ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ 14 ਨਵੇਂ ਕੇਸ, 9 ਮੈਨੇਜਡ ਆਈਸੋਲੇਸ਼ਨ ਤੇ 5 ਕਮਿਊਨਿਟੀ ‘ਚੋਂ ਆਏ

ਵੈਲਿੰਗਟਨ, 1 ਸਤੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ 14 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 9 ਕੇਸ ਮੈਨੇਜਡ ਆਈਸੋਲੇਸ਼ਨ ਵਿੱਚੋਂ ਹਨ ਅਤੇ ਬਾਕੀ 5 ਦਾ ਸੰਬੰਧ ਆਕਲੈਂਡ ਕਮਿਊਨਿਟੀ ਕਲੱਸਟਰ ਨਾਲ ਹੈ।
ਸਿਹਤ ਮੰਤਰਾਲੇ ਨੇ ਦੱਸਿਆ ਕਿ ਕਮਿਊਨਿਟੀ ਦੇ 5 ਨਵੇਂ ਕੇਸ ਆਕਲੈਂਡ ਕਮਿਊਨਿਟੀ ਕਲੱਸਟਰ ਦੇ ਨਾਲ ਸੰਬੰਧਿਤ ਹਨ। ਇਨ੍ਹਾਂ ਵਿੱਚੋਂ 2 ਕੇਸ ਪਹਿਲਾਂ ਦੱਸੇ ਗਏ ਕੇਸਾਂ ਦੇ ਘਰੇਲੂ ਸੰਪਰਕ ਦੇ ਹਨ ਅਤੇ ਹੋਰ 3 ਕੇਸ ਇੱਕ ਘਰੇਲੂ ਮਾਮਲੇ ਵਿੱਚੋਂ ਹਨ ਜੋ ਇੱਕ ਮੌਜੂਦਾ ਕੇਸ ਨਾਲ ਜੁੜੇ ਹੋਏ ਹਨ। ਜਦੋਂ ਕਿ ਵਿਦੇਸ਼ ਤੋਂ ਵਾਪਸ ਨਿਊਜ਼ੀਲੈਂਡ ਪਰਤਿਆਂ ਦੇ ਵਿੱਚੋਂ ਆਏ 9 ਨਵੇਂ ਕੇਸਾਂ ਹਨ, ਜਿਨ੍ਹਾਂ ‘ਚੋਂ 5 ਕ੍ਰਾਈਸਟਚਰਚ, 3 ਆਕਲੈਂਡ ਅਤੇ 1 ਵੈਲਿੰਗਟਨ ਵਿਖੇ ਹਨ। ਇਹ ਸਾਰੇ ਸਖ਼ਤ ਕੁਆਰੰਟੀਨ ਸਹੂਲਤਾਂ ‘ਚ ਹਨ।
ਕ੍ਰਾਈਸਟਚਰਚ ਮੈਨੇਜਡ ਆਈਸੋਲੇਸ਼ਨ ਦੇ 5 ਨਵੇਂ ਕੇਸਾਂ ‘ਚ ਇੱਕ 20 ਸਾਲਾ ਪੁਰਸ਼, ਇੱਕ 30 ਸਾਲਾਂ ਦੀ ਔਰਤ, ਦੋ ਔਰਤਾਂ 20 ਸਾਲਾਂ ਦੀਆਂ ਅਤੇ ਇੱਕ 40 ਸਾਲਾਂ ਦਾ ਪੁਰਸ਼ ਹੈ, ਇਹ ਸਾਰੇ 27 ਅਗਸਤ ਨੂੰ ਫਿਜ਼ੀ ਦੇ ਰਸਤੇ ਭਾਰਤ ਤੋਂ ਇੱਕੋ ਉਡਾਣ ਰਾਹੀ ਨਿਊਜ਼ੀਲੈਂਡ ਪਹੁੰਚੇ ਸਨ। ਆਕਲੈਂਡ ਮੈਨੇਜਡ ਆਈਸੋਲੇਸ਼ਨ ਦੇ 3 ਨਵੇਂ ਕੇਸਾਂ ‘ਚ 20 ਸਾਲਾਂ ਅਤੇ 30 ਸਾਲਾਂ ਦੀਆਂ ਦੋ ਔਰਤ ਹਨ, ਜੋ 23 ਅਗਸਤ ਨੂੰ ਭਾਰਤ ਤੋਂ ਨਿਊਜ਼ੀਲੈਂਡ ਆਈਆਂ ਸਨ। ਜਦੋਂ ਕਿ ਤੀਜਾ ਕੇਸ ਵੀ ਇੱਕ 50 ਸਾਲਾਂ ਦੀ ਔਰਤ ਦਾ ਹੈ ਜੋ 26 ਅਗਸਤ ਨੂੰ ਕਤਰ ਤੋਂ ਆਈ ਸੀ। ਵੈਲਿੰਗਟਨ ਦਾ 1 ਕੇਸ 50 ਸਾਲਾਂ ਦੇ ਇੱਕ ਪੁਰਸ਼ ਦਾ ਹੈ ਜੋ 18 ਅਗਸਤ ਨੂੰ ਅਮਰੀਕਾ ਤੋਂ ਆਇਆ ਸੀ ਅਤੇ ਉਹ ਮੈਨੇਜਡ ਆਈਸੋਲੇਸ਼ਨ ਵਿੱਚ ਰਹਿੰਦੇ ਹੋਏ 12ਵੇਂ ਦਿਨ ਦੇ ਰੁਟੀਨ ਟੈੱਸਟ ਵਿੱਚ ਪਾਜ਼ੇਟਿਵ ਆਇਆ।
ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 132 ਹੋ ਗਈ ਹੈ। ਜਿਨ੍ਹਾਂ ਵਿੱਚ 99 ਕੇਸ ਕਮਿਊਨਿਟੀ ਦੇ ਹਨ, ਜਦੋਂ ਕਿ 33 ਵਿਦੇਸ਼ਾਂ ਤੋਂ ਵਾਪਸ ਪਰਤਿਆਂ ਦੇ ਹਨ। ਦੇਸ਼ ਵਿੱਚ ਕੋਵਿਡ -19 ਤੋਂ 13 ਵਿਅਕਤੀ ਰਿਕਵਰ ਹੋਏ ਹਨ। ਕੱਲ੍ਹ ਲਗਭਗ 8,599 ਟੈੱਸਟ ਕੀਤੇ ਗਏ, ਜਿਸ ਨਾਲ ਦੇਸ਼ ਵਿੱਚ ਹੁਣ ਤੱਕ ਕੁੱਲ 766,626 ਟੈੱਸਟ ਪੂਰੇ ਹੋ ਗਏ ਹਨ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1752 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,401 ਕੰਨਫ਼ਰਮ ਤੇ 351 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1598 ਹੈ, ਦੇਸ਼ ਵਿੱਚ ਕੋਵਿਡ -19 ਤੋਂ 13 ਹੋਰ ਵਿਅਕਤੀ ਰਿਕਵਰ ਹੋਏ ਹਨ। ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ‘ਚ ਕੰਨਫ਼ਰਮ ਤੇ ਪ੍ਰੋਵੈਬਲੀ ਕੇਸਾਂ ਦੀ ਕੁੱਲ ਗਿਣਤੀ ਹੁਣ 132 ਹੋ ਗਈ ਹੈ। ਨਿਊਜ਼ੀਲੈਂਡ ਵਿੱਚ 10 ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚੋਂ 2 ਗੰਭੀਰ ਦੇਖਭਾਲ (ICU) ਵਿੱਚ ਹਨ। ਦੇਸ਼ ‘ਚ ਮੌਤਾਂ ਦੀ ਗਿਣਤੀ 22 ਹੀ ਹੈ।