ਐਂਟੋਨੀ ਦਾ ਬੇਤੁਕਾ ਬਿਆਨ ਯੂ.ਪੀ.ਏ. ਸਰਕਾਰ ਦੀ ਨਾਜ਼ਕ ਮੁੱਦਿਆਂ ਬਾਰੇ ਗੈਰ-ਗੰਭੀਰਤਾ ਦਾ ਪ੍ਰਗਟਾਵਾ – ਮੁੱਖ ਮੰਤਰੀ ਬਾਦਲ

ਸ਼ਹੀਦਾਂ ਦੀ ਖਿੱਲੀ ਉਡਾਉਣ ਲਈ ਯੂ.ਪੀ.ਏ. ਸਰਕਾਰ ਦੀ ਅਲੋਚਨਾ
ਭਲਾਈਆਣਾ (ਸ੍ਰੀ ਮੁਕਤਸਰ ਸਾਹਿਬ), 8 ਅਗਸਤ -ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਜੰਮੂ ਕਸ਼ਮੀਰ ਦੇ ਪੁੰਛ ਸੈਕਟਰ ਵਿੱਚ 5 ਫੌਜੀ ਜਵਾਨਾਂ ਦੀ ਹੱਤਿਆ ਬਾਰੇ ਕੇਂਦਰੀ ਰੱਖਿਆ ਮੰਤਰੀ ਸ਼੍ਰੀ ਏ.ਕੇ. ਐਂਟੋਨੀ ਦੇ ਬਿਆਨ ਨੂੰ ਨਾਜ਼ਕ ਮੁੱਦਿਆਂ ਨਾਲ ਨਿਪਟਦੇ ਸਮੇਂ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦੀ ਗੈਰ-ਗੰਭੀਰਤਾ ਦਾ ਪ੍ਰਗਟਾਵਾ ਦੱਸਿਆ।
ਗਿੱਦੜਬਾਹਾ ਵਿਧਾਨ ਸਭਾ ਹਲਕੇ ਵਿੱਚ ਸੰਗਤ ਦਰਸ਼ਨ ਪ੍ਰੋਗਰਾਮਾਂ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਰੱਖਿਆ ਮੰਤਰੀ ਦਾ ਬਦਕਿਸਮਤੀ ਵਾਲਾ ਬਿਆਨ ਦਰਸਾਉਂਦਾ ਹੈ ਕਿ ਅਜਿਹੇ ਨਾਜ਼ਕ ਮੁੱਦਿਆਂ ਅਤੇ ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਨੂੰ ਯੂ.ਪੀ.ਏ. ਸਰਕਾਰ ਗੌਲ਼ਦੀ ਹੀ ਨਹੀਂ ਹੈ ਜਿਸ ਕਰਕੇ ਦੇਸ਼ ਦੀ ਪ੍ਰਭੂ ਸੱਤਾ ਦਾਅ ‘ਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ੫ ਜਵਾਨਾਂ ਦੀ ਹੱਤਿਆ ਤੋਂ ਬਾਅਦ ਸਖ਼ਤ ਕਾਰਵਾਈ ਕਰਨੀ ਚਾਹੀਦੀ ਸੀ ਪਰ ਯੂ.ਪੀ.ਏ. ਸਰਕਾਰ ਨੇ ਅਜਿਹਾ ਤਰਕਹੀਣ… ਬਿਆਨ ਦੇ ਕੇ ਸ਼ਹੀਦਾਂ ਦੀ ਖਿੱਲੀ ਉਡਾਈ ਹੈ ਜਿਨ੍ਹਾਂ ਨੇ ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਲਈ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ ਹਨ। ਸ. ਬਾਦਲ ਨੇ ਕਿਹਾ ਕਿ ਇਸ ਵੱਡੀ ਗਲਤੀ ਲਈ ਦੇਸ਼ ਵਾਸੀ ਯੂ.ਪੀ.ਏ. ਸਰਕਾਰ ਨੂੰ ਕਦੇ ਮੁਆਫ਼ ਨਹੀਂ ਕਰਨਗੇ ਅਤੇ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਉਸ ਨੂੰ ਪਾਠ ਪੜ੍ਹਾਉਣਗੇ।
ਸਵਾਲਾਂ ਦੇ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੇ ਸਮਝਦਾਰ ਵੋਟਰ ਆਉਂਦੀਆਂ ਲੋਕ ਸਭਾ ਚੋਣਾਂ ਦਾ ਇੰਤਜ਼ਾਰ ਕਰ ਰਹੇ ਹਨ ਜਿਸ ਦੌਰਾਨ ਉਹ ਕਾਂਗਰਸ ਨੂੰ ਜੜ੍ਹੋਂ ਉਖਾੜ ਦੇਣਗੇ। ਉਨ੍ਹਾਂ ਕਿਹਾ ਕਿ ਯੂ.ਪੀ.ਏ. ਸਰਕਾਰ ਸਾਰੇ ਮੋਰਚਿਆਂ ‘ਤੇ ਫੇਲ੍ਹ ਹੋਈ ਹੈ ਅਤੇ ਦੇਸ਼ ਦੇ ਲੋਕ ਉਸ ਦੇ ਪ੍ਰਸ਼ਾਸਨ ਤੋਂ ਤੰਗ ਆ ਗਏ ਹਨ। ਸ. ਬਾਦਲ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਆਉਂਦੀਆਂ ਚੋਣਾਂ ਦੌਰਾਨ ਕੇਂਦਰ ਵਿੱਚ ਐਨ.ਡੀ.ਏ. ਦੀ ਸਰਕਾਰ ਬਣੇਗੀ ਜਿਸ ਦੀ ਸ਼੍ਰੋਮਣੀ ਅਕਾਲੀ ਦਲ ਭਾਈਵਾਲ ਹੈ।
ਇਸ ਤੋਂ ਪਹਿਲਾਂ ਚੋਟੀਆਂ ਸਾਹਿਬ ਚੰਦ, ਛੱਤੇਆਣਾ, ਭਲਾਈਆਣਾ, ਕੋਟਲੀ ਅਬਲੂ, ਬੁਟਰ, ਸਰੀਂਹ ਮੱਲਾਂ ਅਤੇ ਸੁਖਨਾ ਅਬਲੂ ਪਿੰਡਾਂ ਵਿੱਚ ਵੱਡੇ ਇਕੱਠਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੰਗਤ ਦਰਸ਼ਨ ਪ੍ਰੋਗਰਾਮ ਆਯੋਜਿਤ ਕਰਾਉਣ ਦਾ ਮੁੱਖ ਉਦੇਸ਼ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਵਲੋਂ ਉਨ੍ਹਾਂ ਦੇ ਦਰ ‘ਤੇ ਜਾ ਕੇ ਹੱਲ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਆਯੋਜਿਤ ਕਰਾਉਣ ਦਾ ਕੋਈ ਵੀ ਸਿਆਸੀ ਮਕਸਦ ਨਹੀਂ ਹੈ। ਇਸ ਦਾ ਇਕੋ ਇੱਕ ਉਦੇਸ਼ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਨੂੰ ਯਕੀਨੀ ਬਣਾਉਣਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਰਾਜ ਦੀ ਸਮੁੱਚੀ ਭਲਾਈ ਲਈ ਵਚਨਬੱਧ ਹੈ ਅਤੇ ਕਿਸੇ ਵੀ ਹਲਕੇ ਨਾਲ ਇਸ ਸਬੰਧ ਵਿੱਚ ਕੋਈ ਵੀ ਵਿਤਕਰਾ ਨਹੀਂ ਕੀਤਾ ਜਾਂਦਾ। ਉਨ੍ਹਾਂ ਨੇ ਕਾਂਗਰਸੀ ਆਗੂਆਂ ਨੂੰ ਮੀਡੀਆ ਵਿੱਚ ਆਉਣ ਲਈ ਟਕਰਾਅ ਦੀ ਸਿਆਸਤ ਛੱਡਣ
ਮੀਡੀਆ ਵਿੱਚ ਬਣੇ ਰਹਿਣ ਲਈ ਕਾਂਗਰਸ ਆਗੂਆਂ ਨੂੰ ਟਕਰਾਅ ਦੀ ਨੀਤੀ ਤਿਆਗਣ ਲਈ ਆਖਦੇ ਹੋਏ ਸ. ਬਾਦਲ ਨੇ ਕਾਂਗਰਸ ਪਾਰਟੀ ਨੂੰ ਲੋਕਾਂ ਦੇ ਵਡੇਰੇ ਹਿੱਤਾਂ ਤੇ ਸੂਬੇ ਦੇ ਭਲੇ ਲਈ ਸਰਕਾਰ ਦਾ ਸਹਿਯੋਗ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵਾਂਗ ਸਾਨੂੰ ਬਦਲੇ ਦੀ ਸਿਆਸਤ ਵਿੱਚ ਵਿਸ਼ਵਾਸ ਨਹੀਂ ਹੈ ਅਤੇ ਸਾਡਾ ਇਕੋ-ਇਕ ਟੀਚਾ ਸੂਬੇ ਦਾ ਵਿਕਾਸ ਕਰਨਾ ਹੈ।
ਸਾਬਕਾ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੂੰ ਆੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਨਪ੍ਰੀਤ ਸਿੰਘ ਕਾਂਗਰਸ ਦੇ ਹੱਥਾਂ ਵਿੱਚ ਖੇਡ ਰਿਹਾ ਹੈ ਤੇ ਪੀ.ਪੀ.ਪੀ. ਆਗੂ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਵਿਸ਼ਵਾਸਘਾਤ ਹੀ ਨਹੀਂ ਕੀਤਾ ਸਗੋਂ ਸੂਬੇ ਦੇ ਲੋਕਾਂ ਨਾਲ ਵੀ ਵਿਸ਼ਵਾਸਘਾਤ ਕੀਤਾ ਹੈ। ਸ. ਬਾਦਲ ਨੇ ਕਿਹਾ ਕਿ ਕਾਂਗਰਸ ਨੇ ਸਦਾ ਹੀ ਆਪਣੇ ਸਿਆਸੀ ਹਿੱਤਾਂ ਲਈ ਬਾਦਲ ਪਰਿਵਾਰ ਵਿੱਚੋਂ ਕਿਸੇ ਇਕ ਨੂੰ ਉਨ੍ਹਾਂ ਵਿਰੁੱਧ ਹੱਲਾਸ਼ੇਰੀ ਦੇਣ ਦੀ ਘਟੀਆ ਖੇਡ ਖੇਡੀ ਹੈ ਪਰ ਇਹ ਆਪਣੀਆਂ ਇਨ੍ਹਾਂ ਚਾਲਾਂ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਵਰਗੇ ਲੋਕਾਂ ਨੂੰ ਕਾਂਗਰਸ ਪਾਰਟੀ ਨੇ ਸਦਾ ਹੀ ਆਪਣੇ ਹਿੱਤਾਂ ਲਈ ਵਰਤ ਕੇ ਛੱਡ ਦਿੱਤਾ ਹੈ ਜਿਸ ਕਰਕੇ ਉਹ ਸਿਆਸੀ ਗੁਮਨਾਮੀ ਵਿੱਚ ਚਲੇ ਗਏ ਹਨ।
ਮੁੱਖ ਮੰਤਰੀ ਨੇ ਪਿੰਡਾਂ ਦੇ ਲੋਕਾਂ ਨੂੰ ਜਾਤ, ਧਰਮ, ਨਸਲ, ਰੰਗ ਤੇ ਹੋਰਨਾਂ ਵਖਰੇਵਿਆਂ ਤੋਂ ਉਠ ਕੇ ਪਿੰਡਾਂ ਦੇ ਵਿਆਪਕ ਵਿਕਾਸ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਸ. ਬਾਦਲ ਨੇ ਲੋਕਾਂ ਨੂੰ ਸੂਬਾ ਸਰਕਾਰ ਦੀ ਪੰਜਾਬ ਨੂੰ ਹਰਿਆ ਭਰਿਆ ਦੀ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤ ਅਤੇ ਵੱਧ ਤੋਂ ਵੱਧ ਪੌਦੇ ਲਾਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਹਰੇਕ ਪਿੰਡ ਵਿੱਚ ੫੦੦ ਪੌਦੇ ਵੰਡੇ ਗਏ ਹਨ ਤਾਂ ਕਿ ਸੂਬੇ ਵਿੱਚ ਦਰਖਤਾਂ ਦੀ ਗਿਣਤੀ ਨੂੰ ਵਧਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਨੂੰ ਖੇਤੀ ਲਈ ਮੁਫ਼ਤ ਬਿਜਲੀ ਮੁਹੱਈਆ ਕਰਵਾਉਣ ਵਾਲੀ ਦੇਸ਼ ਦੀ ਪਹਿਲੀ ਸਰਕਾਰ ਹੈ ਅਤੇ ਇਸ ਲਈ ਸੂਬਾ ਸਰਕਾਰ ਵੱਲੋਂ ਬਿੱਲਾਂ ਦੇ ਰੂਪ ਵਿੱਚ ਪਾਵਰਕਾਮ ਨੂੰ ੫੦੦੦ ਕਰੋੜ ਸਾਲਾਨਾ ਦੀ ਅਦਾਇਗੀ ਕੀਤੀ ਜਾਂਦੀ ਹੈ। ਖੇਤੀਬਾੜੀ ਦੇ ਕਿੱਤਾ ਘਾਟੇ ਵਾਲਾ ਕਿੱਤਾ ਬਣ ਜਾਣ ‘ਤੇ ਡੂੰਘੀ ਫਿਕਰਮੰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਥਿਤੀ ਲਈ ਕਿਸਾਨਾਂ ਦਾ ਕੋਈ ਕਸੂਰ ਨਹੀਂ ਸਗੋਂ ਉਨ੍ਹਾਂ ਨੇ ਤਾਂ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਉਣ ਲਈ ਪਾਣੀ ਤੇ ਮਿੱਟੀ ਜਿਹੇ ਕੀਮਤੀ ਸਰੋਤਾਂ ਤੱਕ ਦੀ ਕੁਰਬਾਨੀ ਵੀ ਦੇ ਦਿੱਤੀ। ਇਸ ਲਈ ਸਿੱਧੇ ਤੌਰ ‘ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ ਹਨ ਜਿਨ੍ਹਾਂ ਨੇ ਫਸਲਾਂ ਦੇ ਭਾਅ ਮਿਥਣ, ਖੇਤੀ ਲਾਗਤ ਦੀ ਕੀਮਤਾਂ ਸਮੇਤ ਹਰ ਫੈਸਲੇ ਨੂੰ ਆਪਣੇ ਕੰਟਰੋਲ ਹੇਠ ਕੀਤਾ ਹੋਇਆ। ਇੱਥੋਂ ਤੱਕ ਕਿ ਖੇਤੀ ਖੇਤਰ ਬਾਰੇ ਕੋਈ ਫੈਸਲਾ ਲੈਣ ਮੌਕੇ ਸੂਬਿਆਂ ਦੀ ਸਲਾਹ ਤੱਕ ਵੀ ਨਹੀਂ ਪੁੱਛੀ ਜਾਂਦੀ।
ਸਿੱਖਿਆ ਦੇ ਖੇਤਰ ਵਿੱਚ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਦਿਹਾਤੀ ਇਲਾਕਿਆਂ ਦੇ ਹੁਸ਼ਿਆਰ ਵਿਦਿਆਰਥੀਆਂ ਨੂੰ ਛੁਪੀ ਪ੍ਰਤਿਭਾ ਨੂੰ ਉਭਾਰਨ ਲਈ ਸੂਬਾ ਸਰਕਾਰ ਦਿਹਾਤੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ ਵਿਸ਼ੇਸ਼ ਜ਼ੋਰ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਛੇ ਜ਼ਿਲ੍ਹਿਆਂ ਵਿੱਚ ‘ਵਿਸ਼ੇਸ਼ ਸਕੂਲ’ ਖੋਲ੍ਹੇ ਜਾ ਰਹੇ ਹਨ ਜਿੱਥੇ ਦਸਵੀਂ ਜਮਾਤ ਵਿੱਚੋਂ ੮੦ ਫੀਸਦੀ ਜਾਂ ਇਸ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸੈਕੰਡਰੀ ਪੱਧਰ ਤੱਕ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ। ਸ. ਬਾਦਲ ਨੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਰਹਿਣ-ਸਹਿਣ ਤੋਂ ਇਲਾਵਾ ਪੇਸ਼ੇਵਰ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ ਤਾਂ ਕਿ ਉਹ ਕਾਨਵੈਂਟ ਸਕੂਲਾਂ ਦੇ ਪੜ੍ਹੇ ਵਿਦਿਆਰਥੀਆਂ ਦਾ ਮੁਕਾਬਲਾ ਕਰ ਸਕਣ। ਇਸੇ ਤਰ੍ਹਾਂ ਹੀ ਡਾ. ਹਰਗੋਬਿੰਦ ਖੁਰਾਣਾ ਵਜ਼ੀਫਾ ਸਕੀਮ ਹੇਠ ਹੁਸ਼ਿਆਰ ਵਿਦਿਆਰਥੀਆਂ ਨੂੰ ੨੫੦੦ ਪ੍ਰਤੀ ਮਹੀਨਾ ਹਿਸਾਬ ਨਾਲ ਸਾਲਾਨਾ ੩੦,੦੦੦ ਰੁਪਏ ਦਾ ਵਜ਼ੀਫਾ ਦਿੱਤਾ ਜਾਵੇਗਾ ਤਾਂ ਜੋ ਉਹ ਸੈਕੰਡਰੀ ਪੱਧਰ ਦੀ ਪੜ੍ਹਾਈ ਜਾਰੀ ਰੱਖ ਸਕਣ।
ਇਸ ਮੌਕੇ ਮੈਂਬਰ ਲੋਕ ਸਭਾ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਵੀ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਹਲਕਾ ਇਨਚਾਰਜ ਸ: ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਉਨ੍ਹਾਂ ਨੂੰ ਇੱਥੇ ਆਉਣ ਤੇ ਜੀ ਆਇਆਂ ਨੂੰ ਆਖਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ: ਕੇ.ਜੇ.ਐਸ ਚੀਮਾ, ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ, ਡੀ.ਆਈ.ਜੀ. ਸ: ਅਮਰ ਸਿੰਘ ਚਹਿਲ, ਐਸ.ਐਸ.ਪੀ. ਸ: ਸੁਰਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ: ਮਨਜੀਤ ਸਿੰਘ ਬਰਕੰਦੀ, ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ, ਜਥੇਦਾਰ ਨਵਤੇਜ ਸਿੰਘ ਕਾਊਣੀ ਅਤੇ ਜਥੇਦਾਰ ਗੁਰਪਾਲ ਸਿੰਘ ਗੋਰਾ ਤਿੰਨੋਂ ਐਸ.ਜੀ.ਪੀ.ਸੀ. ਮੈਂਬਰ, ਸ: ਸੁਰਜੀਤ ਸਿੰਘ ਗਿਲਜ਼ੇਵਾਲਾ, ਸ: ਸੰਤ ਸਿੰਘ ਬਰਾੜ, ਐਡਵੋਕੇਟ ਗੁਰਮੀਤ ਸਿੰਘ ਮਾਨ ਆਦਿ ਵੀ ਹਾਜ਼ਰ ਸਨ।