ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ 2 ਨਵੇਂ ਕੇਸ, ਅੱਜ ਅੱਧੀ ਰਾਤ ਆਕਲੈਂਡ ਅਲਰਟ ਲੈਵਲ 2.5 ‘ਚ ਦਾਖ਼ਲ ਹੋਵੇਗਾ

ਵੈਲਿੰਗਟਨ, 30 ਅਗਸਤ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ 2 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਇਹ ਦੋਵੇਂ ਕੇਸ ਆਕਲੈਂਡ ਕਮਿਊਨਿਟੀ ਕਲੱਸਟਰ ਨਾਲ ਸੰਬੰਧਿਤ ਹਨ। ਪਹਿਲਾ ਕੇਸ ਘਰ ਦੇ ਕਲੱਸਟਰ ਨਾਲ ਜੁੜਿਆ ਹੈ ਜਦੋਂ ਕਿ ਦੂਜਾ ਕੇਸ ਟੋਕੋਰੋਆ ਦੇ ਹੈਲਥ ਵਰਕਰ ਦਾ ਹੈ, ਜੋ ਪਹਿਲੇ ਇਸੇ ਸ਼ਹਿਰ ‘ਚ ਆਏ ਕੇਸਾਂ ਨਾਲ ਸੰਬੰਧ ਰੱਖਦਾ ਹੈ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਅੱਜ ਅੱਧੀ ਰਾਤੀ 11.59 ਵਜੇ ਆਕਲੈਂਡ ਅਲਰਟ ਲੈਵਲ 3 ਤੋਂ 2.5 ‘ਤੇ ਚਲਾ ਜਾਏਗਾ ਅਤੇ ਦੇਸ਼ ਦਾ ਬਾਕੀ ਹਿੱਸਾ ਅਲਰਟ ਲੈਵਲ 2 ਉੱਤੇ ਹੀ ਰਹੇਗਾ। ਆਕਲੈਂਡ ਦਾ ਲੈਵਲ 2.5 ਸਖ਼ਤ ਸ਼ਰਤਾਂ ਦੇ ਨਾਲ ਲਾਗੂ ਹੋਵੇਗਾ। ਉਨ੍ਹਾਂ ਨਾਲ ਇਹ ਵੀ ਕਿਹਾ ਜੇ ਲੋੜ ਪਈ ਤਾਂ ਆਕਲੈਂਡ ਮੁੜ ਅਲਰਟ ਲੈਵਲ 3 ਉੱਤੇ ਵੀ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਨੇ ਬੀਤੀ ਰਾਤ ਸਰਕਾਰ ਦੇ ਕੋਵਿਡ -19 ਫੇਸਬੁੱਕ ਪੇਜ ਰਾਹੀ ‘ਸਾਰੇ ਸਾਊਥ ਤੇ ਵੈਸਟ ਆਕਲੈਂਡ’ ਵਾਲਿਆਂ ਨੂੰ ਟੈੱਸਟ ਕਰਵਾਉਣ ਦੀ ਜ਼ਰੂਰਤ ਬਾਰੇ ਹੋਈ ਐਡਵਾਈਜ਼ ‘ਤੇ ਨਰਾਜ਼ਗੀ ਜਤਾਈ।
ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 137 ਹੈ, ਜਦੋਂ ਕਿ ਇਨ੍ਹਾਂ ਵਿੱਚੋਂ 20 ਵਿਦੇਸ਼ਾਂ ਤੋਂ ਵਾਪਸ ਪਰਤਿਆਂ ਦੇ ਹਨ। ਦੇਸ਼ ਵਿੱਚ ਕੋਵਿਡ -19 ਤੋਂ 2 ਵਿਅਕਤੀ ਰਿਕਵਰ ਹੋਏ ਹਨ। ਕੱਲ੍ਹ ਲਗਭਗ 10,487 ਟੈੱਸਟ ਕੀਤੇ ਗਏ, ਜਿਸ ਨਾਲ ਦੇਸ਼ ਵਿੱਚ ਹੁਣ ਤੱਕ ਕੁੱਲ 750,808 ਟੈੱਸਟ ਪੂਰੇ ਹੋ ਗਏ ਹਨ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1729 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,378 ਕੰਨਫ਼ਰਮ ਤੇ 351 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1570 ਹੈ, ਦੇਸ਼ ਵਿੱਚ ਕੋਵਿਡ -19 ਤੋਂ 2 ਹੋਰ ਵਿਅਕਤੀ ਰਿਕਵਰ ਹੋਏ ਹਨ। ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ‘ਚ ਕੰਨਫ਼ਰਮ ਤੇ ਪ੍ਰੋਵੈਬਲੀ ਕੇਸਾਂ ਦੀ ਕੁੱਲ ਗਿਣਤੀ ਹੁਣ 137 ਹੋ ਗਈ ਹੈ। ਨਿਊਜ਼ੀਲੈਂਡ ਵਿੱਚ 10 ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚੋਂ 2 ਗੰਭੀਰ ਦੇਖਭਾਲ (ICU) ਵਿੱਚ ਹਨ। ਦੇਸ਼ ‘ਚ ਮੌਤਾਂ ਦੀ ਗਿਣਤੀ 22 ਹੀ ਹੈ।