ਕਾਰੋਬਾਰਾਂ ਨੂੰ ਬਚਾਉਣ ਲਈ ਸੰਸਦ ‘ਚ ਪਟੀਸ਼ਨ ਲਾਂਚ – ਸੰਨੀ ਕੌਸ਼ਲ

ਆਕਲੈਂਡ, 20 ਅਪ੍ਰੈਲ – ਕੋਰੋਨਾਵਾਇਰਸ ਦੇ ਕਰਕੇ ਨਿਊਜ਼ੀਲੈਂਡ ਭਰ ਲੋਕਡਾਉਨ ਦੇ ਘੇਰੇ ਵਿੱਚ ਹੈ ਤੇ ਇਸ ਦਾ ਅਸਰ ਦੇਸ਼ ਦੇ ਕਾਰੋਬਾਰਾਂ ਉੱਪਰ ਵੀ ਵੇਖਣ ਨੂੰ ਮਿਲ ਰਿਹਾ ਹੈ। ਲੌਕਡਾਉਨ ਦੀ ਮਾਰ ਹੇਠ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ, ਜਿਸ ਨੂੰ ਕੁੱਝ ਹੱਦ ਤੱਕ ਬਚਾਉਣ ਲਈ ਭਾਰਤੀ ਕਾਰੋਬਾਰੀ ਸੰਨੀ ਕੌਸ਼ਲ ਨੇ ਸੰਸਦ ਵਿੱਚ ਪਟੀਸ਼ਨ ਦਾਇਰ ਕੀਤੀ ਹੈ, ਜਿਸ ਨੂੰ ਮਜ਼ਬੂਤ ਆਵਾਜ਼ ਬਣਾਉਣ ਲਈ ਉਨ੍ਹਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪਟੀਸ਼ਨ ਉੱਤੇ ਦਸਤਖ਼ਤ ਕਰਨ।
ਸ੍ਰੀ ਸੰਨੀ ਨੇ ਕਿਹਾ ਕਿ ਦੇਸ਼ ਭਰ ਦੇ ਵੱਡੇ ਜਾਂ ਛੋਟੇ ਸਾਰੇ ਉਦਯੋਗਾਂ ਦੇ ਕਾਰੋਬਾਰਾਂ ਦੀ ਜੇ ਤੁਰੰਤ ਸਹਾਇਤਾ ਨਾ ਕੀਤੀ ਗਈ ਤਾਂ ਉਹ ਤਬਾਹ ਹੋਣ ਦੇ ਕੰਢੇ ਹਨ। ਲੌਕਡਾਉਨ ਵਿੱਚ ਕੋਈ ਆਮਦਨੀ ਨਹੀਂ ਹੋਣ ਦੇ ਨਾਲ, ਉਨ੍ਹਾਂ ਕੋਲ ਸੰਚਾਲਨ ਦੇ ਖ਼ਰਚਿਆਂ ਨੂੰ ਮੁੱਖ ਤੌਰ ‘ਤੇ ਕਿਰਾਏ ਅਤੇ ਕੀਮਤਾਂ ਦਾ ਭੁਗਤਾਨ ਕਰਨ ਦਾ ਕੋਈ ਸਾਧਨ ਨਹੀਂ ਹੈ। ਇਹ ਹਰ ਕਿਸੇ ਅਤੇ ਤੁਹਾਡੇ ਪਰਿਵਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗਾ ਭਾਵੇਂ ਤੁਸੀਂ ਕਰਮਚਾਰੀ, ਕਾਰੋਬਾਰੀ ਮਾਲਕ, ਗਾਹਕ, ਠੇਕੇਦਾਰ ਜਾਂ ਸਪਲਾਇਰ ਹੋ।
ਉਨ੍ਹਾਂ ਦੱਸਿਆ ਕਿ ਸਰਕਾਰ ਤੋਂ ਇਲਾਵਾ, ਇਹ ਪਟੀਸ਼ਨ ‘ਦੇਸ਼ ਭਰ ਵਿਚਲੇ ਸਥਾਨਕ ਕੌਂਸਲਰਾਂ’ ਨੂੰ ਅਪੀਲ ਕਰ ਰਹੀ ਹੈ ਕਿ ਉਹ ਅੱਗੇ ਆਉਣ ਅਤੇ ਸਥਾਨਕ ਕਾਰੋਬਾਰਾਂ ਨੂੰ ਉਨ੍ਹਾਂ ਦੇ ਚਲਦੇ ਰਹਿਣ ਲਈ ਸਹਾਇਤਾ ਦੇਣ ਵਿੱਚ ਆਪਣੀ ਭੂਮਿਕਾ ਨਿਭਾਉਣ। ਇਸ ਅਸਧਾਰਨ ਸਥਿਤੀ ਵਿੱਚ ਪ੍ਰਭਾਵਿਤ ਕਾਰੋਬਾਰਾਂ ਦੇ ਲਈ ‘ਰੇਟਸ ਹਾਲੀਡੇਅ’ ਦੀ ਪੇਸ਼ਕਸ਼ ਦੇ ਨਾਲ ਸ਼ੁਰੂ ਕੀਤਾ ਜਾ ਸਕੇ।
ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਕਰਕੇ ਹੋਏ ਲੌਕਡਾਉਨ ਦਾ ਮਾੜਾ ਅਸਰ ਹਰ ਵੱਡੇ-ਛੋਟੇ ਬਿਜ਼ਨਸਾਂ, ਉਨ੍ਹਾਂ ਦੇ ਮਾਲਕਾਂ, ਵਰਕਰਾਂ ਆਦਿ ਸਭ ਉੱਪਰ ਪੈ ਰਿਹਾ ਹੈ। ਉਨ੍ਹਾਂ ਨੇ ‘ਰੇਟਸ ਹਾਲੀਡੇਅ’ ਦੀ ਮੰਗ ਰੱਖੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ‘ਤੇ ਦਸਤਖ਼ਤ ਕਰੋ ਅਤੇ ਦਸਤਖ਼ਤ ਕਰਨ ਲਈ ਆਪਣੇ ਨੈੱਟਵਰਕ ‘ਚ ਬੇਨਤੀ ਕਰੋ ਕਿ ਉਹ ਵੀ ਦਸਤਖ਼ਤ ਕਰਨ। ਬਿਜ਼ਨਸਾਂ ਦੀ ਮਦਦ ਲਈ ਤੁਸੀਂ ਹੇਠਾਂ ਲਿਖੇ ਲਿੰਕ ਉੱਪਰ ਜਾ ਕੇ ਪਟੀਸ਼ਨ ਉੱਤੇ ਦਸਤਖ਼ਤ ਕਰੋ : https://www.parliament.nz/en/pb/petitions/document/PET_96528/petition-of-sunny-kaushal-local-goverments-in-new zealand?signed=true