ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ‘ਚੋਂ 13 ਨਵੇਂ ਕੇਸ ਸਾਹਮਣੇ ਆਏ, ਜਿਨ੍ਹਾਂ ‘ਚੋਂ 12 ਕੰਨਫ਼ਰਮ ਅਤੇ 1 ਕੇਸ ਪ੍ਰੋਵੈਬਲੀ

ਵੈਲਿੰਗਟਨ, 14 ਅਗਸਤ (ਕੂਕ ਪੰਜਾਬੀ ਸਮਾਚਾਰ) – ਸਿਹਤ ਵਿਭਾਗ ਦੇ ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ‘ਚੋਂ ਕੋਵਿਡ-19 ਦੇ 13 ਨਵੇਂ ਹੋਰ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ 12 ਕੰਨਫ਼ਰਮ ਅਤੇ 1 ਕੇਸ ਪ੍ਰੋਵੈਬਲੀ ਹੈ।
ਉਨ੍ਹਾਂ ਕਿਹਾ ਇਨ੍ਹਾਂ 13 ਕੇਸਾਂ ਵਿੱਚੋਂ 1 ਕੇਸ ਹਸਪਤਾਲ ਵਿੱਚ ਜਾਂਚ ਅਧੀਨ ਹੈ। ਸਾਰੇ ਨਵੇਂ ਕੇਸ ਮੌਜੂਦਾ ਕਲੱਸਟਰ ਨਾਲ ਜੁੜੇ ਹੋਏ ਹਨ, ਹਾਲਾਂਕਿ 1 ਆਕਲੈਂਡ ਹਸਪਤਾਲ ਵਿਚਲਾ ਵਿਅਕਤੀ ਅਜੇ ਵੀ ਜਾਂਚ ਅਧੀਨ ਹੈ। ਪੁਸ਼ਟੀ ਹੋਏ ਕੇਸਾਂ ਵਿੱਚੋਂ 2 ਕੇਸ ਟੋਕੋਰੋਆ ਵਿੱਚ ਹਨ ਅਤੇ ਉਹ ਦੱਖਣੀ ਆਕਲੈਂਡ ਪਰਿਵਾਰ ਦੇ ਇਕ ਪਰਿਵਾਰਕ ਮੈਂਬਰ ਨਾਲ ਜੁੜੇ ਹੋਏ ਹਨ ਜਿਨ੍ਹਾਂ ਦਾ ਇਸ ਹਫ਼ਤੇ ਪਾਜ਼ੇਟਿਵ ਟੈੱਸਟ ਆਇਆ ਸੀ।
ਬਲੂਮਫੀਲਡ ਨੇ ਕਿਹਾ ਕਿ ਟੋਕੋਰੋਆ ਦੇ ਕੇਸ ਆਕਲੈਂਡ ਕਲੱਸਟਰ ਨਾਲ ਸਪਸ਼ਟ ਤੌਰ ‘ਤੇ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਲੱਸਟਰ ਨਾਲ ਜੁੜੇ 38 ਲੋਕ ਪਹਿਲਾਂ ਹੀ ਕੁਆਰੰਟੀਨ ਸਹੂਲਤਾਂ ਵਿੱਚ ਚਲੇ ਗਏ ਹਨ।
ਬਲੂਮਫੀਲਡ ਨੇ ਕਿਹਾ ਕਿ ਮਾਊਂਟ ਐਲਬਰਟ ਗਰੈਮਰ ਅਤੇ ਪਾਕੁਰੰਗਾ ਕਾਲਜ ਹੁਣ ਟਾਇਓਫੋ ਆਈ ਪਯੂਸੀਸੀ ਪ੍ਰੀਸਕੂਲ, ਟੋਰਬੇ ਵਿਚਲਾ ਗਲੈਮਰਗਨ ਸਕੂਲ ਅਤੇ ਆਕਲੈਂਡ ਦੇ ਸਾਊਥਰਨ ਕਰਾਸ ਕੈਂਪਸ ਨਾਲ ਜੁੜੇ ਕੇਸਾਂ ਦੀ ਪੁਸ਼ਟੀ ਹੋਣ ਦੇ ਬਾਅਦ ਬੰਦ ਹੋ ਗਏ ਹਨ।
ਦੇਸ਼ ਵਿੱਚ ਹੁਣ ਨਵੇਂ ਐਕਟਿਵ ਕੇਸਾਂ ਦੀ ਗਿਣਤੀ 49 ਹੋ ਗਈ ਹੈ। ਜਿਨ੍ਹਾਂ ਵਿੱਚੋਂ 30 ਐਕਟਿਵ ਕੇਸਾਂ ਦਾ ਸੰਬੰਧ ਕਮਿਊਨਿਟੀ ਟਰਾਂਸਮਿਸ਼ਨ ਨਾਲ ਹੈ। ਬਲੂਮਫੀਲਡ ਨੇ ਕਿਹਾ ਕਿ ਦੇਸ਼ ਵਿੱਚ ਵੀਰਵਾਰ ਨੂੰ 15,000 ਤੋਂ ਵੱਧ ਟੈੱਸਟ ਕੀਤੇ ਗਏ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਕੁੱਲ ਮਿਲਾ ਕੇ 1602 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹੀ ਹਨ। ਜਿਨ੍ਹਾਂ ਵਿੱਚੋਂ 1,251 ਕੰਨਫ਼ਰਮ ਤੇ 351 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 1531 ਹੀ ਹੈ। ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ਦੀ ਕੁੱਲ ਗਿਣਤੀ ਹੁਣ 49 ਹੋ ਗਈ ਹੈ। ਨਿਊਜ਼ੀਲੈਂਡ ਵਿੱਚ 1 ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਜਾਂਚ ਅਧੀਨ ਦਾਖ਼ਲ ਹੈ। ਮੌਤਾਂ ਦੀ ਗਿਣਤੀ 22 ਹੀ ਹੈ।