ਕਾਲੇ ਵਿਅਕਤੀ ਦੀ ਪੁਲਿਸ ਹਿਰਾਸਤ ਵਿੱਚ ਹੋਈ ਮੌਤ ਦਾ ਮਾਮਲਾ, ਅਮਰੀਕਾ ਦੇ 16 ਰਾਜਾਂ ਦੇ 25 ਸ਼ਹਿਰਾਂ ਵਿੱਚ ਲਾਇਆ ਕਰਫ਼ਿਊ

 • ਵਾਈਟ ਹਾਊਸ ਦੇ ਬਾਹਰ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਝੜਪਾਂ
 • ਰਾਸ਼ਟਰਪਤੀ ਨੇ ਪ੍ਰਦਰਸ਼ਨਕਾਰੀਆਂ ਨੂੰ ਦਿੱਤੀ ਸਖ਼ਤ ਚਿਤਾਵਨੀ
  ਵਾਸ਼ਿੰਗਟਨ 31 ਮਈ (ਹੁਸਨ ਲੜੋਆ ਬੰਗਾ) –
  ਮਿਨੀਐਪੋਲਿਸ ਪੁਲਿਸ ਦੀ ਹਿਰਾਸਤ ਵਿੱਚ ੪ ਦਿਨ ਪਹਿਲਾਂ ਇਕ ਕਾਲੇ ਵਿਅਕਤੀ ਦੀ ਹੋਈ ਮੌਤ ਨੂੰ ਲੈ ਕੇ ਸ਼ੁਰੂ ਹੋਏ ਪ੍ਰਦਰਸ਼ਨ ਪੂਰੇ ਅਮਰੀਕਾ ਵਿੱਚ ਫੈਲ ਗਏ ਹਨ। ਪ੍ਰਦਰਸ਼ਨਕਾਰੀਆਂ ਦੀ ਹਿੰਸਾ ਕਾਰਨ 16 ਰਾਜਾਂ ਦੇ 25 ਸ਼ਹਿਰਾਂ ਵਿੱਚ ਕਰਫ਼ਿਊ ਲਾਉਣਾ ਪਿਆ ਹੈ। ਜਿਨ੍ਹਾਂ ਸ਼ਹਿਰਾਂ ਵਿੱਚ ਕਰਫ਼ਿਊ ਲਾਇਆ ਗਿਆ ਹੈ ਉਨ੍ਹਾਂ ਵਿੱਚ ਬਾਵਰਲੀ ਹਿਲਜ਼ ਤੇ ਲਾਸ ਏਂਜਲਸ (ਕੈਲੀਫੋਰਨੀਆ), ਡੈਨਵਰ (ਕੋਲੋਰਾਡੋ), ਮਿਆਮੀ (ਫਲੋਰੀਡਾ), ਜਾਰਜੀਆ (ਐਟਲਾਂਟਾ), ਸ਼ਿਕਾਗੋ (ਇਲੀਨੋਇਸ), ਮਿਨੀਐਪੋਲਿਸ ਤੇ ਸੇਂਟ ਪਾਲ (ਮਿਨੀਸੋਟਾ), ਰੋਚੈਸਟਰ (ਨਿਊਯਾਰਕ), ਸਿਆਟਲ (ਵਾਸ਼ਿੰਗਟਨ) ਤੇ ਓਹੀਓ ਰਾਜ ਦੇ 5 ਸ਼ਹਿਰ ਵੀ ਸ਼ਾਮਿਲ ਹਨ।
  ਵਾਈਟ ਹਾਊਸ ਦੇ ਬਾਹਰ ਝੜਪਾਂ –
  ਵਾਈਟ ਹਾਊਸ ਦੇ ਬਾਹਰ ਤੇ ਰਾਜਧਾਨੀ ਦੇ ਹੋਰ ਖੇਤਰਾਂ ਵਿੱਚ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ ਹੋਈਆਂ ਜਿਸ ਉਪਰੰਤ ਰਾਸ਼ਟਰਪਤੀ ਡੋਨਾਲਡ ਟਰੰਪ ਨੇ ‘ਭੀੜ ਹਿੰਸਾ’ ਵਿਰੁੱਧ ਸਖ਼ਤ ਚਿਤਾਵਨੀ ਦਿੱਤੀ ਤੇ ਕਿਹਾ ਕਿ ਇਸ ਨੂੰ ਸਖ਼ਤੀ ਨਾਲ ਦਬਾਅ ਦਿੱਤਾ ਜਾਵੇਗਾ। ਪ੍ਰਦਰਸ਼ਨਕਾਰੀਆਂ ਨੇ ‘ਕੈਪੀਟਲ ਬੈਲਟਵੇਅ’ ਉੱਪਰ ਵੀ ਜਾਮ ਲਾਇਆ। ਜਦੋਂ ਸੁਰੱਖਿਆ ਗਾਰਡ ਰਾਸ਼ਟਰਪਤੀ ਨੂੰ ਵਾਪਸ ਵਾਈਟ ਹਾਊਸ ਵੱਲ ਲਿਜਾ ਰਹੇ ਸਨ ਤਾਂ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਉੱਪਰ ਤਨਜ਼ ਕੱਸੇ ਤੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ। ਖ਼ੁਫ਼ੀਆ ਸੇਵਾ ਦੇ ਏਜੰਟਾਂ ਤੇ ਪੁਲਿਸ ਉੱਪਰ ਬੋਤਲਾਂ ਵੀ ਸੁੱਟੀਆਂ ਜਦ ਕਿ ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਅੱਥਰੂ ਗੈੱਸ ਦੇ ਗੋਲੇ ਛੱਡੇ। ਪੂਰੀ ਰਾਜਧਾਨੀ ਵਿੱਚ ਹੋਏ ਜ਼ਿਆਦਾਤਰ ਪ੍ਰਦਰਸ਼ਨ ਸ਼ਾਂਤਮਈ ਰਹੇ। ਵਾਈਟ ਹਾਊਸ ਦੇ ਬਾਹਰ ਹੋਏ ਪ੍ਰਦਰਸ਼ਨ ਵਿੱਚ ਭਾਰਤੀ ਮੂਲ ਦੀ ਸੈਨੇਟਰ ਕਮਲਾ ਹੈਰਿਸ ਵੀ ਸ਼ਾਮਿਲ ਹੋਈ ਜਿਸ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦਗੀ ਚੋਣ ਲੜੀ ਸੀ ਪਰ ਕਾਫ਼ੀ ਪਛੜ ਗਈ ਸੀ।
  10000 ਹੋਰ ਜਵਾਨ ਤਾਇਨਾਤ-
  ਮਿਨੀਐਪੋਲਿਸ ਵਿੱਚ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ। ਗਵਰਨਰ ਟਿਮ ਵਾਲਜ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਸ਼ਹਿਰ ਵਿੱਚ ਸਥਿਤੀ ਠੀਕ ਨਹੀਂ ਹੈ। ਇਹ ਆਮ ਲੋਕਾਂ ਉੱਪਰ ਹਮਲਾ ਹੈ। ਪ੍ਰਦਰਸ਼ਨਕਾਰੀ ਖ਼ੌਫ਼ ਪੈਦਾ ਕਰ ਰਹੇ ਹਨ ਤੇ ਸਾਡੇ ਮਹਾਨ ਸ਼ਹਿਰਾਂ ਨੂੰ ਅਸ਼ਾਂਤ ਕਰ ਰਹੇ ਹਨ। ਜੁੜਵੇਂ ਸ਼ਹਿਰ ਦੇ ਮੇਅਰ ਜੈਕੋਬ ਫਰੇਅ ਨੇ ਗਵਰਨਰ ਦੇ ਉਸ ਦਾਅਵੇ ‘ਤੇ ਸਹਿਮਤੀ ਪ੍ਰਗਟਾਈ ਹੈ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਜ਼ਿਆਦਾਤਰ ਪ੍ਰਦਰਸ਼ਨਕਾਰੀ ਮਿਨੀਸੋਟਾ ਤੋਂ ਬਾਹਰਲੇ ਹਨ। ਗਵਰਨਰ ਤੇ ਮੇਅਰ ਨੇ ਕਰਫ਼ਿਊ ਸਖ਼ਤੀ ਨਾਲ ਲਾਗੂ ਕਰਨ, ਪ੍ਰਮੁੱਖ ਰਾਸ਼ਟਰੀ ਮਾਰਗ ਬੰਦ ਕਰਨ ਤੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਚਿਤਾਵਨੀ ਦਿੱਤੀ ਹੈ। ਵਾਲਜ਼ ਨੇ ਲੋਕਾਂ ਨੂੰ ਕਿਹਾ ਕਿ ਉਹ ਘਰਾਂ ਤੋਂ ਬਾਹਰ ਨਾ ਨਿਕਲਣ ਤੇ ਹਾਲਾਤ ਵਿਗੜਨ ਨਾ ਦੇਣ। ਉਨ੍ਹਾਂ ਕਿਹਾ ਕਿ ਕਰਫ਼ਿਊ ਦੌਰਾਨ ਸ਼ਾਂਤਮਈ ਪ੍ਰਦਰਸ਼ਨਾਂ ਦੀ ਵੀ ਇਜਾਜ਼ਤ ਨਹੀਂ ਹੋਵੇਗੀ। ਹਿੰਸਾ ਨੂੰ ਵੇਖਦਿਆਂ ਹੋਇਆਂ ਮਿਣੀ ਸੋਟਾ ਵਿੱਚ 10000 ਹੋਰ ਸੁਰੱਖਿਆ ਜਵਾਨ ਤਾਇਨਾਤ ਕੀਤੇ ਗਏ ਹਨ।