ਕੇਂਦਰੀ ਹਵਾਬਾਜ਼ੀ ਮੰਤਰਾਲੇ ਵੱਲੋਂ 1 ਸਤੰਬਰ ਤੋਂ ਹਵਾਬਾਜ਼ੀ ਸੁਰੱਖਿਆ ਫ਼ੀਸ ‘ਚ ਵਾਧੇ ਦਾ ਐਲਾਨ

ਨਵੀਂ ਦਿੱਲੀ, 21 ਅਗਸਤ – 1 ਸਤੰਬਰ ਤੋਂ ਕੇਂਦਰੀ ਹਵਾਬਾਜ਼ੀ ਮੰਤਰਾਲੇ ਨੇ ਘਰੇਲੂ ਅਤੇ ਇੰਟਰਨੈਸ਼ਨਲ ਯਾਤਰੀਆਂ ਤੋਂ ਜ਼ਿਆਦਾ ਹਵਾਬਾਜ਼ੀ ਸੁਰੱਖਿਆ ਫ਼ੀਸ (ਏ.ਐੱਸ.ਐਫ.) ਲੈਣ ਦਾ ਫ਼ੈਸਲਾ ਕੀਤਾ ਹੈ। ਹਵਾਈ ਯਾਤਰਾ ਥੋੜ੍ਹੀ ਮਹਿੰਗੀ ਕਰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਘਰੇਲੂ ਯਾਤਰੀਆਂ ਤੋਂ ਅਗਲੇ ਮਹੀਨੇ ਦੀ 1 ਤਰੀਕ ਤੋਂ 150 ਰੁਪਏ ਦੀ ਜਗ੍ਹਾ ਹੁਣ 160 ਰੁਪਏ ਹਵਾਬਾਜ਼ੀ ਸੁਰੱਖਿਆ ਫ਼ੀਸ ਲਈ ਜਾਵੇਗੀ ਜਦੋਂ ਕਿ ਇੰਟਰਨੈਸ਼ਨਲ ਯਾਤਰੀਆਂ ਲਈ ਇਸ ਨੂੰ 4.85 ਅਮਰੀਕੀ ਡਾਲਰ ਤੋਂ ਵਧਾ ਕੇ 5.2 ਅਮਰੀਕੀ ਡਾਲਰ ਕਰ ਦਿੱਤਾ ਗਿਆ ਹੈ। ਏਅਰਲਾਈਨਾਂ ਯਾਤਰੀਆਂ ਤੋਂ ਏ.ਐੱਸ.ਐਫ. ਉਸ ਸਮੇਂ ਇਕੱਠਾ ਕਰਦੀਆਂ ਹਨ ਜਦੋਂ ਉਹ ਆਪਣੀਆਂ ਟਿਕਟਾਂ ਬੁੱਕ ਕਰਵਾਉਂਦੇ ਹਨ ਅਤੇ ਬਾਅਦ ‘ਚ ਇਹ ਫ਼ੀਸ ਸਰਕਾਰ ਨੂੰ ਦੇ ਦਿੱਤੀ ਜਾਂਦੀ ਹੈ। ਏ.ਐੱਸ.ਐਫ. ਦੀ ਵਰਤੋਂ ਦੇਸ਼ ਭਰ ‘ਚ ਹਵਾਈ ਅੱਡਿਆਂ ਦੇ ਸੁਰੱਖਿਆ ਪ੍ਰਬੰਧਾਂ ਲਈ ਕੀਤੀ ਜਾਂਦੀ ਹੈ। ਮੰਤਰਾਲੇ ਨੇ ਪਿਛਲੇ ਸਾਲ ਵੀ ਹਵਾਬਾਜ਼ੀ ਸੁਰੱਖਿਆ ਫ਼ੀਸ ਵਧਾਈ ਸੀ।