ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ 2 ਹੋਰ ਨਵੇਂ ਕੇਸ ਸਾਹਮਣੇ ਆਏ

ਵੈਲਿੰਗਟਨ, 7 ਜੁਲਾਈ – ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ 2 ਨਵੇਂ ਕੇਸ ਸਾਹਮਣੇ ਆਏ ਹਨ। ਦੋਵੇਂ ਕੇਸ ਇੱਕੋ ਪਰਿਵਾਰ ਦੀਆਂ 20 ਸਾਲਾ ਅਤੇ 30 ਸਾਲਾ ਮਹਿਲਾਵਾਂ ਦੇ ਹਨ, ਜੋ 2 ਜੁਲਾਈ ਨੂੰ ਅਫ਼ਗ਼ਾਨਿਸਤਾਨ ਤੋਂ ਆਈਆਂ ਹਨ। ਦੋਵੇਂ ਨਿਊਜ਼ੀਲੈਂਡ ਪਹੁੰਚਣ ਤੋਂ ਬਾਅਦ ਰੁਟੀਨ ਟੈੱਸਟ ਦੇ ਦੌਰਾਨ 3 ਦਿਨ ਦੇ ਟੈੱਸਟ ਵਿੱਚ ਪਾਜ਼ਟਿਵ ਆਈਆਂ ਹਨ। ਉਹ ਦੋਵੇਂ ਮੈਨੇਜਡ ਆਈਸੋਲੇਸ਼ਨ ਵਿੱਚ ਹਨ। ਨਿਊਜ਼ੀਲੈਂਡ ਵਿੱਚ ਕਮਿਊਨਿਟੀ ਟਰਾਂਸਮਿਸ਼ਨ ਦਾ ਆਖ਼ਰੀ ਵਾਰ ਪਤਾ ਲੱਗਣ ਦੇ ਬਾਅਦ 67 ਦਿਨ ਹੋ ਗਏ ਹਨ।
ਕੋਵਿਡ -19 ਨਾਲ ਹੁਣ ਕੋਈ ਮਰੀਜ਼ ਹਸਪਤਾਲ ਵਿੱਚ ਨਹੀਂ ਹੈ, ਆਕਲੈਂਡ ਹਸਪਤਾਲ ਵਿਚਲੇ ਮਰੀਜ਼ ਨੂੰ ਰੀਲੀਜ਼ ਕਰ ਦਿੱਤਾ ਗਿਆ ਹੈ। ਦੇਸ਼ ਵਿੱਚ 22 ਐਕਟਿਵ ਕੇਸ ਹਨ, ਸਾਰੇ ਹੀ ਮੈਨੇਜਡ ਆਈਸੋਲੇਸ਼ਨ ਵਿੱਚ ਹਨ। ਨਿਊਜ਼ੀਲੈਂਡ ਵਿੱਚ 1186 ਪੁਸ਼ਟੀ ਕੀਤੇ ਗਏ ਕੇਸ ਸਾਹਮਣੇ ਆਏ ਹਨ। ਕੱਲ੍ਹ ਇੱਥੇ 1641 ਟੈੱਸਟ ਕੀਤੇ ਗਏ ਸਨ, ਜਿਨ੍ਹਾਂ ਵਿੱਚ ਮੈਨੇਜਡ ਆਈਸੋਲੇਸ਼ਨ ਸਹੂਲਤਾਂ ਵਿਚਲੇ 505 ਟੈੱਸਟ ਸ਼ਾਮਲ ਹਨ।
ਨਵੇਂ ਸਿਹਤ ਮੰਤਰੀ ਕ੍ਰਿਸ ਹਿਪਕਿੰਸ ਨੇ ਕਿਹਾ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਆਉਂਦੇ ਦਿਨਾਂ ਅਤੇ ਹਫ਼ਤਿਆਂ ਵਿੱਚ ਟੈਸਟਿੰਗ ਵਧਾਉਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਨਿਊਜ਼ੀਲੈਂਡ ਨੂੰ ਇਸ ਦੇ ਸਿਖਰ ‘ਤੇ ਹੋਣ ਵਾਲੇ ਦਰ ‘ਤੇ ਟੈੱਸਟ ਕਰਨ ਦੀ ਜ਼ਰੂਰਤ ਨਹੀਂ ਹੈ, ਜੋ ਕਿ ਇਕ ਦਿਨ ਵਿੱਚ 12,000 ਦੇ ਲਗਭਗ ਸੀ ਪਰ ਇਹ ਮਹੱਤਵਪੂਰਣ ਟੈਸਟਿੰਗ ਅਜੇ ਵੀ ਹੋਣ। ਸਿਹਤ ਮੰਤਰੀ ਹਿਪਕਿੰਸ ਨੇ ਕਿਹਾ ਕਿ ਉਦੇਸ਼ ਇੱਕ ਦਿਨ ਵਿੱਚ ਲਗਭਗ 4000 ਟੈੱਸਟ ਦਾ ਹੈ।