ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਸਲਮਾਨ ਖਾਨ ਨੂੰ 5 ਸਾਲ ਦੀ ਸਜ਼ਾ ਤੇ 10 ਹਜ਼ਾਰ ਰੁਪਏ ਜੁਰਮਾਨਾ

ਅਦਾਕਾਰ ਸਲਮਾਨ ਖਾਨ

ਜੋਧਪੁਰ, 5 ਅਪ੍ਰੈਲ – ਕਾਂਕਾਣੀ ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਜੋਧਪੁਰ ਅਦਾਲਤ ਨੇ ਬਾਲੀਵੁੱਡ ਦੇ ਦਬੰਗ ਅਦਾਕਾਰ ਸਲਮਾਨ ਖਾਨ ਦੋਸ਼ੀ ਕਰਾਰ ਦਿੰਦੇ ਹੋਏ 5 ਸਾਲ ਕੈਦ ਦੀ ਸਜ਼ਾ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜਦੋਂ ਕਿ ਮੁੱਖ ਨਿਆਇਕ ਮਜਿਸਟਰੇਟ ਦੇਵ ਕੁਮਾਰ ਖੱਤਰੀ ਨੇ ਇਸ ਮਾਮਲੇ ਵਿੱਚ ਅਦਾਕਾਰ ਸੈਫ ਅਲੀ ਖਾਨ, ਅਦਾਕਾਰਾ ਤੱਬੂ, ਅਦਾਕਾਰਾ ਨੀਲਮ, ਅਦਾਕਾਰਾ ਸੋਨਾਲੀ ਬੇਂਦਰੇ ਅਤੇ ਦੁਸ਼ਅੰਤ ਸਿੰਘ ਬਰੀ ਹੋ ਗਏ ਹਨ।
ਅਦਾਕਾਰ ਸਲਮਾਨ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ ਤੇ ਉਸ ਨੂੰ ਜੋਧਪੁਰ ਸੈਂਟਰਲ ਜੇਲ੍ਹ ਭੇਜੇ ਦਿੱਤਾ ਗਿਆ। ਦੱਸਣਯੋਗ ਹੈ ਕਿ 1998 ‘ਚ ਜੋਧਪੁਰ ‘ਚ ਆਪਣੀ ਫਿਲਮ ‘ਹਮ ਸਾਥ ਸਾਥ ਹੈ’ ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ ‘ਤੇ ਤਿੰਨ ਵੱਖ-ਵੱਖ ਥਾਵਾਂ ‘ਤੇ ਹਿਰਨ ਦਾ ਸ਼ਿਕਾਰ ਕਰਨ ਦੇ ਦੋਸ਼ ਲੱਗੇ। ਉਨ੍ਹਾਂ ਦੀ ਗ੍ਰਿਫ਼ਤਾਰੀ ਵੀ ਹੋਈ ਤੇ ਸਲਮਾਨ ਦੇ ਕਮਰੇ ‘ਚੋਂ ਪੁਲਸ ਨੇ ਇਕ ਪਿਸਤੌਲ ਤੇ ਰਾਈਫ਼ਲ ਬਰਾਮਦ ਕੀਤੀ। ਉਨ੍ਹਾਂ ਦੇ ਹਥਿਆਰ ਲਾਇਸੰਸ ‘ਚ ਵੀ ਖ਼ਾਮੀਆਂ ਦੇਖੀਆਂ ਗਈਆਂ ਸਨ। ਇਸ ਤੋਂ ਬਾਅਦ ਸਲਮਾਨ ਖ਼ਿਲਾਫ਼ ਆਰਮਜ਼ ਐਕਟ ‘ਚ ਵੀ ਅਲੱਗ ਤੋਂ ਮਾਮਲਾ ਦਰਜ ਕੀਤਾ ਗਿਆ।
ਅਦਾਕਾਰ ਸਲਮਾਨ ਇਸ ਤੋਂ ਪਹਿਲਾਂ ਵੀ ਰਾਖਵਾਂ ਜਾਨਵਰਾਂ ਦੇ ਸ਼ਿਕਾਰ ਨਾਲ ਜੁੜੇ ਤਿੰਨ ਮਾਮਲਿਆਂ ਵਿੱਚ ਦੋ ਵਾਰ ਜੇਲ੍ਹ ਜਾ ਚੁੱਕੇ ਹਨ।  ਅਪ੍ਰੈਲ 2006 ਅਤੇ ਅਗਸਤ 2007 ਵਿੱਚ ਉਹ ਜੋਧਪੁਰ ਜੇਲ੍ਹ ਵਿੱਚ ਬੰਦ ਕੀਤੇ ਜਾ ਚੁੱਕੇ ਹਨ।