ਕੈਗ ਰਿਪੋਰਟ : ਵਿਰੋਧੀ ਧਿਰ ਨੇ ਮੰਗਿਆ ਪ੍ਰਧਾਨ ਮੰਤਰੀ ਦਾ ਅਸਤੀਫਾ

ਭਾਰੀ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਮੁਲਤਵੀ
ਨਵੀਂ ਦਿੱਲੀ, 21 ਅਗਸਤ (ਏਜੰਸੀ) – ਕੋਲਾ ਖਾਣਾਂ ਦੀ ਵੰਡ ਵਿਚ ਕਰੋੜਾਂ ਰੁਪਏ ਦੇ ਘੁਟਾਲਾ ਮਾਮਲੇ ਵਿੱਚ ਵਿਰੋਧੀ ਧਿਰ ਵਲੋਂ ਅੱਜ ਸੰਸਦ ਵਿੱਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਅਸਤੀਫੇ ਦੀ ਮੰਗ ਕੀਤੀ ਗਈ। ਇਸ ਮੰਗ ਨੂੰ ਲੈ ਕੇ ਹੋਏ ਭਾਰੀ ਹੰਗਾਮੇ ਕਾਰਨ ਦੋਨਾਂ ਸਦਨਾਂ ਦੀ ਬੈਠਕ ਇਕ ਵਾਰ ਮੁਲਤਵੀ ਕਰਨ ਤੋਂ ਬਾਅਦ ਦਿਨ ਭਰ ਲਈ ਟਾਲ ਦਿੱਤੀ ਗਈ।
ਇਸ ਤੋਂ ਪਹਿਲਾਂ ਅੱਜ ਸਵੇਰੇ ਲੋਕ ਸਭਾ…… ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਭਾਜਪਾ ਦੀ ਅਗਵਾਈ ਵਾਲੇ ਰਾਜਗ ਅਤੇ ਖੱਬੇ ਪੱਖੀ ਸਮੇਤ ਸਮੁੱਚੇ ਵਿਰੋਧੀ ਧਿਰ ਵਲੋਂ ਕੋਲਾ ਵੰਡ ਵਿੱਚ ਕਥਿਤ ਗੜਬੜੀਆਂ ਸਬੰਧੀ ਕੈਗ ਰਿਪੋਰਟ ਦਾ ਮਾਮਲਾ ਉਠਾਇਆ। ਵਿਰੋਧੀ ਧਿਰ ਨੇ ਦਲੀਲ ਦਿੱਤੀ ਕਿ ਜਿਸ ਸਮੇਂ ਕੋਲਾ ਵੰਡ ਵਿੱਚ ਗੜਬੜੀਆਂ ਹੋਈਆਂ, ਉਸ ਸਮੇਂ ਪ੍ਰਧਾਨ ਮੰਤਰੀ ਦੇ ਅਧੀਨ ਇਹ ਮੰਤਰਾਲਾ ਸੀ ਅਤੇ ਹੁਣ ਕੋਲਾ ਵੰਡ ਵਿੱਚ ਕਰੋੜਾਂ ਰੁਪਏ ਦਾ ਘੁਟਾਲਾ ਸਾਹਮਣੇ ਆਉਣ ‘ਤੇ ਮਨਮੋਹਨ ਸਿੰਘ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਵਿਰੋਧੀ ਮੈਂਬਰ ਜ਼ੋਰ-ਜ਼ੋਰ ਨਾਲ ਨਾਅਰੇ ਲਾਉਣ ਲੱਗ ਪਏ। ਹੰਗਾਮੇ ਕਾਰਨ ਨਾ ਤਾਂ ਦੋਨਾਂ ਸਦਨਾਂ ਵਿੱਚ ਪ੍ਰਸ਼ਨ ਕਾਲ ਚੱਲ ਸਕਿਆ ਅਤੇ ਨਾ ਹੀ ਕੋਈ ਹੋਰ ਕੰਮਕਾਜ। ਲੋਕ ਸਭਾ ਸਪੀਕਰ ਨੇ ਪਹਿਲਾਂ ਕਾਰਵਾਈ ੧੨ ਵਜੇ ਤੱਕ, ਫਿਰ ਬਾਅਦ ਵਿੱਚ ਦਿਨ ਭਰ ਲਈ ਮੁਲਤਵੀ ਕਰ ਦਿੱਤੀ।
ਦੂਸਰੇ ਪਾਸੇ ਰਾਜ ਸਭਾ ਵਿੱਚ ਵੀ ਇਸੇ ਮੁੱਦੇ ਨੂੰ ਲੈ ਕੇ ਭਾਰੀ ਰੌਲਾ-ਰੱਲਾ ਪਿਆ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਪਾਰਟੀਆਂ ਨੇ ਇਸ ਮਾਮਲੇ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਅਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਅਸਤੀਫੇ ਦੀ ਮੰਗ ਕੀਤੀ। ਰਾਜ ਸਭਾ ਵਿੱਚ ਹੰਗਾਮੇ ਕਾਰਨ ਕੰਮਕਾਜ ਨਾ ਹੋ ਸਕਿਆ ਅਤੇ ਕਾਰਵਾਈ ਨੂੰ ਦਿਨ ਭਰ ਲਈ ਮੁਲਤਵੀ ਕਰ ਦਿੱਤਾ ਗਿਆ।