ਉੱਤਰੀ ਕੋਰੀਆ ਵੱਲੋਂ ਅੰਤਰ-ਮਹਾਂਦੀਪੀ ਬੈਲਸਟਿਕ ਮਿਜ਼ਾਈਲ ਦਾ ਸਫ਼ਲ ਪਰੀਖਣ

ਸਿਓਲ – 29 ਨਵੰਬਰ ਦਿਨ ਬੁੱਧਵਾਰ ਨੂੰ ਉੱਤਰੀ ਕੋਰੀਆ ਦੇ ਆਗੂ ਕਿਮ ਯੋਂਗ ਉਨ ਨੇ ਨਵੀਂ ਮਿਜ਼ਾਈਲ ਦੇ ਸਫ਼ਲ ਤਜਰਬੇ ਮਗਰੋਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਮੁਲਕ ਪਰਮਾਣੂ ਸ਼ਕਤੀ ਬਣ ਗਿਆ ਹੈ। ਉੱਤਰ ਕੋਰੀਆ ਵੱਲੋਂ ਦੋ ਮਹੀਨੇ ਦੀ ਚੁੱਪੀ ਤੋਂ ਬਾਅਦ ਛੱਡੀ ਅੰਤਰ ਮਹਾਂਦੀਪੀ ਬੈਲਸਟਿਕ ਮਿਜ਼ਾਈਲ (ਆਈਸੀ ਬੀਐਮ) ਦਾ ਪਰੀਖਣ ਕੀਤਾ ਜੋ ਅਮਰੀਕਾ ਦੇ ਕਿਸੇ ਵੀ ਹਿੱਸੇ ਵਿੱਚ ਮਾਰ ਕਰਨ ਦੀ ਸਮਰੱਥਾ ਰੱਖਦੀ ਹੈ। ਜਿਸ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਸਾਹਮਣੇ ਵੱਡੀ ਚੁਣੌਤੀ ਹੈ ਖੜ੍ਹੀ ਕਰ ਦਿੱਤੀ ਹੈ।
ਉੱਤਰੀ ਕੋਰੀਆ ਦੀ ਸਟਾਰ ਮੇਜ਼ਬਾਨ ਰੀ ਚੁਨ-ਹੀ ਨੇ ਸਰਕਾਰੀ ਟੈਲੀਵਿਜ਼ਨ ‘ਤੇ ਨਵੀਂ ਮਿਜ਼ਾਈਲ ਦੀ ਸਫ਼ਲ ਅਜ਼ਮਾਇਸ਼ ਦਾ ਐਲਾਨ ਕਰਦਿਆਂ ਕਿਹਾ ਕਿ ਕਿਮ ਯੋਂਗ ਉਨ ਮਾਣ ਨਾਲ ਇਹ ਐਲਾਨ ਕਰਦੇ ਹਨ ਕਿ ਆਖ਼ਿਰ ਨੂੰ ਅਸੀਂ ਮੁਲਕ ਨੂੰ ਪਰਮਾਣੂ ਸ਼ਕਤੀ ਸੰਪੰਨ ਬਣਾਉਣ ਦਾ ਸੁਪਨਾ ਪੂਰਾ ਕਰ ਲਿਆ ਹੈ। ਆਈਸੀਬੀਐਮ ਵਾਸੌਂਗ 15 ਦਾ ਸਫ਼ਲ ਪਰੀਖਣ ਅਜਿਹੀ ਬੇਸ਼ਕੀਮਤੀ ਜਿੱਤ ਹੈ, ਜੋ ਡੀਪੀਆਰਕੇ ਦੇ ਮਹਾਨ ਤੇ ਨਾਇਕ ਲੋਕਾਂ ਨੇ ਪੂਰੀ ਕੀਤੀ ਹੈ। ਉੱਧਰ ਮੁਲਕ ਦੀ ਅਧਿਕਾਰਤ ਖ਼ਬਰ ਏਜੰਸੀ ਕੇਸੀਐਨਏ ਨੇ ਕਿਹਾ ਕਿ ਆਈਸੀਬੀਐਮ ਵਾਸੌਂਗ 15 ਵਰਗੀ ਹਥਿਆਰ ਪ੍ਰਣਾਲੀ ਪੂਰੇ ਅਮਰੀਕਾ ‘ਤੇ ਮਾਰ ਕਰਨ ਦੇ ਸਮਰੱਥ ਭਾਰੀ ਜੰਗੀ ਬਾਰੂਦ ਨਾਲ ਲੈਸ ਅੰਤਰ ਮਹਾਂਦੀਪੀ ਬੈਲਸਟਿਕ ਰਾਕੇਟ ਹੈ। ਉੱਤਰੀ ਕੋਰੀਆ ਸਰਕਾਰ ਨੇ ਕਿਹਾ ਕਿ ਮਿਜ਼ਾਈਲ 4475 ਕਿੱਲੋਮੀਟਰ ਦੀ ਉਚਾਈ ‘ਤੇ ਪੁੱਜੀ ਤੇ ਅਜ਼ਮਾਇਸ਼ ਵਾਲੀ ਥਾਂ ਤੋਂ 950 ਕਿੱਲੋਮੀਟਰ ਦੀ ਦੂਰੀ ‘ਤੇ ਬਿਨਾਂ ਕੋਈ ਨੁਕਸਾਨ ਕੀਤਿਆਂ ਜਪਾਨ ਦੇ ਵਿਸ਼ੇਸ਼ ਆਰਥਿਕ ਜ਼ੋਨ ਵਿੱਚ ਡਿੱਗੀ।
ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮਿਜ਼ਾਈਲ ਪਰੀਖਣ ਨੂੰ ਲੈ ਕੇ ਕਿਹਾ ਕਿ ਮੈਂ ਬੱਸ ਇੰਨਾ ਕਹਾਂਗਾ ਕਿ ਅਸੀਂ ਇਸ ਨਾਲ ਨਜਿੱਠ ਲਵਾਂਗੇ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਨਾਲ ਕੋਰਿਆਈ ਮਹਾਂਦੀਪ ਵਿੱਚ ਹਾਲਾਤ ਵਿਗੜ ਸਕਦੇ ਹਨ। ਜਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਇਸ ਨੂੰ ਹਿੰਸਕ ਕਾਰਵਾਈ ਦੱਸਦਿਆਂ ਕਿਹਾ ਕਿ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਰੂਸ ਨੇ ਮਿਜ਼ਾਈਲ ਤਜਰਬੇ ਨੂੰ ਉਕਸਾਉਣ ਵਾਲੀ ਕਾਰਵਾਈ ਦੱਸਦਿਆਂ ਕਿਹਾ ਕਿ ਇਸ ਨਾਲ ਖ਼ਿੱਤੇ ‘ਚ ਤਣਾਅ ਵਧੇਗਾ। ਚੀਨ ਨੇ ਆਪਣੇ ਗੂੜ੍ਹੇ ਮਿੱਤਰ ਤੇ ਭਾਈਵਾਲ ਉੱਤਰੀ ਕੋਰੀਆ ਨੂੰ ਤਾਕੀਦ ਕੀਤੀ ਹੈ ਕਿ ਉਹ ਕੋਰਿਆਈ ਪ੍ਰਾਇਦੀਪ ਵਿੱਚ ਤਣਾਅ ਨੂੰ ਹਵਾ ਦੇਣ ਵਾਲੀਆਂ ਕਾਰਵਾਈਆਂ ਨਾ ਕਰੇ। ਪੇਈਚਿੰਗ ਨੇ ਕਿਹਾ ਕਿ ਉੱਤਰੀ ਕੋਰੀਆ ਬੈਲਸਟਿਕ ਮਿਜ਼ਾਈਲ ਤਕਨੀਕ ਦੀ ਵਰਤੋਂ ਕਰਨ ਲੱਗਿਆਂ ਯੂਐਨ ਸੁਰੱਖਿਆ ਕੌਂਸਲ ਦੇ ਮਤਿਆਂ ਦੀ ਪਾਲਣਾ ਕਰੇ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟਾਰੇਜ਼ ਨੇ ਮਿਜ਼ਾਈਲ ਪਰੀਖਣ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਕਿ ਉੱਤਰੀ ਕੋਰੀਆ ਅਸਥਿਰਤਾ ਨੂੰ ਹੁਲਾਰਾ ਦੇਣ ਵਾਲੇ ਕਦਮਾਂ ਤੋਂ ਪਰਹੇਜ਼ ਕਰੇ। ਉਨ੍ਹਾਂ ਉੱਤਰੀ ਕੋਰੀਆ ਦੀ ਇਸ ਕਾਰਵਾਈ ਨੂੰ ਸੁਰੱਖਿਆ ਕੌਂਸਲ ਦੀਆਂ ਤਜਵੀਜ਼ਾਂ ਦਾ ਸਪਸ਼ਟ ਉਲੰਘਣ ਦੱਸਿਆ ਹੈ।