ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਪਿਛਲੇ ਦੋ ਦਿਨਾਂ ਵਿੱਚ 18 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ਵਿੱਚੋਂ ਆਏ

ਵੈਲਿੰਗਟਨ, 15 ਜਨਵਰੀ (ਕੂਕ ਪੰਜਾਬੀ ਸਮਾਚਾਰ) – ਕੋਵਿਡ -19 ਦੇ ਨਿਊਜ਼ੀਲੈਂਡ ‘ਚ ਪਿਛਲੇ ਦੋ ਦਿਨਾਂ ਵਿੱਚ 18 ਨਵੇਂ ਕੇਸ ਸਾਹਮਣੇ ਆਏ ਹਨ। ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਇਹ ਸਾਰੇ ਕੇਸ ਵਿਦੇਸ਼ ਤੋਂ ਵਾਪਸ ਆਇਆਂ ਦੇ ਹਨ। ਸਿਹਤ ਮੰਤਰਾਲੇ ਨੇ ਕਿਹਾ ਕਮਿਊਨਿਟੀ ਵਿੱਚੋਂ ਕੋਈ ਕੇਸ ਨਹੀਂ ਆਇਆ ਹੈ।
ਸਿਹਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਦੱਖਣੀ ਅਫ਼ਰੀਕਾ ਤੋਂ ਆਏ ਇੱਕ ਕੇਸ ਵਿੱਚ 18ਵੇਂ ਦਿਨ ਪਾਜ਼ੇਟਿਵ ਨਤੀਜਾ ਆਈ ਹੈ। ਉਹ ਵਿਅਕਤੀ 31 ਦਸੰਬਰ ਨੂੰ ਪਹਿਲਾਂ ਦੱਸੇ ਗਏ ਪੁਸ਼ਟੀ ਕੀਤੇ ਕੇਸ ਦੇ ਯਾਤਰਾ ਦੇ ਬੱਬਲ ਵਿੱਚੋਂ ਸੀ। ਯਾਤਰੀ 26 ਦਸੰਬਰ ਨੂੰ ਸੰਯੁਕਤ ਅਰਬ ਅਮੀਰਾਤ ਦੇ ਰਸਤੇ ਦੱਖਣੀ ਅਫ਼ਰੀਕਾ ਤੋਂ ਨਿਊਜ਼ੀਲੈਂਡ ਪਹੁੰਚਿਆ ਸੀ ਅਤੇ ਪਹਿਲਾਂ ਉਸ ਦੀ ਪੁਸ਼ਟੀ ਸੰਪਰਕ ਕੇਸ ਵਜੋਂ ਹੋਈ ਸੀ ਤੇ ਪਤਾ ਲੱਗਣ ਤੋਂ ਬਾਅਦ ਆਕਲੈਂਡ ਦੀ ਜੈੱਟ ਪਾਰਕ ਦੀ ਕੁਆਰੰਟੀਨ ਸਹੂਲਤ ਵਿੱਚ ਰਿਹਾ ਸੀ। ਬਾਕੀ ਦੂਸਰੇ ਕੇਸ ਅਮਰੀਕਾ, ਮਲੇਸ਼ੀਆ, ਭਾਰਤ, ਦੱਖਣੀ ਅਫ਼ਰੀਕਾ, ਇਟਲੀ, ਬ੍ਰਿਟੇਨ, ਰੂਸ, ਬਹਿਰੀਨ ਅਤੇ ਸੰਯੁਕਤ ਅਰਬ ਅਮੀਰਾਤ ਸਣੇ ਪੂਰੀ ਦੁਨੀਆ ਤੋਂ ਆਏ ਹਨ।
2 ਹੋਰ ਇੰਟਰਨੈਸ਼ਨਲ ਮੈਰੀਨਰਸ ਜੋ 6 ਜਨਵਰੀ ਨੂੰ ਕ੍ਰਾਈਸਟਚਰਚ ਪਹੁੰਚੇ ਸਨ, ਦਾ ਟੈੱਸਟ ਪਾਜ਼ੇਟਿਵ ਆਇਆ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਇਸ ਸਮੂਹ ਵਿੱਚ ਹੁਣ 19 ਪਾਜ਼ੇਟਿਵ ਕੋਵਿਡ ਕੇਸਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਵਿਚ 9 ਮੰਨੇ ਹਿਸਟੋਰੀਕਲ ਅਤੇ 10 ਐਕਟਿਵ ਹਨ।
ਗੌਰਤਲਬ ਹੈ ਕਿ ਕੁੱਕ ਆਈਲੈਂਡਜ਼ ਦੇ ਲੋਕਾਂ ਨੂੰ ਅਗਲੇ ਹਫ਼ਤੇ ਤੋਂ ਨਿਊਜ਼ੀਲੈਂਡ ਆਉਣ ਦੀ ਆਗਿਆ ਦੇ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ, “ਕੁੱਕ ਆਈਲੈਂਡਜ਼ ਦੀ ਕੋਵਿਡ ਮੁਕਤ ਸਥਿਤੀ ਦੀ ਪੁਸ਼ਟੀ ਹੋਣ ਅਤੇ ਸਿਹਤ ਅਤੇ ਸਰਹੱਦ ਦੇ ਸਖ਼ਤ ਪ੍ਰੋਟੋਕਾਲ ਦੇ ਲਾਗੂ ਹੋਣ ਤੋਂ ਬਾਅਦ ਅਸੀਂ ਹੁਣ ਕੁੱਕ ਆਈਲੈਂਡਜ਼ ਤੋਂ ਨਿਊਜ਼ੀਲੈਂਡ ਵਿੱਚ ਯਾਤਰੀਆਂ ਲਈ ਕੁਆਰੰਟੀਨ ਮੁਕਤ ਯਾਤਰਾ ਦੁਬਾਰਾ ਸ਼ੁਰੂ ਕਰਨ ਦੀ ਸਥਿਤੀ ਵਿੱਚ ਹਾਂ।” ਕੁੱਕ ਆਈਲੈਂਡਜ਼ ਦੇ ਪ੍ਰਧਾਨ ਮੰਤਰੀ ਮਾਰਕ ਬ੍ਰਾਊਨ ਨੇ ਕਿਹਾ ਕਿ ਕੁੱਕ ਆਈਲੈਂਡਰਜ਼ ਨੂੰ ਇੱਥੇ ਜ਼ਰੂਰੀ ਸੇਵਾਵਾਂ ਤੱਕ ਪਹੁੰਚ ਕਰਨ ਦੀ ਲੋੜ ਹੈ।
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਖ਼ਤ ਪ੍ਰੋਟੋਕਾਲ ਰਵਾਨਾ ਹੋਣ ਤੋਂ ਪਹਿਲਾਂ ਸਿਹਤ ਜ਼ਰੂਰਤਾਂ ਅਤੇ ਆਕਲੈਂਡ ਕੌਮਾਂਤਰੀ ਹਵਾਈ ਅੱਡੇ ‘ਤੇ ਹੋਰ ਯਾਤਰੀਆਂ ਤੋਂ ਵੱਖ ਹੋਣ ਸਮੇਤ ਹੋਰ ਦੇਸ਼ਾਂ ਦੇ ਯਾਤਰੀਆਂ ਤੋਂ ਕੋਵਿਡ ਦੇ ਫੈਲਣ ਦੇ ਜੋਖ਼ਮ ਨੂੰ ਰੋਕਣ ਲਈ ਸ਼ਾਮਲ ਹੋਣਗੇ।
ਨਿਊਜ਼ੀਲੈਂਡ ਵਿੱਚ ਨਵੇਂ ਐਕਟਿਵ ਕੇਸਾਂ ਦੀ ਗਿਣਤੀ 76 ਹੋ ਗਈ ਹੈ। ਦੇਸ਼ ਵਿੱਚ ਕੋਵਿਡ -19 ਤੋਂ 4 ਵਿਅਕਤੀ ਰਿਕਵਰ ਹੋਏ ਹਨ। ਜਦੋਂ ਕਿ ਦੇਸ਼ ਵਿੱਚ ਕੁੱਲ ਕੇਸਾਂ ਦੀ ਗਿਣਤੀ 1889 ਹੈ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,246 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ, ਜਿਨ੍ਹਾਂ ਵਿੱਚੋਂ 1,889 ਕੰਨਫ਼ਰਮ ਤੇ 357 ਪ੍ਰੋਵੈਬਲੀ ਕੇਸ ਹੀ ਹਨ। ਬਾਡਰ ਤੋਂ ਆਏ ਨਵੇਂ ਕੇਸਾਂ ਦੀ ਗਿਣਤੀ 413 ਹੋ ਗਈ ਹੈ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2144 ਹੈ। ਨਿਊਜ਼ੀਲੈਂਡ ਵਿੱਚ ਕੋਵਿਡ -19 ਨਾਲ ਹਸਪਤਾਲ ਵਿੱਚ ਕੋਈ ਦਾਖ਼ਲ ਨਹੀਂ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 25 ਹੀ ਹੈ।