ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਹੋਰ 3 ਨਵੇਂ ਕੇਸ ਸਾਹਮਣੇ ਆਏ

ਪੁਲਿਸ 24 ਘੰਟੇ ਆਈਸੋਲੇਸ਼ਨ ਅਤੇ ਕੁਆਰੰਟੀਨ ਸਹੂਲਤਾਂ ਵਾਲੀਆਂ ਥਾਵਾਂ ਦੀ ਨਿਗਰਾਨੀ ਕਰੇਗੀ
ਵੈਲਿੰਗਟਨ, 9 ਜੁਲਾਈ –
ਸਿਹਤ ਮੰਤਰਾਲੇ ਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਹੋਰ 3 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਨਵੇਂ ਤਿੰਨ ਕੇਸਾਂ ਵਿਚੋਂ 2 ਭਾਰਤ ਅਤੇ 1 ਇਟਲੀ ਤੋਂ ਵਾਪਸ ਪਰਤੇ ਲੋਕਾਂ ਨਾਲ ਸੰਬੰਧਿਤ ਹੈ। 2 ਭਾਰਤੀਆਂ ਵਿਚੋਂ ਪਹਿਲਾ ਕੇਸ 20 ਸਾਲਾਂ ਦੀ ਇੱਕ ਮਹਿਲਾ ਦਾ ਹੈ ਅਤੇ ਦੂਜਾ ਕੇਸ ਵੀ 20 ਸਾਲਾਂ ਦੇ ਹੀ ਇੱਕ ਵਿਅਕਤੀ ਦਾ ਹੈ। ਇਹ ਦੋਵੇਂ ਹੀ 3 ਜੁਲਾਈ ਨੂੰ ਭਾਰਤ ਤੋਂ ਆਈ ਫਲਾਈਟ ਰਾਹੀ ਨਿਊਜ਼ੀਲੈਂਡ ਪਹੁੰਚੇ ਸਨ। ਇਹ ਦੋਵੇਂ ਆਕਲੈਂਡ ਦੇ ਸਟੈਮਫੋਰਡ ਪਲਾਜ਼ਾ ਵਿਖੇ ਮੈਨੇਜਡ ਆਈਸੋਲੇਸ਼ਨ ਵਿੱਚ ਰਹਿ ਰਹੇ ਹਨ। ਜਦੋਂ ਕਿ ਅੱਜ ਦਾ ਤੀਜਾ ਕੇਸ 4 ਜੁਲਾਈ ਨੂੰ ਇਟਲੀ ਤੋਂ ਵਾਪਸ ਨਿਊਜ਼ੀਲੈਂਡ ਪਰਤੇ 30 ਸਾਲਾਂ ਦੇ ਇੱਕ ਵਿਅਕਤੀ ਦਾ ਹੈ ਜੋ ਕ੍ਰਾਈਸਟਚਰਚ ਦੇ ਕਮੋਡੋਰ ਹੋਟਲ ਵਿਖੇ ਆਈਸੋਲੇਸ਼ਨ ਵਿੱਚ ਰਹਿ ਰਿਹਾ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਪਹਿਲਾਂ ਰਿਪੋਰਟ ਕੀਤੇ ਗਏ 2 ਕੇਸ ਹੁਣ ਰਿਕਵਰ ਹੋਏ ਹਨ, ਜਿਸ ਨਾਲ ਐਕਟਿਵ ਕੇਸਾਂ ਦੀ ਕੁੱਲ ਸੰਖਿਆ 24 ਹੋ ਗਈ ਹੈ। ਨਿਊਜ਼ੀਲੈਂਡ ਵਿੱਚ ਕੋਈ ਵੀ ਕੋਵਿਡ -19 ਦੀ ਹਸਪਤਾਲ ਪੱਧਰੀ ਦੇਖਭਾਲ ਪ੍ਰਾਪਤ ਨਹੀਂ ਕਰ ਰਿਹਾ ਹੈ। ਕੱਲ੍ਹ ਲੈਬੋਟਰੀ ਨੇ 3089 ਟੈੱਸਟ ਪੂਰੇ ਕੀਤੇ। ਦੇਸ਼ ਵਿੱਚ ਇਸ ਨਾਲ ਹੁਣ ਤੱਕ ਦੇ ਟੈੱਸਟਾਂ ਦੀ ਕੁੱਲ ਗਿਣਤੀ 422,144 ‘ਤੇ ਪਹੁੰਚ ਗਈ ਹੈ।
ਕੋਵਿਡ -19 ਨਾਲ ਦੇਸ਼ ਵਿੱਚ ਨਵੇਂ ਆਏ 24 ਐਕਟਿਵ ਕੇਸ ਹਨ ਜੋ ਸਾਰੇ ਹੀ ਮੈਨੇਜਡ ਆਈਸੋਲੇਸ਼ਨ ਵਿੱਚ ਹਨ। ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਕੁੱਲ ਮਿਲਾ ਕੇ 1540 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,190 ਕੰਨਫ਼ਰਮ ਤੇ 350 ਪ੍ਰੋਵੈਬਲੀ ਕੇਸ ਹਨ। ਕੋਰੋਨਾਵਾਇਰਸ ਤੋਂ ਹੁਣ ਤੱਕ 1494 ਰਿਕਵਰ ਹੋਏ ਹਨ। ਮੌਤਾਂ ਦੀ ਗਿਣਤੀ 22 ਹੀ ਹੈ।
ਹਾਊਸਿੰਗ ਮੰਤਰੀ ਅਤੇ ਕੁਆਰੰਟੀਨ ਤੇ ਆਈਸੋਲੇਸ਼ਨ ਸਹੂਲਤਾਂ ਦੀ ਇੰਚਾਰਜ ਮੇਗਨ ਵੁੱਡਜ਼ ਨੇ ਕਿਹਾ ਕਿ ਪੁਲਿਸ 24 ਘੰਟੇ ਆਈਸੋਲੇਸ਼ਨ ਅਤੇ ਕੁਆਰੰਟੀਨ ਸਹੂਲਤਾਂ ਵਾਲੀਆਂ ਥਾਵਾਂ ਦੀ ਨਿਗਰਾਨੀ ਕਰੇਗੀ। ਅਜਿਹਾ ਭਾਰਤ ਤੋਂ ਵਾਪਸ ਪਰਤੇ ਇੱਕ 32 ਸਾਲਾ ਭਾਰਤੀ ਮੂਲ ਦੇ ਵਿਅਕਤੀ ਵੱਲੋਂ 7 ਜੁਲਾਈ ਦਿਨ ਮੰਗਲਵਾਰ ਰਾਤੀ ਸਿਟੀ ਦੇ ਸਟੈਮਫੋਰਡ ਪਲਾਜ਼ਾ ਦੀ ਫੈਂਸ ਟੱਪ ਕੇ 70 ਮਿੰਟ ਬਾਹਰ ਰਹਿਣ ਤੋਂ ਬਾਅਦ ਸਖ਼ਤ ਕਦਮ ਲਿਆ ਗਿਆ ਹੈ। ਕਿਉਂਕਿ ਅਗਲੇ ਦਿਨ ਬੁੱਧਵਾਰ ਨੂੰ ਉਹ ਕੋਵਿਡ -19 ਦੇ ਆਏ ਰਿਜ਼ਲਟ ‘ਚ ਪਾਜ਼ਟਿਵ ਪਾਇਆ ਗਿਆ ਸੀ।