ਕੋਰੋਨਾਵਾਇਰਸ: ਕੁੱਕ ਆਈਲੈਂਡ ਤੇ ਨਿਊਜ਼ੀਲੈਂਡ ਵਿਚਾਲੇ ਅਗਲੇ ਸਾਲ ਦੇ ਸ਼ੁਰੂ ਤੋਂ ਕੁਆਰੰਟੀਨ ਮੁਕਤ ਯਾਤਰਾ

ਆਕਲੈਂਡ, 12 ਦਸੰਬਰ – ਨਿਊਜ਼ੀਲੈਂਡ ਦੇ ਲੋਕ ਛੇਤੀ ਹੀ ਕੁੱਕ ਆਈਲੈਂਡ ਦੀ ਯਾਤਰਾ ਕਰ ਸਕਣਗੇ, ਉੱਥੇ ਦੋ ਹਫ਼ਤਿਆਂ ਲਈ ਜਾਂ ਆਪਣੇ ਘਰ ਪਰਤਣ ‘ਤੇ ਉਨ੍ਹਾਂ ਨੂੰ ਕੁਆਰੰਟੀਨ ਨਹੀਂ ਕੀਤਾ ਜਾਵੇਗਾ। ਇਹ ਐਲਾਨ ਅੱਜ ਹੀ ਜਨਤਕ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅਤੇ ਉਸ ਦੇ ਕੁੱਕ ਆਈਲੈਂਡਜ਼ ਦੇ ਹਮਰੁਤਬਾ ਮਾਰਕ ਬ੍ਰਾਊਨ ਨੇ ਅਧਿਕਾਰੀਆਂ ਨੂੰ ਅਗਲੇ ਸਾਲ ਦੀ ਪਹਿਲੀ ਤਿਮਾਹੀ ਵਿੱਚ ਦੋ-ਪੱਖੀ ਕੁਆਰੰਟੀਨ ਮੁਕਤ ਯਾਤਰਾ ਨੂੰ ਮੁੜ ਤੋਂ ਸ਼ੁਰੂ ਕਰਨ ਲਈ ਲੋੜੀਂਦੇ ਸਾਰੇ ਉਪਾਅ ਲਾਗੂ ਕਰਨ ਲਈ ਮਿਲ ਕੇ ਕੰਮ ਕਰਨ ਦੀ ਹਦਾਇਤ ਕੀਤੀ ਹੈ।
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ, ‘ਇਹ ਪ੍ਰਬੰਧ ਨਿਊਜ਼ੀਲੈਂਡ ਅਤੇ ਕੁੱਕ ਆਈਲੈਂਡਜ਼ ਦਰਮਿਆਨ ਵਿਸ਼ੇਸ਼ ਸਬੰਧਾਂ ਨੂੰ ਮਾਨਤਾ ਦਿੰਦਾ ਹੈ। ਇਹ ਲੋਕਾਂ ਨੂੰ ਸਾਡੇ ਦੋਵੇਂ ਦੇਸ਼ਾਂ ਦੇ ਵਿਚਕਾਰ ਵਧੇਰੇ ਆਸਾਨੀ ਨਾਲ ਯਾਤਰਾ ਕਰਨ ਦੀ ਆਗਿਆ ਦੇਵੇਗਾ, ਜਦੋਂ ਕਿ ਇਹ ਸਵੀਕਾਰ ਕਰਦੇ ਹੋਏ ਕਿ ਸਾਡੀ ਪਹਿਲ ਆਪਣੀ ਅਬਾਦੀ ਨੂੰ ਕੋਵਿਡ -19 ਤੋਂ ਬਚਾਉਣ ਦੇ ਲਈ ਬਣੀ ਹੋਈ ਹੈ’।
ਕੁੱਕ ਆਈਲੈਂਡ ਦੇ ਪ੍ਰਧਾਨ ਮੰਤਰੀ ਬ੍ਰਾਊਨ ਨੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਦੋਵੇਂ ਦੇਸ਼ਾਂ ਦੇ ਨਜ਼ਦੀਕੀ ਸੰਬੰਧ ਅਤੇ ਨਿਊਜ਼ੀਲੈਂਡ ਤੇ ਕੁੱਕ ਆਈਲੈਂਡਜ਼ ਵਿਚਾਲੇ ਲੋਕਾਂ ਦੀ ਸੁਤੰਤਰ ਆਵਾਜਾਈ ਦੋਵੇਂ ਦੇਸ਼ਾਂ ਦੇ ਕੋਵਿਡ -19 ਦੇ ਪ੍ਰਭਾਵ ਤੋਂ ਰਿਕਵਰੀ ਹੋਣਾ ਹੈ। ਉਨ੍ਹਾਂ ਨੇ ਕਿਹਾ ਕਿ, ‘ਇਹ ਪ੍ਰਬੰਧ ਕੁੱਕ ਆਈਲੈਂਡ ਵਿੱਚ ਜ਼ਿੰਦਗੀ ਦੇ ਕਈ ਪਹਿਲੂਆਂ ਨੂੰ ਮੁੜ ਤੋਂ ਸ਼ੁਰੂ ਕਰਨ ਦਾ ਅਗਲਾ ਕਦਮ ਹੈ, ਜੋ ਕੋਵਿਡ -19 ਦੁਆਰਾ ਪ੍ਰਭਾਵਿਤ ਹੋਏ ਹਨ, ਜਿਸ ਵਿੱਚ ਸਿਹਤ ਅਤੇ ਸਿੱਖਿਆ ਦੀ ਪਹੁੰਚ ਅਤੇ ਪਰਿਵਾਰ ਅਤੇ ਦੋਸਤਾਂ ਨੂੰ ਮੁੜ ਜੋੜਨਾ ਸ਼ਾਮਲ ਹੈ’।
ਗੌਰਤਲਬ ਹੈ ਕਿ ਕੁੱਕ ਆਈਲੈਂਡ ਪੂਰੀ ਤਰ੍ਹਾਂ ਕੋਵਿਡ -19 ਤੋਂ ਮੁਕਤ ਰਹਿਣ ਵਾਲਾ ਵਿਸ਼ਵ ਅਤੇ ਪੈਸੀਫਿਕ ਖੇਤਰ ਦੇ ਕੁੱਝ ਦੇਸ਼ਾਂ ਵਿਚੋਂ ਇਕ ਹੈ। ਨਤੀਜੇ ਵਜੋਂ, ਨਵੇਂ ਸਮਝੌਤੇ ਦੇ ਪਹਿਲੇ ਕਦਮ ਵਿੱਚ ਨਿਊਜ਼ੀਲੈਂਡ ਦੇ ਅਧਿਕਾਰੀ ਸ਼ਾਮਲ ਹੋਣਗੇ ਜੋ ਕੁੱਕ ਆਈਲੈਂਡ ਤੋਂ ਯਾਤਰਾ ਕਰਨ ਵਾਲੇ ਹਰੇਕ ਲਈ ਨਿਊਜ਼ੀਲੈਂਡ ਵਿੱਚ ਕੁਆਰੰਟੀਨ ਰਹਿਤ ਪਹੁੰਚ ਨੂੰ ਲਾਗੂ ਕਰਨ ਲਈ ਕੰਮ ਕਰਨਗੇ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕਿਸੇ ਵੱਖਰੇ ਦੇਸ਼ ਤੋਂ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਲਾਜ਼ਮੀ 14 ਦਿਨਾਂ ਦੇ ਮੈਨੇਜਡ ਆਈਸੋਲੇਸ਼ਨ ਪੀਰੀਅਡ ਨੂੰ ਪੂਰਾ ਨਹੀਂ ਕਰਨਾ ਪਵੇਗਾ। ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਪਹਿਲਾ ਕਦਮ ਇਕ ‘ਪੜਾਅਵਾਰ ਪਹੁੰਚ’ ਦਾ ਹਿੱਸਾ ਹੈ।
ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਕੁੱਕ ਆਈਲੈਂਡ ਤੋਂ ਨਿਊਜ਼ੀਲੈਂਡ ਆਉਣ ਵਾਲੇ ਯਾਤਰੀਆਂ ਲਈ ਕੁਆਰੰਟੀਨ ਮੁਕਤ ਪਹੁੰਚ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਲਈ ਲੋਕਾਂ ਦੀ ਆਵਾਜਾਈ ਨੂੰ ਪ੍ਰਦਾਨ ਕਰੇਗੀ, ਜਦੋਂ ਕਿ ਅਧਿਕਾਰੀਆਂ ਨੂੰ ਦੋ-ਮਾਰਗੀ ਕੁਆਰੰਟੀਨ ਮੁਕਤ ਯਾਤਰਾ ਦੇ ਲਈ ਸੁਰੱਖਿਅਤ ਵਾਪਸੀ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਦੀ ਆਗਿਆ ਦਿੱਤੀ ਗਈ ਹੈ।