ਕੋਰੋਨਾਵਾਇਰਸ: ਨਿਊਜ਼ੀਲੈਂਡ ਸਰਕਾਰ ਨੇ ਕਾਰੋਬਾਰਾਂ ਲਈ $ 12.1 ਬਿਲੀਅਨ ਦਾ ਵਿੱਤੀ ਪੈਕੇਜ ਐਲਾਨਿਆ

ਵੈਲਿੰਗਟਨ, 17 ਮਾਰਚ – ਨਿਊਜ਼ੀਲੈਂਡ ਸਰਕਾਰ ਨੇ ਗਲੋਬਲੀ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੋ ਰਹੇ ਦੇਸ਼ ਦੇ ਕਾਰੋਬਾਰਾਂ ਨੂੰ ਸੰਭਾਲਣ ਲਈ ਆਰਥਿਕ ਪੈਕੇਜ ਦਾ ਐਲਾਨਿਆ ਕੀਤਾ। ਪਾਰਲੀਮੈਂਟ ‘ਚ ਵਿੱਤ ਮੰਤਰੀ ਗ੍ਰਾਂਟ ਰੋਬਰਟਸਨ ਨੇ ਆਰਥਿਕ ਪੈਕੇਜ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇਸ਼ ਦੇ ਕਾਰੋਬਾਰਾਂ ਦੀ ਹਮਾਇਤ ਕਰਨ, ਬਜ਼ੁਰਗਾਂ ਅਤੇ ਘੱਟ ਆਮਦਨੀ ਵਾਲੇ ਪਰਿਵਾਰਾਂ ਲਈ ਲਾਭ ਵਧਾਉਣ, ਉਨ੍ਹਾਂ ਲੋਕਾਂ ਨੂੰ ਅਦਾਇਗੀ ਕਰਨ ਲਈ $ 12.1 ਬਿਲੀਅਨ ਖ਼ਰਚ ਕਰੇਗੀ। ਇਹ ਨਿਊਜ਼ੀਲੈਂਡ ਸਰਕਾਰ ਦਾ ਨਵਾਂ ਆਰਥਿਕ ਪੈਕੇਜ ਦੇਸ਼ ਦੇ ਸਾਲਾਨਾ ਕੁੱਲ ਘਰੇਲੂ ਉਤਪਾਦ ਦੇ ਲਗਭਗ 4 ਪ੍ਰਤੀਸ਼ਤ ਦੇ ਬਰਾਬਰ ਹੈ।
ਵਿੱਤ ਮੰਤਰੀ ਗ੍ਰਾਂਟ ਰਾਬਰਟਸਨ ਨੇ ਮੰਗਲਵਾਰ ਨੂੰ ਪੈਕੇਜ ਦੀ ਐਲਾਨ ਕਰਦੇ ਹੋਏ ਕਿਹਾ ਕਿ ਨਿਊਜ਼ੀਲੈਂਡ ਵਿੱਚ ਮੰਦੀ ਹੁਣ ਤਕਰੀਬਨ ਪੱਕੀ ਹੈ, ਇਹ ਝਟਕਾ ਗਲੋਬਲ ਵਿੱਤੀ ਸੰਕਟ ਨਾਲੋਂ ਵੱਡਾ ਹੋਵੇਗਾ। ਇਹ ਹੁਣ ਅਤੇ ਆਉਣ ਵਾਲੇ ਸਮੇਂ ਲਈ ਸਾਡੀ ਆਰਥਿਕਤਾ ਦੇ ਹਰ ਹਿੱਸੇ ਨੂੰ ਪ੍ਰਭਾਵਿਤ ਕਰੇਗਾ। ਅਸੀਂ ਵੇਖ ਰਹੇ ਹਾਂ ਕਿ ਬਹੁਤ ਸਾਰੇ ਨਿਊਜ਼ੀਲੈਂਡ ਵਾਸੀ ਆਪਣੀਆਂ ਨੌਕਰੀਆਂ ਗੁਆ ਰਹੇ ਹਨ ਅਤੇ ਕੁੱਝ ਕਾਰੋਬਾਰ ਅਸਫਲ ਹੋਏ ਹਨ। ਉਨ੍ਹਾਂ ਕਿਹਾ ਕਿ ਲੋੜ ਪਈ ਤਾਂ ਹੋਰ ਖ਼ਰਚ ਕਰਾਂਗੇ ਤੇ ਮਈ ਵਿੱਚ ਦੁਬਾਰਾ ਵਿਚਾਰ ਕਰਕੇ ਲੋੜ ਮੁਤਾਬਿਕ ਹੋਰ ਰਾਹਤ ਪੈਕੇਜ ਦੇ ਸਕਦੇ ਹਾਂ।
ਆਰਥਿਕ ਪੱਖ ਤੋਂ ਇੱਥੇ ਕਈ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਸਾਰੇ ਕੋਵਿਡ -19 ਤੋਂ ਪ੍ਰਭਾਵਿਤ ਕਾਮਿਆਂ ਨੂੰ ਛੁੱਟੀ ਅਤੇ ਸੈਲਫ਼-ਆਈਸੋਲੇਸ਼ਨ ਲਈ ਕੁੱਝ ਆਮ ਆਮਦਨੀ ਸਹਾਇਤਾ ਦਿੱਤੀ ਜਾਏਗੀ।
ਤਨਖ਼ਾਹ ਸਬਸਿਡੀ ਸਕੀਮ ਤਹਿਤ ਵਧੇਰੇ ਪ੍ਰਭਾਵਿਤ ਫ਼ਰਮਾਂ ਦੇ ਫੁੱਲ ਟਾਈਮ (ਹਫ਼ਤੇ ਦੇ 20 ਘੰਟੇ ਜਾਂ ਜ਼ਿਆਦਾ) ਵਾਲੇ ਪੱਕੇ ਕਾਮਿਆਂ ਵਾਸਤੇ $ 585.80 ਪ੍ਰਤੀ ਹਫ਼ਤੇ ਦੀ ਸਬਸਿਡੀ ਦੇ ਹਿਸਾਬ ਨਾਲ ਦਿੱਤੇ ਜਾਣਗੇ ਜੋ 12 ਹਫ਼ਤਿਆਂ ਦੇ $ 7,000 ਦੇ ਲਗਭਗ ਬਣਦੇ ਹਨ, ਜਦੋਂ ਕਿ ਪਾਰਟ ਟਾਈਮ (ਹਫ਼ਤੇ ਦੇ 20 ਘੰਟੇ ਜਾਂ ਘੱਟ) ਵਾਲੇ ਕਾਮਿਆਂ ਨੂੰ $ 350 ਪ੍ਰਤੀ ਹਫ਼ਤੇ ਦੇ ਹਿਸਾਬ ਨਾਲ ਮਿਲਣਗੇ। ਪਰ ਵੱਡੀਆਂ ਕੰਪਨੀਆਂ ਲਈ ਵੱਖਰੇ ਤੌਰ ‘ਤੇ ਗੱਲਬਾਤ ਦੇ ਨਾਲ ਕੁੱਲ $ 1,50,000 ਤੱਕ ਸਹਾਇਤਾ ਕੀਤੀ ਜਾ ਸਕਦੀ ਹੈ। ਬਜ਼ੁਰਗ ਬੈਨੀਫਿਟ ਵਾਲਿਆਂ ਨੂੰ 1 ਅਪ੍ਰੈਲ ਤੋਂ ਪ੍ਰਤੀ ਹਫ਼ਤਾ $ 25 ਦਾ ਵਾਧਾ ਕਰ ਰਹੀ ਹੈ ਤੇ ਵਿੰਨਟਰ ਐਨਰਜੀ ਪੇਮੈਂਟ ਵੀ ਡਬਲ $ 40.91 ਤੇ ਕੱਪਲ ਲਈ $ 63.64 ਕੀਤੀ ਜਾ ਰਹੀ ਹੈ, ਇਹ ਵਿੰਨਟਰ ਐਨਰਜੀ ਪੇਮੈਂਟ ਸਿਰਫ਼ 2020 ਲਈ ਹੈ। ਇਹ ਬੈਨੀਫਿਟ ਆਪੇ ਵੱਧ ਜਾਏਗਾ।
ਕੋਵਿਡ-19 ‘ਚ ਬਿਮਾਰੀ ਦੀ ਛੁੱਟੀ ਕਿਵੇਂ ਕੰਮ ਕਰਦੀ ਹੈ: ਸਰਕਾਰ ਉਨ੍ਹਾਂ ਲਈ ਬਿਮਾਰ ਛੁੱਟੀ ਦੀ ਲਾਗਤ ਨੂੰ ਪੂਰਾ ਕਰੇਗੀ ਜੋ ਪਹਿਲਾਂ ਹੀ ਆਪਣੀ ਲਾਜ਼ਮੀ ਬਿਮਾਰ ਛੁੱਟੀ ਦੀ ਵਰਤੋਂ ਕਰ ਚੁੱਕੇ ਹਨ ਅਤੇ ਜਿਹੜੇ ਘਰ ਤੋਂ ਕੰਮ ਨਹੀਂ ਕਰ ਸਕਦੇ। ਮਾਲਕ ਖ਼ਰਚੇ ਨੂੰ ਪੂਰਾ ਕਰਨ ਵਿੱਚ ਸਹਾਇਤਾ ਲਈ ਇੱਕ ਮੁਸ਼ਤ ਰਾਸ਼ੀ ਲਈ ਮਨਿਸਟਰੀ ਆਫ਼ ਸੋਸ਼ਲ ਡਿਵੈਲਪਮੈਂਟ ਨੂੰ ਦਰਖਾਸਤ ਦੇਵੇਗਾ।