ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨਹੀਂ ਰਹੇ

ਨਵੀਂ ਦਿੱਲੀ, 9 ਅਕਤੂਬਰ – ਕੇਂਦਰੀ ਮੰਤਰੀ ਤੇ ਲੋਕ ਜਨਸ਼ਕਤੀ ਪਾਰਟੀ (ਐੱਲਜੇਪੀ) ਆਗੂ ਰਾਮ ਵਿਲਾਸ ਪਾਸਵਾਨ ਦਾ ਅੱਜ ਇੱਥੇ ਦਿੱਲੀ ਦੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਸ੍ਰੀ ਪਾਸਵਾਨ 74 ਸਾਲਾਂ ਦੇ ਸਨ। ਪਾਸਵਾਨ ਦੇ ਪੁੱਤਰ ਚਿਰਾਗ ਪਾਸਵਾਨ ਨੇ ਇਕ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਚਿਰਾਗ ਨੇ ਟਵੀਟ ਕੀਤਾ, ‘ਪਾਪਾ…ਹੁਣ ਤੁਸੀਂ ਇਸ ਦੁਨੀਆ ਵਿੱਚ ਨਹੀਂ ਹੋ, ਪਰ ਮੈਂ ਜਾਣਦਾਂ ਕਿ ਤੁਸੀਂ ਜਿੱਥੇ ਵੀ ਹੋ, ਹਮੇਸ਼ਾ ਮੇਰੇ ਨਾਲ ਰਹੋਗੇ। ਪਾਪਾ ਤੁਹਾਨੂੰ ਮਿਸ ਕਰਾਂਗਾ।’
ਸ੍ਰੀ ਰਾਮ ਵਿਲਾਸ ਪਾਸਵਾਨ ਪੰਜ ਦਹਾਕਿਆਂ ਤੋਂ ਵੀ ਵੱਧ ਸਮਾਂ ਸਿਆਸਤ ‘ਚ ਸਰਗਰਮ ਰਹੇ। ਦੇਸ਼ ਦੇ ਦਲਿਤ ਆਗੂਆਂ ‘ਚੋਂ ਇਕ ਪਾਸਵਾਨ ਪਿਛਲੇ ਕੁੱਝ ਹਫ਼ਤਿਆਂ ਤੋਂ ਸਿਹਤ ਨਾਸਾਜ਼ ਹੋਣ ਕਰਕੇ ਹਸਪਤਾਲ ਵਿੱਚ ਦਾਖ਼ਲ ਸਨ। ਉਨ੍ਹਾਂ ਦਾ 3 ਅਕਤੂਬਰ ਦਿਨ ਸ਼ਨਿੱਚਰਵਾਰ ਸ਼ਾਮ ਨੂੰ ਦਿਲ ਦਾ ਅਪਰੇਸ਼ਨ ਹੋਇਆ ਸੀ। ਪਾਸਵਾਨ ਰਾਜ ਸਭਾ ਮੈਂਬਰ ਸਨ ਤੇ ਉਨ੍ਹਾਂ ਕੋਲ ਖਪਤਕਾਰ ਮਾਮਲਿਆਂ, ਖੁਰਾਕ ਤੇ ਜਨਤਕ ਵੰਡ ਦਾ ਚਾਰਜ ਸੀ। ਇਸ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਪਾਸਵਾਨ ਦੇ ਅਕਾਲ ਚਲਾਣੇ ‘ਤੇ ਦੁਖ ਦਾ ਇਜ਼ਹਾਰ ਕੀਤਾ ਹੈ।