ਕਾਮਰੇਡ ਗੰਧਰਵ ਸੈਨ ਕੋਛੜ ਦੀ ਹਾਲਤ ਨਾਜ਼ੁਕ

ਜਲੰਧਰ, 13 ਮਾਰਚ – ਗ਼ਦਰ ਪਾਰਟੀ ਦੀ ਮਸ਼ਾਲ ਲੈ ਕੇ ਆਜ਼ਾਦੀ, ਜਮਹੂਰੀਅਤ ਅਤੇ ਸਾਂਝੀਵਾਲਤਾ ਵਾਲਾ ਨਵਾਂ-ਨਰੋਆ, ਮਿਹਨਤਕਸ਼ਾਂ ਦੀ ਪੁੱਗਤ ਵਾਲਾ ਰਾਜ ਅਤੇ ਸਮਾਜ ਸਿਰਜਣ ਤੁਰੀ ਕਿਰਤੀ ਪਾਰਟੀ ‘ਚ 1929 ਤੋਂ ਲੈ ਕੇ ਅੱਜ ਵੀ ਪੂਰੇ ਸਿਦਕ ਅਤੇ ਸਿਰੜ ਨਾਲ ਇਨਕਲਾਬੀ, ਸਮਾਜਕ ਤਬਦੀਲੀ ਦੇ ਮਹਾਨ ਕਾਜ਼ ਅਤੇ ਮਾਰਕਸੀ ਚਿੰਤਨ ਨੂੰ ਪਰਨਾਏ 100 ਵਰ੍ਹਿਆਂ ਦੇ ਕਾਮਰੇਡ ਗੰਧਰਵ ਸੈਨ ਕੋਛੜ ਦੀ ਸਿਹਤ ਦੀ ਹਾਲਤ ਕਾਫ਼ੀ ਨਾਜ਼ੁਕ ਬਣੀ ਹੋਈ ਹੈ।
ਉਨ੍ਹਾਂ ਨੂੰ ਅਧਰੰਗ ਦਾ ਅਚਨਚੇਤ ਦੌਰਾ ਪੈਣ ਕਾਰਨ ਉਹ ਬੋਲਣ ਅਤੇ ਕੁੱਝ ਖਾਣ ਪੀਣ ਤੋਂ ਅਸਮਰੱਥ ਹੋ ਗਏ ਹਨ। ਪਰਿਵਾਰਕ ਮੈਂਬਰ ਦੀ ਤਰ੍ਹਾਂ ਡਾ. ਮਨਜੀਤ ਸਿੰਘ, ਨੂਰਮਹਿਲ ਸਥਿਤ ਆਪਣੇ ‘ਮਨਜੀਤ ਹਸਪਤਾਲ’ ਵਿੱਚ ਉਨ੍ਹਾਂ ਦਾ ਹਰ ਸੰਭਵ ਇਲਾਜ ਕਰ ਰਹੇ ਹਨ।  ਬੁਲੰਦ ਹੌਂਸਲੇ ਅਤੇ ਵਿਗਿਆਨਕ ਦ੍ਰਿਸ਼ਟੀ ਨਾਲ ਭਰਪੂਰ ਗੰਧਰਵ ਸੈਨ ਦੀ ਧੀ ਸੁਰਿੰਦਰ ਕੁਮਾਰੀ ਕੋਛੜ ਅਤੇ ਪਰਿਵਾਰ ਦੇ ਵਿਸ਼ਾਲ ਘੇਰੇ ਨਾਲ ਜੁੜੇ ਲੋਕ ਉਹਨਾਂ ਦੀ ਸਿਹਤਯਾਬੀ ਲਈ ਹਰ ਸੰਭਵ ਯਤਨ ਕਰ ਰਹੇ ਹਨ।
ਕਿਰਤੀ ਪਾਰਟੀ, ਲਾਲ ਪਾਰਟੀ, ਸੀ.ਪੀ.ਆਈ., ਸੀ.ਪੀ.ਐਮ, ਕਮਿਊਨਿਸਟ ਇਨਕਲਾਬੀ ਪਾਰਟੀ (ਨਕਸਲਬਾੜੀ) ਅਤੇ ਦੇਸ਼ ਭਗਤ ਯਾਦਗਾਰ ਹਾਲ ‘ਚ ਲਾ ਮਿਸਾਲ ਭੂਮਿਕਾ ਅਦਾ ਕਰਦੇ ਆ ਰਹੇ 100 ਵਰ੍ਹਿਆਂ ਦੇ ਇਸ ਤੁਰਦੇ ਫਿਰਦੇ ਇਤਿਹਾਸ, ਗੰਧਰਵ ਸੈਨ ਕੋਛੜ ਦੀਆਂ ਪੈੜਾਂ ਸਾਂਭਣ, ਸਾਹਿਤ ਸਿਰਜਣਾ ਅਤੇ ਵਿਗਿਆਨਕ-ਜਮਾਤੀ ਚੇਤਨਾ ਦੇ ਪਸਾਰ ਲਈ ਸੰਘਰਸ਼ਸ਼ੀਲ ਸੰਸਥਾ ਦੇਸ਼ ਭਗਤ ਯਾਦਗਾਰ ਹਾਲ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਮੀਤ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ, ਜੋਆਇੰਟ ਸਕੱਤਰ ਡਾ. ਪਰਮਿੰਦਰ ਸਿੰਘ, ਖਜ਼ਾਨਚੀ ਰਣਜੀਤ ਸਿੰਘ ਔਲਖ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਸਮੂਹ ਕਮੇਟੀ ਮੈਂਬਰਾਨ ਨੇ ਅੱਜ ਗੰਧਰਵ ਸੈਨ ਕੋਛੜ ਦੀ ਸਿਹਤਯਾਬੀ ਲਈ ਪਰਿਵਾਰ ਨਾਲ ਸ਼ੁੱਭ ਕਾਮਨਾਵਾਂ ਸਾਂਝੀਆਂ ਕਰਦਿਆਂ ਕਿਹਾ ਹੈ ਕਿ ਗੰਧਰਵ ਸੈਨ ਕੋਛੜ ਦੀ ਲੋਕ-ਮੁਕਤੀ ਸੰਗਰਾਮ ਦੇ ਮਹਾਨ ਕਾਜ਼ ਵਿੱਚ ਦਿੱਤੀ ਅਮਿੱਟ ਦੇਣ ਨੂੰ ਸਦਾ ਬੁਲੰਦ ਰੱਖਦਿਆਂ ਉਹਨਾਂ ਦੀ ਸਿਹਤਯਾਬੀ ਲਈ ਹਰ ਉਪਾਅ ਕਰਨ ਲਈ ਯਤਨਸ਼ੀਲ ਹੈ।