ਕੈਲੀਫੋਰਨੀਆ ‘ਚ ਰੇਡੀਓ ਮਿਰਚੀ ਵੱਲੋਂ ਨਾਟਕ ‘ਕਿਸਾਨ ਖ਼ੁਦਕੁਸ਼ੀ ਦੇ ਮੋੜ ‘ਤੇ’ ਦਾ ਕਰਵਾਇਆ ਗਿਆ ਸਫਲ ਮੰਚਨ

ਸੈਨਹੋਜੇ, 22 ਨਵੰਬਰ (ਹੁਸਨ ਲੜੋਆ ਬੰਗਾ) – ਸਥਾਨਕ ਰੇਡੀਓ ਮਿਰਚੀ 1310 ਏ. ਐਮ. ਅਤੇ ਐੱਸ. ਪੀ. ਸਿੰਘ ਵੱਲੋਂ ਬੇ-ਏਰੀਆ ਕਲਚਰਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਨਿਰਦੇਸ਼ਕ ਅਸ਼ੋਕ ਟਾਂਗਰੀ ਅਤੇ ਨਿਰਮਾਤਾ ਤਾਰਾ ਸਿੰਘ ਸਾਗਰ ਦਾ ਨਾਟਕ ‘ਕਿਸਾਨ ਖ਼ੁਦਕੁਸ਼ੀ ਦੇ ਮੋੜ ‘ਤੇ’ ਇੱਥੇ ਐਵਰਗਰੀਨ ਹਾਈ ਸਕੂਲ ਦੇ ਥੀਏਟਰ ਵਿੱਚ ਕਰਵਾਇਆ ਗਿਆ। ਮੁੱਖ ਪ੍ਰਬੰਧਕ ਐੱਸ. ਪੀ. ਸਿੰਘ ਨੇ ਕਿਹਾ ਕਿ ਪੰਜਾਬੀ ਹੀ ਨਹੀਂ, ਸਗੋਂ ਸਮੁੱਚੇ ਭਾਰਤ ਵਿੱਚ ਕਿਸਾਨ ਇਸ ਵੇਲੇ ਭੁੱਬੀਂ ਰੋ ਰਿਹਾ ਹੈ। ਕਿਤੇ ਕਰਜ਼ੇ ਦੇ ਭਾਰ ਨਾਲ, ਕਿਤੇ ਫਸਲਾਂ ਤੁ ਕੁਦਰਤੀ ਕਰੋਪੀ ਦੀ ਚਿੰਤਾ ਤੇ ਸਰਕਾਰਾਂ ਦੀ ਬੇਰੁਖੀ ਅਤੇ ਅੰਨਦਾਤੇ ਦੀ ਪੀੜ ਨੂੰ ਨਾ ਸਮਝਣ ਕਾਰਨ ਹੀ ਕਿਸਾਨ ਇਸ ਵੇਲੇ ਖ਼ੁਦਕੁਸ਼ੀਆਂ ਕਰਨ ਵੱਲ ਵਧਦਾ ਜਾ ਰਿਹਾ ਹੈ ਤੇ ਉਹ ਜਿਵੇਂ ਰੇਡੀਓ ਨਿਰਚੀ ਰਾਹੀਂ ਭਾeੌਚਾਰੇ ਪ੍ਰਤੀ ਸੇਵਾਵਾਂ ਨਿਭਾਅ ਰਹੇ ਹਨ, ਉਵੇਂ ਹੀ ਕਿਸਾਨ ਦੇ ਇਸ ਦਰਦ ਦੀ ਵਿਥਿਆ ਨੂੰ ਪੰਜਾਬੀਆਂ ਨਾਲ ਸਾਂਝੀ ਕਰਕੇ ਉਹ ਇੱਕ ਤਰਾਂ ਨਾਲ ਆਪਣਾ ਫਰਜ਼ ਹੀ ਨਿਭਾਅ ਰਹੇ ਹਨ।
ਗੁਰਦੁਆਰਾ ਸਾਹਿਬ ਸੈਨਹੋਜੇ ਦੇ ਮੁੱਖ ਪ੍ਰਬੰਧਕ ਭੁਪਿੰਦਰ ਸਿੰਘ ਬੌਬ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਨਾਟਕ ਨੂੰ ਕਰਵਾਉਣ ਵਿੱਚ ਭਰਪੂਰ ਵਿੱਤੀ ਸਹਿਯੋਗ ਵੀ ਦਿੱਤਾ ਹੈ ਤੇ ਪੰਜਾਬੀਆਂ ਨੂੰ ਨਾਲ ਜੋੜਨ ਦਾ ਯਤਨ ਵੀ ਕੀਤਾ ਹੈ ਤਾਂ ਜੋ ਪੰਜਾਬ ਅੰਦਰ ਮਰ ਰਹੇ ਕਿਸਾਨ ਦੀ ਬਾਂਹ ਫੜਨ ਲਈ ਸਾਰਿਆਂ ਨੂੰ ਸੁਚੇਤ ਕੀਤਾ ਜਾ ਸਕੇ।
ਨਿਰਮਾਤਾ ਤਾਰਾ ਸਿੰਘ ਸਾਗਰ ਤੇ ਨਿਰਦੇਸ਼ਕ ਅਸ਼ੋਕ ਟਾਂਗਰੀ ਨੇ ਇਸ ਨਾਟਕ ਨੂੰ ਮਿਲੀ ਸਫ਼ਲਤਾ ‘ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਜਲਦੀ ਹੀ ਇਸ ਨਾਟਕ ਦੀ ਫਿਲਮ ਬਣਾਉਣ ਦੇ ਯਤਨ ਵਿੱਚ ਲੱਗੇ ਹੋਏ ਹਨ, ਤਾਂ ਜੋ ਮਰ ਰਹੇ ਕਿਸਾਨ ਦੀ ਅਸਲ ਸਥਿਤੀ ਤੇ ਜੀਵਨ ਨੂੰ ਸਮਝਦਿਆਂ ਸਰਕਾਰਾਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਅੱਗੇ ਆਉਣ। ਨਾਟਕ ਵਿੱਚ ਮੁੱਖ ਕਿਰਦਾਰ ਜਸਵੰਤ ਸਿੰਘ ਸ਼ਾਦ ਨੇ ਕਿਸਾਨ ਬਚਿੱਤਰ ਸਿੰਘ ਦੇ ਰੂਪ ਵਿੱਚ, ਰਿੰਪਲ ਬੈਂਸ ਨੇ ਨਿਹਾਲ ਕੌਰ ਦੇ ਰੂਪ ਵਿੱਚ ਬਾਖ਼ੂਬੀ ਨਿਭਾਏ, ਜਦੋਂ ਕਿ ਜਾਨਵੀ ਬੈਂਸ, ਸੋਨੂੰ ਢਿੱਲੋਂ, ਜੱਸੀ ਗਿੱਲ, ਤਾਰਾ ਸਿੰਘ ਸਾਗਰ, ਸਕੰਦਰ ਟਾਂਗਰੀ ਨੇ ਵੀ ਸਲਾਹੁਣਯੋਗ ਕਿਰਦਾਰ ਨਿਭਾਅ ਕੇ ਨਾਟਕ ਲਈ ਵਾਹਵਾ ਖੱਟ ਕੇ ਦਿੱਤੀ। ਵੱਡੀ ਗਿਣਤੀ ਵਿੱਚ ਆਏ ਦਰਸ਼ਕਾਂ ਵਿੱਚ ਬੀਬੀਆਂ, ਬੱਚੇ ਅਤੇ ਨਾਮੀ ਹਸਤੀਆਂ ਵੀ ਸ਼ਾਮਲ ਸਨ। ਸਮਾਪਤੀ ਵੇਲੇ ਮੁੱਖ ਪ੍ਰਬੰਧਕ ਐੱਸ ਪੀ ਸਿੰਘ, ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਡਾ. ਚੌਧਰੀ, ਰਾਜ ਜੋਤ ਰੈਸਟੋਰੈਂਟ, ਬਿੱਲਾ ਸੰਘੇੜਾ, ਬਿਕਰਮਜੀਤ ਸਿੰਘ, ਰਾਜ ਭਨੋਟ ਵੱਲੋਂ ਵੀ ਨਾਟਕ ਨੂੰ ਵੀ ਨਿੱਢਾ ਸਹਿਯੋਗ ਦਿੱਤਾ ਗਿਆ।