ਕਾਰਟਰੈਟ ਦੀ ਸਿੱਖ ਡੇਅ ਪਰੇਡ (ਨਗਰ ਕੀਰਤਨ) ‘ਚ ਪਹਿਲੀ ਵਾਰ ਰਿਪਬਲਿਕਨ ਸੈਨੇਟਰ ਨੇ ਸ਼ਮੂਲੀਅਤ ਕੀਤੀ

New Jeresy Nagar Kirtanਕਾਰਟਰੈਟ, 10 ਮਈ (ਹੁਸਨ ਲੜੋਆ ਬੰਗਾ) – ਈਸਟ ਕੋਸਟ ਤੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਕਾਰਟਰੈਟ ਜਿਸ ਨੂੰ ਪੰਜਾਬੀ ਕਰਤਾਰਪੁਰ ਵੀ ਕਹਿ ਦਿੰਦੇ ਹਨ ਵਿਖੇ ‘ਚ 10ਵੀਂ ਸਿੱਖ ਡੇਅ ਪਰੇਡ ਕੱਢੀ ਗਈ ਇਹ ਪਰੇਡ ਗੁਰਦੁਆਰਾ ਦਸਮੇਸ਼ ਦਰਬਾਰ ਅਤੇ ਗੁਰਦੁਆਰਾ ਸਿੰਘ ਸਭਾ ਵੱਲੋਂ ਸਾਂਝੀ ਤੌਰ ‘ਤੇ ਕੱਢੀ ਜਾਂਦੀ ਹੈ। ਇਸ ਸਾਲ ਇਸ ਪਰੇਡ ਦਾ ਮੁੱਖ ਪ੍ਰਬੰਧ ਦਸਮੇਸ਼ ਦਰਬਾਰ ਗੁਰਦੁਆਰਾ ਕਮੇਟੀ ਕੋਲ ਸੀ। ਕਾਰਟਰੈਟ ਸਿਟੀ ਹਾਲ ‘ਤੇ 13ਵੀਂ ਵਾਰ ਨਿਸ਼ਾਨ ਸਾਹਿਬ ਚੜਾਇਆ ਗਿਆ ਜਿਹੜਾ ਕਿ ਹਰ ਸਾਲ ਹਫ਼ਤੇ ਭਰ ਲਈ ਅਮਰੀਕਨ ਝੰਡੇ ਦੇ ਨਾਲ ਝੁੱਲਦਾ ਹੈ। ਭਾਵੇ ਕਈ ਦਿਨ ਤੋਂ ਮੌਸਮ ਖ਼ਰਾਬ ਚਲਿਆ ਆ ਰਿਹਾ ਸੀ ਪਰ ਸ਼ਨੀਵਾਰ ਨੂੰ ਸਵੇਰ ਸਮੇਂ ਮੀਂਹ ਪੈਣ ਤੋਂ ਬਾਅਦ ਮੌਸਮ ਵਧੀਆ ਰਿਹਾ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਪ੍ਰੇਡ ਵਿੱਚ ਸ਼ਾਮਿਲ ਹੋਈਆਂ। ਬੋਰੋ ਹਾਲ ਦੇ ਸਾਹਮਣੇ ਸੰਗਤਾਂ ਭਾਰੀ ਗਿਣਤੀ ਵਿੱਚ ਜੁੜੀਆਂ ਅਤੇ ਕੋਮਲ ਦੇ ਢਾਢੀ ਜਥੇ ਨੇ ਬੀਰ ਰਸੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਉਪਰੰਤ ਮਾਨਯੋਗ ਮੇਅਰ ਡੈਨ ਰਾਈਮਨ ਨੇ ਮੰਚ ਤੋਂ ਆਪਣੇ ਕਾਉਂਸਲ ਮੈਂਬਰਾਂ ਨੂੰ ਸਿੱਖ ਸੰਗਤ ਦੇ ਰੂਹ ਬਰੂਹ ਕੀਤਾ ਅਤੇ ਵਿਸਾਖੀ ਦੇ ਸਬੰਧ ਵਿੱਚ….. ਵਧਾਈ ਸੰਦੇਸ਼ ਪੜ੍ਹ ਕੇ ਸੁਣਾਇਆ। ਸੰਗਤਾਂ ਨੇ ਮਾਨਯੋਗ ਮੇਅਰ ਦਾ ਸਵਾਗਤ ਜੈਕਾਰਿਆਂ ਦੀ ਗੂੰਜ ਵਿੱਚ ਕੀਤਾ। ਖ਼ਾਲਸਾਈ ਨਗਾਰੇ ਦੀ ਗੂੰਜ ਵਿੱਚ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦੀ ਰਸਮ ਪੂਰੀ ਕੀਤੀ ਗਈ। ਬੋਰੋ ਹਾਲ ਦੇ ਸਾਹਮਣੇ ਸਵੇਰ ਤੋਂ ਚਾਹ ਪਾਣੀ ਅਤੇ ਹੋਰ ਪਕਵਾਨਾਂ ਦੇ ਲੰਗਰ ਚੱਲ ਰਹੇ ਸਨ ਜਿਨ੍ਹਾਂ ਦਾ ਸੰਗਤਾਂ ਨੇ ਖੂਬ ਅਨੰਦ ਮਾਣਿਆਂ। ਅਰਦਾਸ ਉਪਰੰਤ ਨਗਰ ਕੀਰਤਨ ਕਾਰਟਰੈਟ ਪਾਰਕ ਵੱਲ ਚਾਲੇ ਪਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਗੁਰਬਾਣੀ ਦੇ ਸ਼ਬਦ ਗਾਇਨ ਕਰ ਰਹੀਆਂ ਸਨ। ਨਗਰ ਕੀਰਤਨ ਦੀ ਅਗਵਾਈ ਵਿੱਚ ਪੰਜ ਪਿਆਰੇ ਸਜੇ ਹੋਏ ਸਨ। ਕੀਰਤਨ ਜਥੇ ਵੱਲੋਂ ਰੱਬੀ ਬਾਣੀ ਦਾ ਕੀਰਤਨ ਕਰਕੇ ਕਾਰਟਰੈਟ ਦੀ ਫ਼ਿਜ਼ਾ ਵਿੱਚ ਅਲੌਕਿਕ ਅਨੰਦ ਪੈਦਾ ਕੀਤਾ ਜਾ ਰਿਹਾ ਸੀ। ਇਲਾਹੀ ਨਜ਼ਾਰਾ ਪੇਸ਼ ਕਰਦਾ ਇਹ ਨਗਰ ਕੀਰਤਨ ਕਾਰਟਰੈਟ ਦੀ ਮੁੱਖ ਪਾਰਕ ਵਿੱਚ ਪਹੁੰਚਿਆ। ਵਰਨਣਯੋਗ ਹੈ ਕਿ ਨਗਰ ਕੀਰਤਨ ਦੇ ਨਾਲ ਨਾਲ ਗਤਕੇ ਵਾਲੇ ਜਥੇ ਵੱਲੋਂ ਆਪਣੀ ਕਲਾ ਦੇ ਜੌਹਰ ਵਿਖਾਏ ਜਾਂਦੇ ਰਹੇ। ਸ਼ਹਿਰ ਦੀ ਮੁੱਖ ਸੜਕ ਵਾਸ਼ਿੰਗਟਨ ਐਵਿਨਿਊ ਦੇ ਦੋਹੀਂ ਪਾਸੀਂ ਖੜੇ ਗੈਰ ਪੰਜਾਬੀ ਲੋਕ ਵੀ ਇਸ ਦ੍ਰਿਸ਼ ਦਾ ਨਜ਼ਾਰਾ ਦੇਖ ਰਹੇ ਸਨ। ਪਾਰਕ ਵਿੱਚ ਪੰਥਕ ਸਟੇਜ ਦਾ ਆਯੋਜਨ ਕੀਤਾ ਗਿਆ ਸੀ। ਸਟੇਜ ਦੀ ਕਾਰਵਾਈ ਚਲਾਉਣ ਲਈ ਦੋਹਾਂ ਗੁਰੂ ਘਰਾਂ ਦੇ ਸਕੱਤਰਾਂ ਵੱਲੋਂ ਸੇਵਾ ਨਿਭਾਈ ਗਈ। ਬਹੁਤ ਸਾਰੇ ਬੁਲਾਰਿਆਂ ਨੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ। ਇਸ ਵਾਰ ਮੁੱਖ ਬੁਲਾਰੇ ਦੇ ਤੌਰ ‘ਤੇ ਵਾਸ਼ਿੰਗਟਨ ਤੋਂ ਡਾਕਟਰ ਅਮਰਜੀਤ ਸਿੰਘ ਸ਼ਾਮਿਲ ਸਨ। ਉਨ੍ਹਾਂ ਨੇ ਆਪਣੀ ਤਕਰੀਰ ਦਾ ਮੁੱਖ ਨਿਚੋੜ ਖ਼ਾਲਿਸਤਾਨ ਦੀ ਪ੍ਰਾਪਤੀ ਉੱਪਰ ਰੱਖਿਆ। ਟਰਾਈ ਸਟੇਟ ਦੇ ਹੋਰ ਵੀ ਕਈ ਬੁਲਾਰਿਆਂ ਵੱਲੋਂ ਸਿੱਖ ਕੌਮ ਦੇ ਆਪਣੇ ਵੱਖਰੇ ਘਰ ਦੀ ਵਕਾਲਤ ਕੀਤੀ ਗਈ। ਪਾਰਕ ਵਿੱਚ ਵੱਖ ਵੱਖ ਤਰਾਂ ਦੇ ਸਟਾਲ ਲੱਗੇ ਹੋਏ ਸਨ ਜਿਨ੍ਹਾਂ ਵਿੱਚ ਵੱਖ ਵੱਖ ਤਰਾਂ ਦੇ ਬਹੁਤ ਸਵਾਦੀ ਪਕਵਾਨ ਵਰਤਾਏ ਜਾ ਰਹੇ ਸਨ। ਹੁਣ ਤੱਕ ਭਾਵੇ ਸਿਟੀ ਦੇ ਮੇਅਰ ਹੀ ਇਸ ਪ੍ਰੇਡ ‘ਚ ਮੁੱਖ ਮਹਿਮਾਨ ਹੁੰਦੇ ਸਨ ਪਰ ਇਸ ਸਾਲ ਪਹਿਲੀ ਵਾਰ ਸਿੱਖ ਆਗੂਆਂ ਦੇ ਸੱਦੇ ਤੇ ਨਿਊਜਰਸੀ ਦੇ 12 ਡਿਸਟ੍ਰਿਕਟ ਤੋਂ ਸਟੇਟ ਸੈਨੇਟਰ ਸੈਮ ਥਾਮਪਸਨ ਜਿਹੜੇ ਕਿ ਰਿਪਬਲਿਕਨ ਪਾਰਟੀ ਦੇ ਕਾਉਂਟੀ ਦੇ ਚੇਅਰਮੈਨ ਵੀ ਹਨ ਵੀ ਖ਼ਾਸ ਤੌਰ ‘ਤੇ ਇਸ ਪ੍ਰੇਡ ‘ਚ ਸ਼ਾਮਿਲ ਹੋਏ ਜਿਨ੍ਹਾਂ ਨੇ ਕਾਰਟਰੈਟ ਪਾਰਕ ‘ਚ ਸਜੀ ਸਟੇਜ ਤੋਂ ਸਿੱਖ ਕੌਮ ਨੂੰ ਵਿਸਾਖੀ ਦੇ ਮੌਕੇ ‘ਤੇ ਵਧਾਈ ਦਿੱਤੀ।