‘ਕੂਕ ਪੰਜਾਬੀ ਸਮਾਚਾਰ’ 9 ਵਰ੍ਹਿਆਂ ਦਾ ਹੋਇਆ

ਨਿਊਜ਼ੀਲੈਂਡ ਦੀ ਧਰਤੀ ‘ਤੇ ਅੱਜ ਤੋਂ 9 ਸਾਲ ਪਹਿਲਾ ਜਨਮ ਲੈਣ ਵਾਲਾ ‘ਕੂਕ ਪੰਜਾਬੀ ਸਮਾਚਾਰ’ ਪਿਛਲੇ 9 ਸਾਲਾਂ ਤੋਂ ਕਈ ਉਤਰਾਅ-ਚੜ੍ਹਾਅ ਹੰਡਾਉਂਦਿਆਂ ’24 ਅਕਤੂਬਰ 2012′ ਨੂੰ ਆਪਣੇ ੯ ਵਰ੍ਹਿਆਂ ਦਾ ਹੋ ਗਿਆ ਹੈ। ‘ਕੂਕ ਪੰਜਾਬੀ ਸਮਾਚਾਰ’ ਨੂੰ ਨਿਊਜ਼ੀਲੈਂਡ ਦੀ ਧਰਤੀ ਉੱਤੇ ਪਹਿਲੇ ‘ਪੰਜਾਬੀ ਅਖ਼ਬਾਰ’ ਹੋਣ ਦਾ ਮਾਣ ਹੈ ਜੋ ਦੇਸ਼ ਦੇ ਇਤਿਹਾਸ ਵਿੱਚ ਵਰ੍ਹੇ ਦਰ ਵਰ੍ਹੇ ਆਪਣੀ ਸਥਾਪਤੀ ਨੂੰ ਕਾਇਮ ਰੱਖਦੇ ਹੋਏ ਪੋਲੇ-ਪੋਲੇ ਕਦਮਾ ਨਾਲ ਅੜਿਕੇ ਲੰਘਦਾ ਹੋਇਆ ਪਾਠਕਾਂ ਦੇ ਪਿਆਰ ਸਦਕਾ ਅੱਗੇ ਵੱਧਦਾ ਜਾ ਰਿਹਾ ਹੈ। ਜਿਵੇਂ ਤੁਸੀਂ ਸਾਰੇ ਜਾਣਦੇ ਹੀ ਹੋ ਕੇ ‘ਕੂਕ’ ਨੇ ਭਾਵੇਂ ਨਿਊਜ਼ੀਲੈਂਡ ਵਿੱਚ ਪਛਾਣ ਆਪਣੇ ਪਹਿਲੇ ਦਿਨ ਤੋਂ ਹੀ ਬਣਾ ਲਈ ਸੀ ਪਰ 10ਵੇਂ ਵਰ੍ਹੇ ਵਿੱਚ ਪੈਰ ਧਰਨ ਲਈ ‘ਕੂਕ’ ਨੂੰ ਕਈ ਔਕੜਾਂ ਅਤੇ ਵਿਰੋਧਾਂ ਦਾ ਸਾਹਮਣਾ ਕਰਨਾ ਪਿਆ ਹੈ। ‘ਕੂਕ ਪੰਜਾਬੀ ਸਮਾਚਾਰ’ ਤੋਂ ਬਾਅਦ ਕਈ ਪੰਜਾਬੀ ਅਖ਼ਬਾਰ ਆਏ ਪਰ ‘ਕੂਕ’ ਆਪਣੀ ਨਿਰੰਤਰ ਚਾਲ ਚੱਲਦਿਆਂ ਨਿਊਜ਼ੀਲੈਂਡ ਦੇ ਇਤਿਹਾਸ ‘ਚ ਨਾਂਅ ਦਰਜ ਕਰੀ ਬੈਠਾ ਹੈ। ਨਿਊਜ਼ੀਲੈਂਡ ਦੀ ਧਰਤੀ ਉੱਪਰ ਰਹਿਣ ਵਾਲਾ ਵਿਰਲਾ ਹੀ ਪੰਜਾਬੀ ਤੇ ਗ਼ੈਰ-ਪੰਜਾਬੀ ਹੋਵੇਗਾ ਜੋ ‘ਕੂਕ ਪੰਜਾਬੀ ਸਮਾਚਾਰ’ ਬਾਰੇ ਨਾ ਜਾਣਦਾ ਹੋਵੇ। ਇਹ ਦੋ ਹਫਤਾਵਾਰੀ ਪੰਜਾਬੀ ਅਖ਼ਬਾਰ ‘Kin Creations International Ltd.’ ਦੇ ਬੈਨਰ ਹੇਠ ਪਿਛਲੇ ੯ ਵਰ੍ਹਿਆਂ ਤੋਂ ਪੰਜਾਬੀ ਅਤੇ ਗ਼ੈਰ-ਪੰਜਾਬੀ ਪਾਠਕਾਂ ਤੇ ਲੋੜ ਮੰਦਾਂ ਦੀ ਸੇਵਾ ਕਰਦਾ ਆ ਰਿਹਾ ਹੈ।
‘ਕੂਕ’ ਦੀ ਸ਼ੁਰੂ ਤੋਂ ਹੀ ਕੋਸ਼ਿਸ਼ ਰਹੀ ਹੈ ਕਿ ਉਹ ਆਪਣੇ ਹਰ ਵਰਗ ਦੇ ਪਾਠਕ ਨੂੰ ‘ਕੂਕ’ ਨਾਲ ਜੋੜੇ ਅਤੇ ਦੁਨੀਆ ‘ਚ ਵਾਪਰਨ ਵਾਲੀ ਹਰ ਘਟਨਾ ਨਾਲ ਜਾਣੂ ਕਰਵਾਏ ਤਾਂ ਜੋ ਉਸ ਨੂੰ ਪਤਾ ਲੱਗੇ ਕਿ ਇਸ ਭੂ-ਮੰਡਲ ਵਿੱਚ ਵਿਚਰਦਿਆਂ ਸਮੇਂ ਦੇ ਨਾਲ-ਨਾਲ ਸੰਸਾਰ ਭਰ ਵਿੱਚ ਕੀ ਹੋਰ ਤਬਦੀਲੀਆਂ ਵਾਪਰ ਰਹੀਆਂ ਹਨ। ਸਾਡੀ ਕੋਸ਼ਿਸ਼ ਹਰ ਉਸ ਖ਼ਬਰ ਨੂੰ ਪੇਸ਼ ਕਰਨ ਦੀ ਰਹਿੰਦੀ ਹੈ ਜਿਸ ਦੇ ਬਾਰੇ ਵਿੱਚ ਪਾਠਕ ਦਾ ਜਾਣੂ ਹੋਣਾ ਜ਼ਰੂਰੀ ਹੁੰਦਾ ਹੈ। ਸੰਸਾਰ ਭਾਵੇਂ ‘ਗਲੋਬਲ ਮੰਦੀ’ ਨਾਲ ਜੂਝ ਰਿਹਾ ਹੈ ਪਰ ‘ਕੂਕ ਪੰਜਾਬੀ ਸਮਾਚਾਰ’ ਇਸ ਮੰਦੀ ਦੀ ਮਾਰ ਝੱਲਦੇ ਹੋਏ ਆਪਣੇ ਪਾਠਕਾਂ ਅਤੇ ਸ਼ੁਭਚਿੰਤਕਾਂ ਦੀ ਸੇਵਾ ‘ਚ ਲੱਗਾ ਹੋਇਆ ਹੈ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਲੱਗਾ ਰਹੇਗਾ। ਬੱਸ ਲੋੜ ਹੈ ਨਿਰੰਤਰ ਉਤਸ਼ਾਹਿਤ ਅਤੇ ਸਾਥ ਦੀ ਜੋ ਸਾਨੂੰ ਪਿਛਲੇ 9 ਸਾਲਾਂ ਤੋਂ ਤੁਹਾਡੇ ਪਾਸੋਂ ਮਿਲਦਾ ਆ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਮਿਲਦੇ ਰਹਿਣ ਦੀ ਆਸ ਹੈ। ਕਿੰਨਾ ਚੰਗਾ ਲੱਗਦਾ ਹੈ, ਜਦੋਂ ਸੱਤ ਸਮੁੰਦਰ ਪਾਰ ਬੈਠਿਆਂ ਆਪਣੇ ਮੁਲਕ ਅਤੇ ਸੂਬੇ ਵਿੱਚ ਵੱਸਦੇ ਲੋਕਾਂ ਦੀ ਖ਼ਬਰ-ਸਾਰ ਅਤੇ ਉਥੇ ਦੇ ਹਲਾਤਾਂ ਦੀ ਜਾਣਕਾਰੀ ਮਿਲ ਜਾਏ। ਪ੍ਰਦੇਸਾਂ ਵਿੱਚ ਰਹਿੰਦਿਆਂ ਆਪਣਿਆਂ ਦੀ ਯਾਦ ਤਾਂ ਹਰ ਕਿਸੇ ਨੂੰ ਸਤਾਉਂਦੀ ਹੈ, ‘ਕੂਕ ਪੰਜਾਬੀ ਸਮਾਚਾਰ’ ਇਨ੍ਹਾਂ ਯਾਦਾਂ ਅਤੇ ਪਿਛੋਕੜ ਨਾਲ ਜੋੜੀ ਰੱਖਣ ਦੀ ਕੋਸ਼ਿਸ਼ ਵਿੱਚ ਲੱਗਾ ਰਹਿੰਦਾ ਹੈ। ‘ਕੂਕ’ ਦਾ ਸਮੂਹ ਪਾਠਕ ਵਰਗ ਜਾਣਦਾ ਹੈ ਕਿ ਸਾਡਾ ਮਨੋਰਥ ਸਿਆਸਤ, ਸਿੱਖ ਧਰਮ, ਜਥੇਬੰਦੀਆਂ ਅਤੇ ਸਿੱਖ ਸੰਸਥਾਵਾਂ ਵਿੱਚ ਦਖ਼ਲ-ਅੰਦਾਜ਼ੀ ਕਰਨ ਦਾ ਕਦੇ ਨਹੀਂ ਰਿਹਾ ਹੈ ਪਰ ਜਿਹੋ-ਜਿਹੇ ਹਾਲਾਤ ਪੰਜਾਬ ਵਿੱਚ ਪੈਦਾ ਹੋ ਰਹੇ ਹਨ, ਉਹ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ, ਜਿਨ੍ਹਾਂ ਬਾਰੇ ਵਿਚਾਰ ਚਰਚਾ “ਕੂਕ” ਰਾਹੀ ਜ਼ਰੂਰ ਜਾਰੀ ਰਹੇਗੀ।
‘ਕੂਕ’ ਦੀ ਸਭ ਤੋਂ ਵੱਡੀ ਉਪਲਬਧੀ ਇਹ ਰਹੀ ਹੈ ਕਿ ਉਸ ਨੇ ਆਪਣੇ ਪਾਠਕਾਂ ਨਾਲ ਸਾਂਝ ਹੋਰ ਵਧਾਈ ਹੈ, ਇੰਟਰਨੈੱਟ ਦੀ ਵਿਸ਼ਾਲ ਦੁਨੀਆ ਵਿੱਚ ਸ਼ਮੂਲੀਅਤ ਕਰਦੇ ਹੋਏ www.kuksamachar.co.nz ਦੇ ਨਾਂਅ ਤੋਂ ਸ਼ੁਰੂ ਕੀਤੀ ਹੋਈ ਹੈ ਜਿਸ ਰਾਹੀ ਨਿਊਜ਼ੀਲੈਂਡ ਵਾਸੀਆਂ ਦੇ ਨਾਲ ਦੁਨੀਆ ਦੇ ਹਰ ਕੋਨੇ ‘ਚ ਬੈਠੇ ਮਨੁੱਖ ਘਰ ਬੈਠੇ ਖ਼ਬਰਾਂ ਪੜ੍ਹਨ ਦਾ ਲਾਹਾ ਲੈ ਸਕਦੇ ਹਨ। ‘ਕੂਕ’ ਨੇ ਨਿਊਜ਼ੀਲੈਂਡ ਦੇ ਸਭ ਤੋਂ ਵਧੀਆ ਪੰਜਾਬੀ ਸਮਾਚਾਰ ਪੱਤਰ ਹੋਣ ਦੇ ਕਈ ਐਵਾਰਡ ਵੀ ਹਾਸਿਲ ਕੀਤੇ ਹੋਏ ਹਨ। ਭਾਰਤ, ਪੰਜਾਬ ਤੇ ਦੁਨੀਆ ਵਿੱਚ ਛਪਦੇ ਕਈ ਅਖ਼ਬਾਰਾਂ ਤੇ ਰਸਾਲਿਆਂ ਵਿੱਚ ‘ਕੂਕ’ ਅਤੇ ‘ਕੂਕ’ ਦੇ ਸੰਚਾਲਕਾਂ ਬਾਰੇ ਪ੍ਰਸੰਸਕ ਲੇਖ ਛਪਦੇ ਰਹਿੰਦੇ ਹਨ। ਅਸੀਂ ਆਪਣੇ ਇਨ੍ਹਾਂ ਯਤਨਾਂ ਰਾਹੀਂ ਭਾਰਤੀ, ਏਸ਼ੀਆਈ ਮੂਲ ਦੇ ਲੋਕਾਂ ਨੂੰ ‘ਕੂਕ ਪੰਜਾਬੀ ਸਮਾਚਾਰ’ ਰਾਹੀਂ ਭਾਰਤ ਖਾਸ ਤੌਰ ‘ਤੇ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੀਆਂ ਜੜ੍ਹਾਂ ਨਾਲ ਜੋੜਨ ਦਾ ਉਪਰਾਲਾ ਕਰਦੇ ਰਹੇ ਹਾਂ ਅਤੇ ਭਵਿੱਖ ਵਿੱਚ ਵੀ ਕਰਦੇ ਰਹਾਂਗੇ। ਇਸ ਲਈ ਅਸੀਂ ਤੁਹਾਡੇ ਪ੍ਰਤੀ ਵੱਚਨਵਧ ਹਾਂ। ਅਸੀਂ ਧੰਨਵਾਦੀ ਹਾਂ ‘ਕੂਕ’ ਦੇ ਸਾਰੇ ਸਪਾਂਸਰਾਂ, ਇਸ਼ਤਿਹਾਰੀ ਕੰਪਨੀਆਂ ਦੇ ਜਿਨ੍ਹਾਂ ਨੇ “ਕੂਕ ਪੰਜਾਬੀ ਸਮਾਚਾਰ” ਅਖ਼ਬਾਰ ਅਤੇ ਵੈੱਬਸਾਈਟ ‘ਚ ਇਸ਼ਤਿਹਾਰ ਦੇ ਕੇ ‘ਕੂਕ’ ਨੂੰ ਪੱਕੇ ਪੈਰੀ ਚੱਲਣ ਦੀ ਰਾਹ ‘ਤੇ ਤੋਰਿਆ ਹੋਇਆ ਹੈ ਅਤੇ ਸਾਨੂੰ ਉਮੀਦ ਹੈ ਕਿ ਭਵਿੱਖ ਵੀ ਇਸੇ ਤਰ੍ਹਾਂ ਅੱਗੇ ਚੱਲਣ ‘ਚ ਸਹਿਯੋਗ ਦਿੰਦੇ ਰਹਿਣਗੇ। ‘ਕੂਕ’ ਸਮੂਹ ਹਰ ਤਰ੍ਹਾਂ ਨਾਲ ਅਖ਼ਬਾਰ ਦਾ ਸਹਿਯੋਗ ਕਰਨ ਵਾਲਿਆਂ ਤੇ ਪਾਠਕਾਂ ਦਾ ਧੰਨਵਾਦੀ ਹੈ। ਸਾਨੂੰ ਤੁਹਾਡੇ ਸਭਨਾਂ ਦੇ ਆਸ਼ੀਰਵਾਦ ਦੀ ਲੋੜ ਹੈ ਤਾਂ ਜੋ ‘ਕੂਕ ਪੰਜਾਬੀ ਸਮਾਚਾਰ’ ਦੀ ਆਵਾਜ਼ ਨੂੰ ਹੋਰ ਬੁਲੰਦ ਕਰ ਸਕੀਏ ਤੇ ਸੱਚ ਨੂੰ ਸਭਨਾਂ ਦੇ ਸਨਮੁੱਖ ਰੱਖ ਸਕੀਏ।
‘ਕੂਕ ਪੰਜਾਬੀ ਸਮਾਚਾਰ’ ਦੇ ‘9 ਵਰ੍ਹੇ ਪੂਰੇ ਹੋਣ ਤੇ 10ਵੇਂ ਵਰ੍ਹੇ’ ਵਿੱਚ ਪੈਰ ਧਰਨ ਦੀ ਖੁਸ਼ੀ ਵਿੱਚ ਸਮੂਹ ਪਾਠਕਾਂ, ਆਲੋਚਕਾਂ, ਇਸ਼ਤਿਹਾਰੀ ਕੰਪਨੀਆਂ, ਸਪਾਂਸਰਜ਼, ਪੱਤਰਕਾਰਾਂ, ਕਾਲਮ ਨਵੀਸਾਂ, ਸਿੱਧੇ ਜਾਂ ਅਸਿੱਧੇ ਤੌਰ ‘ਤੇ ‘ਕੂਕ’ ਸਮਾਚਾਰ ਪੱਤਰ ਦੀ ਸਹਾਇਤਾ ਕਰਨ ਵਾਲੇ ਸਾਰੇ ਸੱਜਣਾਂ ਤੇ ਸਮੂਹ ਨਿਊਜ਼ੀਲੈਂਡ ਵਾਸੀਆਂ ਦਾ ‘ਕੂਕ’ ਦੇ ਸਾਰੇ ਡਾਇਰੈਕਟਰਾਂ, ਐਡੀਟਰ, ਰੈਜ਼ੀਡੈਂਟ ਐਡੀਟਰ, ਮੈਨੇਜਰ, ਕੂਕ ਪਰਿਵਾਰ ਅਤੇ ਪੂਰੀ ਯੂਨਿਟ ਵਲੋਂ ਬਹੁਤ-ਬਹੁਤ ਧੰਨਵਾਦ ਅਤੇ ਵਧਾਈਆਂ।
– ਅਮਰਜੀਤ ਸਿੰਘ, ਐਡੀਟਰ
ਫੌਨ ਨੰ. – 021 028 30967

e-mail - [email protected]