ਕੁਦਰਤੀ ਕਰੋਪੀ ਦੇ ਸ਼ਿਕਾਰ ਲੋਕਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ

ਨਵੀਂ ਦਿੱਲੀ, 26 ਜੂਨ – ਉੱਤਰਾਖੰਡ ਵਿਖੇ ਆਈ ਕੁਦਰਤੀ ਕਰੋਪੀ ਦੇ ਕਾਰਨ ਹਮੇਸ਼ਾ ਲਈ ਵਿੱਛੜ ਗਈਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਅਤੇ ਸੁਰੱਖਿਅਤ ਵਾਪਿਸ ਪਰਤੇ ਸ਼ਰਧਾਲੂਆਂ ਲਈ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ., ਸਕੱਤਰ ਹਰਮੀਤ ਸਿੰਘ ਕਾਲਕਾ, ਦਿੱਲੀ ਕਮੇਟੀ ਮੈਂਬਰ ਉਂਕਾਰ ਸਿੰਘ ਥਾਪਰ, ਕੁਲਮੋਹਨ ਸਿੰਘ, ਕੁਲਦੀਪ ਸਿੰਘ ਭੋਗਲ, ਪਰਮਜੀਤ ਸਿੰਘ ਚੰਢੋਕ, ਸਤਪਾਲ ਸਿੰਘ, ਦਰਸ਼ਨ ਸਿੰਘ ਅਤੇ ਬੀਬੀ ਮਨਦੀਪ ਕੌਰ ਬਖਸ਼ੀ ਪ੍ਰਧਾਨ ਇਸਤਰੀ ਅਕਾਲੀ ਦਲ ਦਿੱਲੀ ਇਕਾਈ ਹਾਜ਼ਰ ਸਨ। ਇਸ ਮੌਕੇ ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਦਿੱਲੀ ਕਮੇਟੀ ਨੇ ਉੱਤਰਾਖੰਡ ਵਿਖੇ ਅਕਾਲ ਪੁਰਖ ਦੀ ਕਿਰਪਾ ਅਤੇ ਸੰਗਤਾਂ ਦੇ ਸਹਿਯੋਗ ਨਾਲ 70 ਟਨ ਰਾਹਤ ਸਾਮਗਰੀ ਭੇਜੀ ਹੈ ਅਤੇ ਸਾਡੇ ਸੇਵਾਦਾਰਾਂ ਨੇ ਲਗਭਗ 3,000 ਬੰਦਿਆਂ ਨੂੰ ਸੁਰਖਿਅਤ ਕੱਢ ਕੇ ਉਨ੍ਹਾਂ ਦੇ ਘਰੋ-ਘਰੀ ਪਹੁੰਚਾਇਆ। ਸਾਡਾ ਇਕੋ ਹੀ ਮਿਸ਼ਨ ਸੀ ਕਿ ਉਥੇ ਫਸਿਆ ਹੋਇਆ ਕੋਈ ਵੀ ਯਾਤਰੀ ਰਾਹਤ ਕਾਰਜਾਂ ਵਿੱਚ ਦੇਰੀ ਹੋਣ ਕਰਕੇ ਮੌਤ ਦਾ ਸ਼ਿਕਾਰ ਨਾ ਹੋ ਜਾਏ ਇਸ ਲਈ ਦਿੱਲੀ ਕਮੇਟੀ ਨੇ ਗੋਚਰ, ਰਿਸ਼ੀਕੇਸ਼, ਬਦਰੀਨਾਥ, ਜੋਸ਼ੀਮਠ੍ਹ ਅਤੇ ਗੋਬਿੰਦ ਧਾਮ ਵਿਖੇ ਲੰਗਰ ਲਗਾ ਕੇ ਫਸੇ ਹੋਏ ਲੋਕਾਂ ਤੱਕ ਮਦਦ ਪਹੁੰਚਾਉਣ ਦੀ ਨਿਮਾਣੀ ਜੇਹੀ ਕੋਸ਼ਿਸ਼ ਕੀਤੀ ਹੈ।