ਕਾਮਰੇਡ ਗੰਧਰਵ ਸੈਨ ਕੋਛੜ ਦਾ ਦੇਹਾਂਤ, ਸਸਕਾਰ ਅੱਜ ਹੋਵੇਗਾ

17 ਮਾਰਚ ਨੂੰ ਨੂਰਮਹਿਲ ‘ਚ ਸ਼ਰਧਾਂਜ਼ਲੀ ਸਮਾਗਮ
ਜਲੰਧਰ, 15 ਮਾਰਚ – ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਸਾਬਕਾ ਜਨਰਲ ਸਕੱਤਰ, ਸੀਨੀਅਰ ਟਰੱਸਟੀ, ਜ਼ਿੰਦਗੀ ਭਰ ਮਾਰਕਸਵਾਦੀ ਵਿਚਾਰਧਾਰਾ ਨੂੰ ਬੁਲੰਦ ਰੱਖਣ ਵਾਲੇ ਅਤੇ ਕਮਿਊਨਿਸਟ ਇਨਕਲਾਬੀ ਸੰਗਰਾਮ ਦੀ ਮਸ਼ਾਲ ਜਗਦੀ ਰੱਖਣ ਵਾਲੇ ਕਾਮਰੇਡ ਗੰਧਰਵ ਸੇਨ ਕੋਛੜ ਸੰਖੇਪ ਬਿਮਾਰੀ ਦੇ ਬਾਅਦ ਅੱਜ 14 ਮਾਰਚ ਨੂੰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਨੂੰ 15 ਮਾਰਚ ਦਿਨੇ 3 ਵਜੇ ਤੋਂ 4 ਵਜੇ ਤੱਕ ਲੋਕ-ਕਾਫ਼ਲੇ ਸੂਹੀ ਸਲਾਮੀ ਭੇਂਟ ਕਰਨਗੇ ਅਤੇ ਠੀਕ 4 ਵਜੇ ਨੂਰਮਹਿਲ ਦੀ ਹੀ ਸ਼ਮਸ਼ਾਨ  ਘਾਟ ਨੇੜੇ ਬਾਗ਼ ਉਨ੍ਹਾਂ ਦੀ ਚਿਖਾ ਨੂੰ ਅਗਨੀ ਦਿਖਾਈ ਜਾਏਗੀ। ਉਨ੍ਹਾਂ ਨੂੰ ਸੂਹੇ ਫੁੱਲਾਂ ਨਾਲ ਸਲਾਮ ਕਰਨ ਲਈ ਗੰਧਰਵ ਸੈਨ ਕੋਛੜ ਜੀ ਦੀ ਦੇਹ ਨੂੰ ਗੋਇਲ ਮਾਰਕੀਟ ਚੀਮਾ ਰੋਡ ਨੂਰਮਹਿਲ ਵਿਖੇ ਠੀਕ 3 ਵਜੇ ਰੱਖੀ ਜਾਏਗੀ।
ਜ਼ਿਕਰਯੋਗ ਹੈ ਕਿ ਗੰਧਰਵ ਸੈਨ ਕੋਛੜ ਜੀ ਨੇ ਗ਼ਦਰ ਪਾਰਟੀ ਦੀ ਵਿਚਾਰਧਾਰਾ ਨੂੰ ਕਿਰਤੀ ਪਾਰਟੀ ਦੇ ਝੰਡੇ ਹੇਠ ਅੱਗੇ ਤੋਰਿਆ। ਉਹ ਸਦਾ ਲੋਕ ਮੁਕਤੀ ਸੰਗਰਾਮ ਦੇ ਸਫ਼ਰ ‘ਤੇ ਰਹੇ। ਸੀ.ਪੀ.ਆਈ., ਸੀ.ਪੀ.ਐਮ., ਲਾਲ ਪਾਰਟੀ, ਨਕਸਲਬਾੜੀ ਲਹਿਰਾਂ ਵਿੱਚ ਕੰਮ ਕਰਦਿਆਂ ਆਖਰੀ ਦਮ ਤੱਕ ਉਹ ਮਾਰਕਸੀ ਫਲਸਫ਼ੇ, ਜਮਾਤੀ-ਸੰਗਰਾਮ ਅਤੇ ਇਨਕਲਾਬੀ ਸਮਾਜਕ ਤਬਦੀਲੀ ਦੇ ਮਾਰਗ ਤੇ ਦ੍ਰਿੜ ਰਹੇ। ਉਨ੍ਹਾਂ ਨੇ ਦੋ ਦਰਜਣ ਤੋਂ ਵੱਧ ਪੁਸਤਕਾਂ ਵੱਖ-ਵੱਖ ਵਿਸ਼ਿਆਂ ‘ਤੇ ਛਪਵਾਕੇ ਬਿਨਾਂ ਕਿਸੇ ਰਾਸ਼ੀ ਤੋਂ ਹਜ਼ਾਰਾਂ ਲੋਕਾਂ ਤੱਕ ਪੁੱਜਦੀਆਂ ਕੀਤੀਆਂ।
ਗੰਧਰਵ ਸੈਨ ਕੋਛੜ ਦਾ ਸ਼ਰਧਾਂਜ਼ਲੀ ਸਮਾਗਮ 17 ਮਾਰਚ 11 ਵਜੇ ਨੂਰਮਹਿਲ ਦੀ ਸਰਾਂ ਦੀ ਬੈਕ ਸਾਈਡ ‘ਤੇ ਪਰਿਵਾਰ ਵੱਲੋਂ ਕੀਤਾ ਜਾਵੇਗਾ।
ਕਾਮਰੇਡ ਜੀ ਦੇ ਵਿਛੋੜੇ ਦੀ ਖ਼ਬਰ ਸੁਣਦਿਆਂ ਹੀ ਸਵੇਰੇ ਹੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਮੀਤ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ, ਜੋਆਇੰਟ ਸਕੱਤਰ ਡਾ. ਪਰਮਿੰਦਰ ਸਿੰਘ, ਖਜ਼ਾਨਚੀ ਰਣਜੀਤ ਸਿੰਘ ਔਲਖ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਸੀਨੀਅਰ ਟਰੱਸਟੀ ਕਾਮਰੇਡ ਨੌਨਿਹਾਲ ਸਿੰਘ, ਕਾਮਰੇਡ ਮੰਗਤ ਰਾਮ ਪਾਸਲਾ, ਕੁਲਵੰਤ ਸਿੰਘ ਸੰਧੂ, ਹਰਵਿੰਦਰ ਭੰਡਾਲ, ਪ੍ਰਗਟ ਸਿੰਘ ਜਾਮਾਰਾਏ, ਚਰੰਜੀ ਲਾਲ ਕੰਗਣੀਵਾਲ, ਕਾਮਰੇਡ ਜਗਰੂਪ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਦੇਵ ਰਾਜ ਨਯੀਅਰ, ਹਰਬੀਰ ਕੌਰ ਬੰਨੂਆਣਾ, ਬਲਬੀਰ ਕੌਰ ਬੁੰਡਾਲਾ, ਰਘਬੀਰ ਕੌਰ, ਕੁਲਬੀਰ ਸਿੰਘ ਸੰਘੇੜਾ, ਵਰਿਆਮ ਸਿੰਘ ਸੰਧੂ, ਸੀਤਲ ਸਿੰਘ ਸੰਘਾ ਅਤੇ ਸਮੂਹ ਕਮੇਟੀ ਮੈਂਬਰਾਨ ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਹਾਲ ਦੇ ਪਰਿਵਾਰ ਨਾਲ ਜੁੜੇ ਕੇਸਰ, ਬਲਵਿੰਦਰ ਕੌਰ, ਗੁਰਦੀਪ ਸਿੰਘ ਸੰਧਰ, ਮਨਜੀਤ ਕੌਰ, ਕੁਲਵੰਤ ਸਿੰਘ ਕਾਕਾ, ਸ਼ਾਮ ਲਾਲ, ਭੂਵਨ, ਮਿਰਾਜ਼, ਰਾਜੂ, ਰਤਨ ਤੇ ਰਾਮ ਨੇ ਸ਼ੋਕ ਸਭਾ ਕਰਕੇ ਸ਼ਰਧਾਂਜ਼ਲੀ ਭੇਂਟ ਕੀਤੀਆਂ।
ਇਸ ਮੌਕੇ ਇੰਡੀਅਨ ਵਰਕਰਜ਼ ਐਸੋਸੀਏਸ਼ਨ ਅਤੇ ਸ਼ਹੀਦ ਊਧਮ ਸਿੰਘ ਵੈਲਫੇਅਰ ਐਸੋਸੀਏਸ਼ਨ ਬਰਮਿੰਘਗਮ, ਗ੍ਰੇਟ ਬ੍ਰਿਟੇਨ, ਜਮਹੂਰੀ ਅਧਿਕਾਰ ਸਭਾ ਪੰਜਾਬ ਅਤੇ ਵੱਖ-ਵੱਖ ਇਨਕਲਾਬੀ ਜਥੇਬੰਦੀਆਂ ਦੇ ਕਮੇਟੀ ਕੋਲ ਸ਼ੋਕ ਸੁਨੇਹੇ ਪੁੱਜੇ ਹਨ।