ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ 49 ਦਿਨਾਂ ‘ਚ ਪਹਿਲੀ ਵਾਰ ਜ਼ੀਰੋ ਨਵੇਂ ਕੇਸ

ਵੈਲਿੰਗਟਨ, 4 ਮਈ – ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਦੱਸਿਆ ਕਿ ਨਿਊਜ਼ੀਲੈਂਡ ਵਿੱਚ ਕੋਵਿਡ -19 ਦਾ ਅੱਜ ਕੋਈ ਵੀ ਨਵਾਂ ਕੇਸ ਨਹੀਂ ਆਇਆ ਹੈ ਅਤੇ ਉਹ ਇਸ ਨੂੰ ਇਸੇ ਹੀ ਤਰ੍ਹਾਂ ਬਣਾਈ ਰੱਖਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਇਹ ਤਕਰੀਬਨ 6 ਹਫ਼ਤਿਆਂ ਦੇ ਲਾਗੇ ਇਹ ਪਹਿਲਾ ਮੌਕਾ ਹੈ ਜਦੋਂ 24 ਘੰਟਿਆਂ ਦੀ ਮਿਆਦ ਦੀ ਜਾਂਚ ਵਿੱਚ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ। ਇੱਥੇ ਨਾ ਹੀ ਕੋਈ ਵਾਧੂ ਮੌਤਾਂ ਹੋਈ ਹੈ ਅਤੇ ਮੌਤ ਦੀ ਗਿਣਤੀ 20 ਹੀ ਹੈ। ਕੇਸਾਂ ਦੀ ਕੁੱਲ ਗਿਣਤੀ 1487 ਹੈ। ਉਨ੍ਹਾਂ ਦੱਸਿਆ ਕਿ ਇਕ ਸੰਭਾਵਿਤ ਕੇਸ ਦੀ ਪੁਸ਼ਟੀ ਲਈ ਅਪਗ੍ਰੇਡ ਕੀਤਾ ਗਿਆ ਸੀ ਪਰ ਇਸ ਨਾਲ ਕੇਸਾਂ ਦੀ ਕੁੱਲ ਸੰਖਿਆ ‘ਚ ਬਦਲਾਓ ਨਹੀਂ ਹੁੰਦਾ। ਹਸਪਤਾਲ ਵਿੱਚ 4 ਲੋਕ ਹਨ। ਬਹੁਤ ਸਾਰੇ ਰਿਕਵਰ ਹੋਏ 1276 ਕੇਸ ਹਨ ਅਤੇ ਐਕਟਿਵ ਕੇਸਾਂ ਦੀ ਗਿਣਤੀ 40 ਦਿਨਾਂ ਵਿੱਚ ਪਹਿਲੀ ਵਾਰ 200 ਤੋਂ ਹੇਠਾਂ ਆ ਗਈ।
ਬਲੂਮਫੀਲਡ ਨੇ ਕਿਹਾ ਕਿ, ‘ਜ਼ੀਰੋ ਨਵੇਂ ਕੇਸਾਂ ਦਾ ਇਹ ਪਹਿਲਾ ਦਿਨ ਹੈ ਅਤੇ ਅਸੀਂ ਇਸ ਨੂੰ ਇਸੇ ਤਰ੍ਹਾਂ ਰੱਖਣਾ ਚਾਹੁੰਦੇ ਹਾਂ, ਸਪਸ਼ਟ ਤੌਰ ‘ਤੇ ਇਹ ਅੱਜ ਉਤਸ਼ਾਹਜਨਕ ਅੰਕੜੇ ਹਨ ਪਰ ਸਮੇਂ ਦੇ ਨਾਲ ਇਹ ਸਿਰਫ਼ ਇੱਕ ਪਲ ਹੈ’। ਨਿਊਜ਼ੀਲੈਂਡ ਦੇ ਲੌਕਡਾਉਨ ਹੋਣ ਦੇ ਮੁੱਢਲੇ ਦਿਨਾਂ ਤੋਂ ਹੀ ਕਈ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਇੱਕ ਪੰਦ੍ਹਰਵਾੜੇ ਤੋਂ ਵੱਧ ਸਮੇਂ ਦੌਰਾਨ ਰੋਜ਼ਾਨਾ ਕੇਸ ਨੰਬਰ ਸਿੰਗਲ ਅੰਕ ਵਿੱਚ ਹੁੰਦੇ ਰਹੇ ਹਨ। ਨਤੀਜਾ ਉਸ ਵੇਲੇ ਆਇਆ, ਜਦੋਂ ਕਿ ਕੈਬਨਿਟ ਇਹ ਫ਼ੈਸਲਾ ਕਰਨ ਜਾ ਰਹੀ ਹੈ ਕਿ ਕੀ ਦੇਸ਼ ਕੋਵਿਡ -19 ਅਲਰਟ ਲੈਵਲ 3 ਤੋਂ ਲੈਵਲ 2 ਤੋਂ ਅੱਗੇ ਵਧ ਸਕਦਾ ਹੈ।
ਬਲੂਮਫੀਲਡ ਨੇ ਕਿਹਾ ਕਿ ਸੋਮਵਾਰ ਦੇ ਅੰਕੜੇ ਉਤਸ਼ਾਹਜਨਕ ਹਨ, ਪਰੰਤੂ ਪ੍ਰਮੁੱਖ ਟੈੱਸਟ ਹਫ਼ਤੇ ਦੇ ਅੰਤ ਵਿੱਚ ਆਵੇਗਾ ਜਦੋਂ ਨਵੇਂ ਕੇਸ ਜੋ ਲੈਵਲ 3 ਵਿੱਚ ਜਾਣ ਤੋਂ ਬਾਅਦ ਸਾਹਮਣੇ ਆਏ ਹਨ, ਲੱਛਣ ਬਣ ਗਏ ਸਨ। ਉਨ੍ਹਾਂ ਕਿਹਾ ਕਿ 3 ਨਵੇਂ ਕੇਸ ਸ਼ੁੱਕਰਵਾਰ, 6 ਸ਼ਨੀਵਾਰ ਨੂੰ ਅਤੇ 2 ਐਤਵਾਰ ਨੂੰ ਐਲਾਨੇ ਗਏ ਸਨ। ਕੋਰੋਨਾਵਾਇਰਸ ਨਾਲ ਨਜਿੱਠਣ ਵਿੱਚ ਨਿਊਜ਼ੀਲੈਂਡ ਦੀ ਸਫਲਤਾ ਦੀ ਦੁਨੀਆ ਦੇ ਕਈ ਹੋਰ ਦੇਸ਼ਾਂ ਨੇ ਪ੍ਰਸ਼ੰਸਾ ਕੀਤੀ ਹੈ ਜੋ ਕੋਵਿਡ -19 ਨੂੰ ਕਾਬੂ ਵਿੱਚ ਲਿਆਉਣ ਲਈ ਸਖ਼ਤ ਕੋਸ਼ਿਸ਼ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿੱਚ ਕੋਰੋਨਾਵਾਇਰਸ ਤੋਂ ਪੀੜਤ 3,503,394 ਦੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਨਾਲ ਮੌਤਾਂ ਦੀ ਗਿਣਤੀ 247,310 ਉੱਤੇ ਪਹੁੰਚ ਗਈ ਹੈ ਅਤੇ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1,099,492 ਹੈ।