ਕਾਂਗਰਸ ਨੇ ਖਡੂਰ ਸਾਹਿਬ ਚੋਣ ਤੋਂ ਪੈਰ ਖਿੱਚਿਆ

12701cd-_capt-Amrinder-singh-270116_CHD_SC-300x192ਅਕਾਲੀ ਦਲ ਦਾ ਜ਼ਿਮਨੀ ਚੋਣ ਜਿੱਤਣ ਲਈ ਰਾਹ ਪੱਧਰਾ
ਚੰਡੀਗੜ੍ਹ – 27 ਜਨਵਰੀ ਨੂੰ ਇੱਥੇ ਪ੍ਰੈੱਸ ਕਲੱਬ ਵਿੱਚ ‘ਮੀਟ ਦਿ ਪ੍ਰੈੱਸ ਪ੍ਰੋਗਰਾਮ’ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਬਾਈਕਾਟ ਦੇ ਫ਼ੈਸਲੇ ਨਾਲ ਸਿਆਸੀ ਹਲਕਿਆਂ ਵਿੱਚ ਭੁਚਾਲ ਆ ਗਿਆ ਹੈ। ਜਦੋਂ ਕੇ ਇਸ ਫ਼ੈਸਲੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਵਿੰਦਰ ਸਿੰਘ ਬ੍ਰਹਮਪੁਰਾ ਦਾ ਲਗਭਗ ਜਿੱਤਣਾ ਤਹਿ ਮੰਨਿਆ ਜਾਣ ਲੱਗਾ ਹੈ। ਸਿਆਸੀ ਸਫ਼ਾਂ ਵਿੱਚ ਚਰਚਾ ਸੀ ਕਿ ਇਹ ਜ਼ਿਮਨੀ ਚੋਣ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਲਈ 2017 ਚੋਣਾਂ ਤੋਂ ਪਹਿਲਾਂ ਪਰਖ ਦੀ ਘੜੀ ਸੀ ਪਰ ਹੁਣ ਕਾਂਗਰਸ ਦੇ ਚੋਣ ਤੋਂ ਪੈਰ ਖਿੱਚਣ ਨਾਲ ਮੁਕਾਬਲਾ ਇੱਕਤਰਫ਼ਾ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਵੀ ਚੋਣ ਨਾ ਲੜਨ ਦਾ ਐਲਾਨ ਕਰ ਚੁੱਕੀ ਹੈ।
ਕਾਂਗਰਸ ਪਾਰਟੀ ਫ਼ੈਸਲੇ ਨੂੰ ਲੈ ਕੇ ਪ੍ਰਦੇਸ਼ ਪਾਰਟੀ ਅੰਦਰ ਵੀ ਇਸ ਫ਼ੈਸਲੇ ਖ਼ਿਲਾਫ਼ ਬਾਗ਼ੀ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਇਸ ਹਲਕੇ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ…. ਦੇ ਰੋਸ ਵਜੋਂ ਅਸਤੀਫ਼ਾ ਦਿੱਤਾ ਸੀ ਤੇ ਉਹ ਕਾਰਨ ਅਜੇ ਵੀ ਕਾਇਮ ਹਨ। ਇਸ ਕਰ ਕੇ ਪਾਰਟੀ ਨੇ ਬਾਈਕਾਟ ਦਾ ਫ਼ੈਸਲਾ ਕੀਤਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬਾਈਕਾਟ ਦੇ ਫ਼ੈਸਲੇ ਨੂੰ ਜਾਇਜ਼ ਠਹਿਰਾਉਂਦੇ ਹੋਏ ਕਿਹਾ ਕਿ ਉਨ੍ਹਾਂ ਲਈ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਖਡੂਰ ਸਾਹਿਬ ਹਲਕੇ ਦੀ ਜ਼ਿਮਨੀ ਚੋਣ ਨਾਲੋਂ ਕਿਤੇ ਵੱਧ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਨ ਸਾਰੇ ਪੰਜਾਬੀਆਂ ਦੇ ਮਨਾਂ ਨੂੰ ਠੇਸ ਪੁੱਜੀ ਹੈ ਤੇ ਕਾਂਗਰਸ ਨੇ ਇਕ ਸੀਟ ਲੜਨ ਨਾਲੋਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਬਹਾਲ ਕਰਨ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੀਨੀਅਰ ਸਾਥੀਆਂ ਨਾਲ ਸਲਾਹ ਕਰ ਕੇ ਚੋਣ ਦੇ ਬਾਈਕਾਟ ਦਾ ਫ਼ੈਸਲਾ ਕੀਤਾ ਹੈ। ਪ੍ਰੈੱਸ ਕਾਨਫ਼ਰੰਸ ਸਮੇਂ ਕੈਪਟਨ ਦੇ ਨਾਲ ਸੀਨੀਅਰ ਕਾਂਗਰਸੀ ਆਗੂ ਲਾਲ ਸਿੰਘ, ਰਾਣਾ ਗੁਰਜੀਤ ਸਿੰਘ, ਹਰਦਿਆਲ ਸਿੰਘ ਕੰਬੋਜ ਅਤੇ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਹਾਜ਼ਰ ਸਨ।
ਆਮ ਆਦਮੀ ਪਾਰਟੀ ਨੇ ਕਾਂਗਰਸ ਵੱਲੋਂ ਐਨ ਅਖੀਰਲੇ ਮੌਕੇ ਖਡੂਰ ਸਾਹਿਬ ਜ਼ਿਮਨੀ ਚੋਣ ਨਾ ਲੜਨ ਦੇ ਫ਼ੈਸਲੇ ਬਾਰੇ ਦੋਸ਼ ਲਾਇਆ ਹੈ ਕਿ ਕਾਂਗਰਸ ਅਤੇ ਅਕਾਲੀਆਂ ਮਿਲੇ ਹੋਏ ਹਨ। ਜਦੋਂ ਕਿ ਦੂਜੇ ਪਾਸੇ ਮੁੱਖ ਵਿਰੋਧੀ ਧਿਰ ਅਕਾਲੀ-ਭਾਜਪਾ ਨੇ ਕਾਂਗਰਸ ਅਤੇ ਖ਼ਾਸ ਕਰਕੇ ਕੈਪਟਨ ਉੱਪਰ ਚੋਣ ਮੈਦਾਨ ਵਿੱਚੋਂ ਭੱਜਣ ਦੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਹਨ। ਪਰ ਕੈਪਟਨ ਨੇ ਆਪ ਪਾਰਟੀ ਵੱਲੋਂ ਕਾਂਗਰਸ ਉੱਪਰ ਅਕਾਲੀਆਂ ਨਾਲ ਮਿਲੇ ਹੋਣ ਦੇ ਦੋਸ਼ਾਂ ਨੂੰ ਰੱਦ ਕਰਦਿਆ ਕਿਹਾ ਕਿ ਆਪ ਪਾਰਟੀ ਪਹਿਲਾਂ ਹੀ ਬਿਨਾਂ ਕਿਸੇ ਕਾਰਨ ਇਹ ਚੋਣ ਲੜਨ ਤੋਂ ਪਿੱਛੇ ਹਟ ਗਈ ਸੀ, ਜਦੋਂ ਕਿ ਕਾਂਗਰਸ ਨੇ ਸਿਧਾਂਤਕ ਆਧਾਰ ‘ਤੇ ਜ਼ਿਮਨੀ ਚੋਣ ਦਾ ਬਾਈਕਾਟ ਕੀਤਾ ਹੈ।