ਕੇਜਰੀਵਾਲ ਨੇ ਮੰਗੀ ਮਜੀਠੀਆ ਤੋਂ ਮੁਆਫ਼ੀ

ਚੰਡੀਗੜ੍ਹ, 15 ਮਾਰਚ – ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦੇ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ‘ਤੇ ਲਾਏ ਦੋਸ਼ਾਂ ਲਈ ਲਿਖਤੀ ਤੌਰ ‘ਤੇ ਉਨ੍ਹਾਂ ਕੋਲੋਂ ਬਿਨਾਂ ਸ਼ਰਤ ਮੁਆਫ਼ੀ ਮੰਗ ਲਈ ਹੈ। ਜਿਸ ਨਾਲ ਸਾਬਕਾ ਅਕਾਲੀ ਮੰਤਰੀ ਸ. ਮਜੀਠੀਆ ਨੂੰ ਵੱਡੀ ਰਾਹਤ ਮਿਲੀ ਹੈ। ਸ੍ਰੀ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਦੀ ਅਦਾਲਤ ਵਿੱਚ ਦਿੱਤੇ ਆਪਣੇ ਲਿਖਤੀ ਮਾਫ਼ੀਨਾਮੇ ‘ਚ ਕਿਹਾ ਕਿ ਜੋ ਵੀ ਦੋਸ਼ ਮਜੀਠੀਆ ਖ਼ਿਲਾਫ਼ ਲਗਾਏ ਅਤੇ ਬਿਆਨ ਦਿੱਤੇ ਸਨ, ਮੈਂ ਉਹ ਸਭ ਵਾਪਸ ਲੈਂਦਾ ਹੈ।
ਸ੍ਰੀ ਕੇਜਰੀਵਾਲ ਦੀ ਮੁਆਫ਼ੀ ਤੋਂ ਪੰਜਾਬ ਦੇ ਆਗੂ ਦੁਖੀ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਇਸ ਮਾਫ਼ੀਨਾਮੇ ਨਾਲ ਠੇਸ ਪੁੱਜੀ ਹੈ ਤੇ ਬਹੁਤ ਸਾਰੇ ਪਾਰਟੀ ਵਿਧਾਇਕ ਆਪਣੇ ਨਾਲ ਧੋਖਾ ਹੋਇਆ ਮਹਿਸੂਸ ਕਰ ਰਹੇ ਹਨ।