ਕਿਸਾਨਾਂ ਦੇ ਰੇਲ ਰੋਕੋ ਪ੍ਰੋਗਰਾਮ ਨੂੰ ਪੰਜਾਬ, ਹਰਿਆਣਾ, ਯੂਪੀ ਤੇ ਦੇਸ਼ ਦੇ ਹਿੱਸਿਆਂ ‘ਚ ਭਰਵਾਂ ਹੁੰਗਾਰਾ

ਨਵੀਂ ਦਿੱਲੀ, 19 ਫਰਵਰੀ – 18 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਤੇ ਯੂਨੀਅਨਾਂ ਦੇ ‘ਸੰਯੁਕਤ ਕਿਸਾਨ ਮੋਰਚੇ’ ਵੱਲੋਂ ਦਿੱਤੇ ਰੇਲ ਰੋਕੋ ਪ੍ਰੋਗਰਾਮ ਨੂੰ ਪੰਜਾਬ, ਹਰਿਆਣਾ, ਯੂਪੀ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ‘ਚ ਭਰਵਾਂ ਹੁੰਗਾਰਾ ਮਿਲਿਆ ਤੇ ਦਿਨੇ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਕੌਮੀ ਪੱਧਰ ‘ਤੇ ਰੇਲ ਗੱਡੀਆਂ ਰੋਕਣ ਦਾ ਪ੍ਰੋਗਰਾਮ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਸਮੇਤ ਦੇਸ਼ ਦੀਆਂ ਲਗਭਗ 500 ਕਿਸਾਨ ਜਥੇਬੰਦੀਆਂ ਤੇ ਯੂਨੀਅਨਾਂ ‘ਸੰਯੁਕਤ ਕਿਸਾਨ ਮੋਰਚੇ’ ਵਿੱਚ ਸ਼ਾਮਿਲ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਨੇ ਕੌਮੀ ਪੱਧਰ ‘ਤੇ ਰੇਲ ਰੋਕੋ ਨੂੰ ਸਫਲ ਬਣਾਇਆ ਤੇ ਵੱਡੇ-ਛੋਟੇ ਰੇਲਵੇ ਸਟੇਸ਼ਨਾਂ ਦੀਆਂ ਰੇਲ ਪਟੜੀਆਂ ਰੋਕੀਆਂ। ਉਨ੍ਹਾਂ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਲਗਾਤਾਰ ਝੂਠ ਬੋਲ ਰਹੀ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕੁੱਝ ਰਾਜਾਂ ਤੱਕ ਹੀ ਸੀਮਤ ਹੈ ਪਰ ਰੇਲ ਰੋਕੋ ਅੰਦੋਲਨ ਦੌਰਾਨ ਹੋਰ ਰਾਜਾਂ ਦੇ ਕਿਸਾਨਾਂ ਨੇ ਰੇਲਾਂ ਰੋਕ ਕੇ ਕੇਂਦਰ ਸਰਕਾਰ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ।
ਖ਼ਬਰਾਂ ਮੁਤਾਬਿਕ ਰੇਲ ਰੋਕੋ ਨੂੰ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਂਚਲ, ਰਾਜਸਥਾਨ, ਮਹਾਂਰਾਸ਼ਟਰ, ਕਰਨਾਟਕ, ਪੱਛਮੀ ਬੰਗਾਲ, ਉੜੀਸਾ, ਮੁੰਬਈ ਤੇ ਮੱਧ ਪ੍ਰਦੇਸ਼ ਸਮੇਤ ਹੋਰ ਰਾਜਾਂ ਤੋਂ ਵੀ ਹੁੰਗਾਰਾ ਮਿਲਿਆ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੇ ਕੇਂਦਰ ਨੂੰ ਦੱਸ ਦਿੱਤਾ ਹੈ ਕਿ ਅੰਦੋਲਨ ਹੁਣ ਕੌਮੀ ਪੱਧਰ ਦੀ ਪਛਾਣ ਬਣਾ ਚੁੱਕਾ ਹੈ। ਕਿਸਾਨ ਆਗੂਆਂ ਮੁਤਾਬਿਕ ਕਿਸਾਨਾਂ ਦੇ ਪਰਿਵਾਰਾਂ ਨੇ ਬੱਚਿਆਂ ਸਮੇਤ ਕਿਸਾਨ ਅੰਦੋਲਨ ਦੇ ਇਸ ਪੜਾਅ ਦੌਰਾਨ ਪਟੜੀਆਂ ਮੱਲ ਕੇ ਕਿਸਾਨਾਂ ਦਾ ਸਾਥ ਦਿੱਤਾ। ਕਿਸੇ ਪਾਸਿਉਂ ਕੋਈ ਅਣਹੋਣੀ ਜਾਂ ਪੁਲੀਸ ਨਾਲ ਟਾਕਰੇ ਦੀ ਕੋਈ ਸੂਚਨਾ ਨਹੀਂ ਮਿਲੀ। ਉਨ੍ਹਾਂ ਨੇ ਕਿਹਾ ਕਿ ਕਿਸਾਨ ਸ਼ਾਂਤਮਈ ਅੰਦੋਲਨ ਉਦੋਂ ਤੱਕ ਜਾਰੀ ਰੱਖਣਗੇ ਜਦੋਂ ਤੱਕ ਕੇਂਦਰ ਤਿੰਨਾਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦਾ। ਸਿੰਘੂ ਤੇ ਟਿਕਰੀ ਬਾਰਡਰਾਂ ਦੇ ਮੋਰਚਿਆਂ ਦੇ ਮੰਚਾਂ ਤੋਂ ਕਿਸਾਨ ਆਗੂਆਂ ਨੇ ਰੇਲ ਰੋਕੋ ਦੇ ਸ਼ਾਂਤਮਈ ਪੂਰਨ ਹੋਣ ਲਈ ਕਿਸਾਨਾਂ ਦਾ ਧੰਨਵਾਦ ਕੀਤਾ। ਕਿਸਾਨ ਆਗੂਆਂ ਨੇ ਦੱਸਿਆ ਕਿ ਕੁਰੂਕਸ਼ੇਤਰ ਰੇਲਵੇ ਟਰੈਕ, ਰੇਵਾੜੀ ਰੇਲਵੇ ਟਰੈਕ ‘ਤੇ ਕਿਸਾਨਾਂ ਨੇ ਧਰਨਾ ਦਿੱਤਾ। ਇਸੇ ਤਰ੍ਹਾਂ ਹਰਿਦੁਆਰ ਸਪੈਸ਼ਲ ਮੇਰਠ ਵਿੱਚ, ਮੁੰਬਈ ਤੋਂ ਅੰਮ੍ਰਿਤਸਰ ਜਾ ਰਹੀ ਪੱਛਮ ਐਕਸਪ੍ਰੈੱਸ ਪਾਣੀਪਤ ‘ਚ ਰੋਕੀ ਗਈ। ਕਿਸਾਨਾਂ ਨੇ ਯਮੁਨਾਨਗਰ, ਹਰਿਆਣਾ, ਉੜੀਸਾ ਦੇ ਬ੍ਰਹਮਾਪੁਰ, ਬਿਹਾਰ ਦੇ ਸ਼ੇਖਪੁਰਾ, ਮਹਾਰਾਸ਼ਟਰ ਵਿੱਚ ਔਰੰਗਾਬਾਦ, ਪੁਣੇ, ਜੰਮੂ ਅਤੇ ਕਰਨਾਲ ‘ਚ ਵੀ ਰੇਲ ਟਰੈਕ ਜਾਮ ਕੀਤੇ।
ਉੱਧਰ ਭਾਰਤੀ ਰੇਲਵੇ ਨੇ ਦੱਸਿਆ ਕਿ 4 ਘੰਟੇ ਦਾ ਰੇਲ ਰੋਕੋ ਅੰਦੋਲਨ ਸ਼ਾਂਤੀਪੂਰਵਕ ਪੂਰਾ ਹੋ ਗਿਆ ਤੇ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਹਾਲਾਂਕਿ ਰੇਲਵੇ ਨੇ ਬਿਆਨ ਵਿੱਚ ਕਿਹਾ ਕਿ 20 ਵਾਧੂ ਕੰਪਨੀਆਂ ਰੇਲਵੇ ਸੁਰੱਖਿਆ ਲਈ ਲਾਈਆਂ ਗਈਆਂ ਸਨ ਤੇ ਦੇਸ਼ ਭਰ ਵਿੱਚ ਰੇਲ ਰੋਕੋ ਦਾ ਅਸਰ ਬਹੁਤ ਘੱਟ ਪਿਆ। ਕੁੱਝ ਇਲਾਕਿਆਂ ਵਿੱਚ ਕੁੱਝ ਰੇਲ ਗੱਡੀਆਂ ਰੋਕੀਆਂ ਗਈਆਂ ਸਨ ਪਰ ਬਾਅਦ ਵਿੱਚ ਰੇਲ ਆਵਾਜਾਈ ਆਮ ਵਰਗੀ ਹੋ ਗਈ। ਸ਼ਾਮ ਨੂੰ ਰੇਲਵੇ ਦੇ ਸਾਰੇ ਜ਼ੋਨਾਂ ਵਿੱਚ ਰੇਲ ਆਵਾਜਾਈ ਪੂਰਨ ਰੂਪ ਵਿੱਚ ਚੱਲ ਪਈ ਸੀ।