ਕੇਂਦਰ ਨੇ ਪੰਜਾਬ ਨੂੰ ਵਿਸ਼ੇਸ਼ ਉਦਯੋਗਿਕ ਪੈਕੇਜ ਤੋਂ ਵਿਰਵਾ ਰੱਖ ਕੇ ਪਿੱਠ ‘ਚ ਛੁਰਾ ਮਾਰਿਆ

sukhbir-badal_350_042213101424ਸੂਬੇ ਵਿੱਚ ਨਿਵੇਸ਼ ਨੂੰ ਰੋਕਣ ਦੀ ਸਾਜ਼ਿਸ਼
ਅਕਾਲੀ ਦਲ ਇਸ ਵਿਤਕਰੇ ਵਿਰੁੱਧ ਚੁੱਪ ਨਹੀਂ ਬੈਠੇਗਾ – ਸੁਖਬੀਰ
ਚੰਡੀਗੜ੍ਹ, 16 ਜਨਵਰੀ – ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ ਵਲੋਂ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਨੂੰ ਦਿੱਤੇ ਜਾ ਰਹੇ ਵਿਸ਼ੇਸ਼ ਉਦਯੋਗਿਕ ਰਾਹਤ ਪੈਕੇਜ ਨੂੰ 2017 ਤੱਕ ਵਧਾਉਣ ਤੇ ਪੰਜਾਬ ਨੂੰ ਫਿਰ ਤੋਂ ਅੱਖੋਂ ਪਰੋਖੇ ਕਰਨ  ਨੂੰ ਸੂਬੇ ਦੀ ਪਿੱਠ ਵਿਚ ਛੁਰਾ ਮਾਰਨਾ ਕਰਾਰ ਦਿੱਤਾ ਹੈ।
ਇੱਥੋਂ ਜਾਰੀ ਇਕ ਬਿਆਨ ਵਿੱਚ ਮੁੱਖ ਮੰਤਰੀ ਸ. ਬਾਦਲ ਨੇ ਕਿਹਾ ਕਿ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਵੱਲੋਂ ਹਿਮਾਚਲ ਤੇ ਉੱਤਰਾਖੰਡ ਲਈ ਪੈਕੇਜ ਨੂੰ 31 ਮਾਰਚ 2017 ਤੱਕ ਵਧਾਉਣਾ ਸਪਸ਼ਟ ਤੌਰ ‘ਤੇ ਪੰਜਾਬ ਵਿੱਚ ਹੋ ਰਹੇ ਨਿਵੇਸ਼ ਨੂੰ ਰੋਕਣ ਦੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ……… ਹੋਏ ਨਿਵੇਸ਼ਕ ਸੰਮੇਲਨ ਦੌਰਾਨ 65000 ਕਰੋੜ ਰੂਪੈ ਦੇ ਨਿਵੇਸ਼ ਸਮਝੌਤਿਆਂ ਨਾਲ ਸੂਬੇ ਦੇ ਸਨਅਤੀਕਰਨ ਦਾ ਮੁੱਢ ਬੱਝਾ ਸੀ, ਪਰ ਕੇਂਦਰ ਸਰਕਾਰ ਅਜਿਹੇ ਫ਼ੈਸਲਿਆਂ ਨਾਲ ਇਸ ਸਰਹੱਦੀ ਰਾਜ ਨੂੰ ਆਰਥਿਕ ਤੌਰ ‘ਤੇ ਤਬਾਹ ਕਰਨਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਸਰਹੱਦੀ ਤੇ ਲੈਂਡ ਲਾਕਡ ਸੂਬਾ ਹੋਣ ਕਰਕੇ ਪੰਜਾਬ ਦਾ ਗੁਆਂਢੀ ਰਾਜਾਂ ਨਾਲੋਂ ਇਸ ਉਦਯੋਗਿਕ ਰਾਹਤ ਪੈਕੇਜ ‘ਤੇ ਵਧੇਰੇ ਹੱਕ ਬਣਦਾ ਹੈ। ਸ. ਬਾਦਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਨੂੰ ਕਿਹਾ ਕਿ ਉਹ ਆਪਣੇ ਸਰੀਰ ਦੀ ਕੁਝ ਸ਼ਕਤੀ ਕਾਂਗਰਸ ਦੇ ਪੰਜਾਬ ਨਾਲ ਇਸ ਘੋਰ ਅਨਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਵਰਤਣ। ਸ. ਬਾਦਲ ਨੇ ਸਪਸ਼ਟ ਕੀਤਾ ਕਿ ਉਹ ਉਕਤ ਰਾਜਾਂ ਨੂੰ ਪੈਕੇਜ ਦੇਣ ਦੇ ਵਿਰੁੱਧ ਨਹੀਂ ਪਰ ਪੰਜਾਬ ਨੂੰ ਉਸ ਦੇ ਹੱਕ ਤੋਂ ਵਿਰਵਾ ਰੱਖਣਾ ਮੰਦਭਾਗਾ ਤੇ ਧ੍ਰੋਹ ਹੈ।
ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸੂਬੇ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਇਸ ਵਿਤਕਰੇ ਵਿਰੁੱਧ ਚੁੱਪ ਨਹੀਂ ਬੈਠੇਗਾ ਤੇ ਉਹ ਇਸ ਹੱਕ ਨੂੰ ਲੈਣ ਲਈ ਸੰਘਰਸ਼ ਕਰਨਗੇ। ਉਨ੍ਹਾਂ ਕਿਹਾ ਕਿ ਉਹ ਦੂਜੇ ਰਾਜਾਂ ਤੋਂ ਕੁਝ ਵੀ ਵੱਧ ਨਹੀਂ ਮੰਗ ਰਹੇ ਪਰ ਘੱਟੋ ਘੱਟ ਪੰਜਾਬ ਨੂੰ ਦੂਜੇ ਰਾਜਾਂ ਦੇ ਬਰਾਬਰ ਬਣਦਾ ਹੱਕ ਤਾਂ ਦਿੱਤਾ ਜਾਵੇ।