਾਂ ਦੇ ਨਾਲ-ਨਾਲ ਬਠਿੰਡਾ ਵਿਖੇ ਬਹੁ ਮੰਜ਼ਿਲਾ ਪਾਰਕਿੰਗ ਵੀ ਸ਼ਾਮਲ ਹੈ।
ਇੱਥੇ ਇੱਕ ਬਿਆਨ ਜਾਰੀ ਕਰਦਿਆਂ ਸ਼੍ਰੀ ਬਾਦਲ ਨੇ ਕਿਹਾ ਕਿ ਆਉਣ ਵਾਲੇ ਤਿੰਨ ਸਾਲਾਂ ਵਿੱਚ ਪੰਜਾਬ ਦੇ ਲੋਕ ਇੱਕ ਵੱਡੀ ਤਬਦੀਲੀ ਦੇ ਗਵਾਹ ਬਣਨਗੇ ਜਿਸ ਵਿੱਚ ਸੂਬੇ ਦੇ ਸ਼ਹਿਰੀ ਤੇ ਦਿਹਾਤੀ ਖੇਤਰਾਂ ਦਾ ਬਹੁ ਪੱਖੀ ਵਿਕਾਸ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ ਸਹੂਲਤਾਂ ਮੁਹੱਈਆ ਕਰਵਾਉਣ ਦਾ ਇਹ ਪ੍ਰੋਜੈਕਟ ਨਿਰਧਾਰਿਤ ਸਮੇਂ ਵਿੱਚ ਪੂਰਾ ਕੀਤਾ ਜਾਵੇਗਾ। ਮਾਸਟਰ ਪਲਾਨ ਦੀ ਵਿਸਥਾਰ ‘ਚ ਜਾਣਕਾਰੀ ਦਿੰਦਿਆਂ ਸ. ਬਾਦਲ ਨੇ ਦੱਸਿਆ ਕਿ ਸੀਵਰੇਜ ਟਰੀਟਪਲਾਂਟ ਸੰਗਰੂਰ, ਬਸੀ ਪਠਾਣਾਂ, ਸਨੌਰ, ਖੰਨਾ, ਫਗਵਾੜਾ, ਅਬੋਹਰ, ਮਜੀਠਾ, ਸਰਹਿੰਦ, ਬਰਨਾਲਾ, ਜੈਤੋਂ, ਫਰੀਦਕੋਟ, ਕੋਟਕਪੂਰਾ, ਗੁਰੂ ਹਰਸਹਾਇ, ਗੋਨਿਆਣਾ, ਰਾਮਪੁਰਾ ਫੂਲ, ਮਾਨਸਾ, ਸਰਦੂਲਗੜ੍ਹ, ਬਰੇਟਾ ਅਤੇ ਤਲਵੰਡੀ ਸਾਬੋ ਵਿਖੇ ਸਥਾਪਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਰਾਜ ਦੇ ਸਾਰੇ 150 ਸ਼ਹਿਰਾਂ ਵਿੱਚ 100 ਫੀਸਦੀ ਪਾਣੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਵਾਟਰ ਸਪਲਾਈ ਪ੍ਰੋਗਰਾਮ ਅਧੀਨ ਖੰਨਾ, ਰਾਮਪੁਰਾ ਫੂਲ, ਮੌੜ ਮੰਡੀ, ਮਾਨਸਾ, ਸਰਦੂਲਗੜ੍ਹ, ਬਰੇਟਾ, ਬੁਢਲਾਡਾ ਅਤੇ ਭੀਖੀ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਜਲੰਧਰ ਦੀ ਬਸਤੀ ਬਾਵਾ ਖੇਲ ਅਤੇ ਚੰਦਨ ਨਗਰ ਵਿਖੇ ਦੋ ਰੇਲਵੇ ਅੰਡਰ ਬ੍ਰਿਜ ਅਤੇ ਬਠਿੰਡਾ ਵਿਖੇ ਇੱਕ ਬਹੁ ਮੰਜ਼ਿਲਾ ਕਾਰ ਪਾਰਕਿੰਗ ਦਾ ਵੀ ਨਿਰਮਾਣ ਕੀਤਾ ਜਾਵੇਗਾ।