ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ 6 ਹੋਰ ਨਵੇਂ ਕੇਸ ਆਏ, ਕਮਿਊਨਿਟੀ ‘ਚੋਂ 5 ਅਤੇ 1 ਦਾ ਸੰਬੰਧ ਮੈਨੇਜਡ ਆਈਸੋਲੇਸ਼ਨ ਨਾਲ ਹੈ

ਵੈਲਿੰਗਟਨ, 19 ਅਗਸਤ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ 6 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਇਨ੍ਹਾਂ ਨਵੇਂ ਕੇਸਾਂ ਵਿੱਚੋਂ 5 ਆਕਲੈਂਡ ਕਮਿਊਨਿਟੀ ਕਲੱਸਟਰ ਨਾਲ ਸੰਬੰਧਿਤ ਹਨ, ਜਦੋਂ ਕਿ 1 ਕੇਸ ਮੈਨੇਜਡ ਆਈਸੋਲੇਸ਼ਨ ਵਿੱਚੋਂ ਆਇਆ ਹੈ, ਇਹ 50 ਸਾਲਾ ਇਕ ਮਹਿਲਾ ਦਾ ਹੈ ਜੋ ਕਤਰ ਤੋਂ ਸਿਡਨੀ ਦੇ ਰਸਤੇ ਸਫ਼ਰ ਕਰਦੀ ਹੋਈ ਨਿਊਜ਼ੀਲੈਂਡ ਪੁੱਜੀ ਸੀ ਅਤੇ ਰੋਟੋਰੂਆ ਦੇ ਸੁਦੀਮਾ ਹੋਟਲ ਵਿੱਚ ਮੈਨੇਜਡ ਆਈਸੋਲੇਸ਼ਨ ਵਿੱਚ ਹੈ।
ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਕਲੱਸਟਰ ਨਾਲ ਸੰਬੰਧਿਤ 125 ਲੋਕਾਂ ਨੂੰ ਆਕਲੈਂਡ ਕੁਆਰੰਟੀਨ ਸਹੂਲਤ ਵਿੱਚ ਭੇਜਿਆ ਗਿਆ ਹੈ, ਜਿਨ੍ਹਾਂ ਵਿੱਚ ਉਹ ਕੇਸ ਅਤੇ ਘਰੇਲੂ ਸੰਪਰਕ ਵੀ ਸ਼ਾਮਿਲ ਹੈ। ਉਨ੍ਹਾਂ ਨੇ ਕਿਹਾ ਕਿ ਇੱਥੇ 5 ਲੋਕ ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚੋਂ 4 ਮਿਡਲਮੋਰ ਅਤੇ 1 ਆਕਲੈਂਡ ਸਿਟੀ ਹਸਪਤਾਲ ਵਿੱਚ ਹਨ। ਉਨ੍ਹਾਂ ਕਿਹਾ ਦੇਸ਼ ਵਿੱਚ ਕੁੱਲ 96 ਕੇਸ ਐਕਟਿਵ ਹਨ, ਜਿਨ੍ਹਾਂ ਵਿੱਚੋਂ 75 ਕੇਸਾਂ ਦਾ ਸੰਬੰਧ ਆਕਲੈਂਡ ਕਲੱਸਟਰ ਨਾਲ ਹੈ ਅਤੇ 21 ਕੇਸਾਂ ਦਾ ਸਿੱਧਾ ਸੰਬੰਧ ਵਿਦੇਸ਼ ਯਾਤਰਾ ਤੋਂ ਵਾਪਸ ਆਇਆਂ ਨਾਲ ਹੈ, ਜੋ ਮੈਨੇਜਡ ਆਈਸੋਲੇਸ਼ਨ ਅਤੇ ਕੁਆਰੰਟੀਨ ਸਹੂਲਤ ਵਿੱਚ ਹਨ। ਉਨ੍ਹਾਂ ਕਿਹਾ ਕਿ 11 ਅਗਸਤ ਤੋਂ 1983 ਦੇ ਨਜ਼ਦੀਕੀ ਸੰਪਰਕ ਪਛਾਣੇ ਗਏ ਹਨ, ਜਿਨ੍ਹਾਂ ਵਿੱਚੋਂ 1861 ਨਾਲ ਸੰਪਰਕ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਕੱਲ੍ਹ 23,038 ਟੈੱਸਟ ਕੀਤੇ ਗਏ, ਜਿਸ ਨਾਲ ਦੇਸ਼ ਭਰ ਵਿੱਚ ਹੁਣ ਤੱਕ ਕੀਤੇ ਗਏ ਟੈੱਸਟਾਂ ਦੀ ਗਿਣਤੀ 639,415 ਹੋ ਗਈ ਹੈ।
ਸਰਕਾਰ ਮੈਨੇਜਡ ਆਈਸੋਲੇਸ਼ਨ ਅਤੇ ਬਾਡਰ ਉੱਤੇ ਡਿਫੈਂਸ ਫੋਰਸ ਦੇ 500 ਜਵਾਨ ਤਾਇਨਾਤ ਕਰ ਰਹੀ ਹੈ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਡਿਫੈਂਸ ਫੋਰਸ ਦੇ 500 ਹੋਰ ਜਵਾਨ ਵੱਖ-ਵੱਖ ਮੈਨੇਜਡ ਆਈਸੋਲੇਸ਼ਨ ਸਹੂਲਤਾਂ ‘ਤੇ ਤਾਇਨਾਤ ਕੀਤੇ ਜਾਣਗੇ, ਜਿਸ ਨਾਲ ਕੁੱਲ 1200 ਰੱਖਿਆ ਫੋਰਸ ਦੇ ਕਰਮਚਾਰੀ ਪਹੁੰਚ ਜਾਣਗੇ। ਇਹ ਵਾਧਾ ਅਗਲੇ 6 ਹਫ਼ਤਿਆਂ ਲਈ ਕੀਤਾ ਜਾਵੇਗਾ ਅਤੇ ਹਰੇਕ ਸਹੂਲਤ ‘ਤੇ 19 ਬੰਦੇ ਤਾਇਨਾਤ ਹੋਣਗੇ। ਇਹ ਕੋਵਿਡ -19 ਦੇ ਲਈ ਤਾਇਨਾਤ ਹੋਣ ਵਾਲੀ ਲਗਭਗ 1200 ਰੱਖਿਆ ਫੋਰਸ ਦੇ ਜਵਾਨਾਂ ਦੀ ਗਿਣਤੀ ਤਿਮੋਰ-ਲੇਸਟੇ ਤੋਂ ਬਾਅਦ ਦੀ ਸਭ ਤੋਂ ਵੱਡੀ ਫ਼ੌਜੀ ਟੁਕੜੀ ਹੈ।
ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਕਿ ਕਾਰੋਬਾਰਾਂ ਵਾਲੀ ਥਾਂ ‘ਤੇ QR ਕੋਡ ਪ੍ਰਦਰਸ਼ਿਤ ਨਾ ਕਰਨ ਵਾਲੇ ਕਾਰੋਬਾਰਾਂ ਨੂੰ ਲਗਭਗ $ 300 ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ QR ਕੋਡ ਨੂੰ ਕਾਰੋਬਾਰਾਂ ਵਾਲੀ ਥਾਂ ‘ਤੇ ਪ੍ਰਦਰਸ਼ਿਤ ਕਰਨਾ ਅੱਜ ਤੋਂ ਲਾਜ਼ਮੀ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇ ਅਤੇ ਜਦੋਂ ਕੋਈ ਕੋਵਿਡ -19 ਟੀਕਾ ਉਪਲਬਧ ਹੋ ਜਾਂਦਾ ਹੈ ਤਾਂ ਟੀਕਾਕਰਣ ਨੂੰ ਲਾਜ਼ਮੀ ਕਰਨ ਦੀ ਕੋਈ ਯੋਜਨਾ ਨਹੀਂ ਹੈ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਕੁੱਲ ਮਿਲਾ ਕੇ 1649 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹੀ ਹਨ। ਜਿਨ੍ਹਾਂ ਵਿੱਚੋਂ 1,299 ਕੰਨਫ਼ਰਮ ਤੇ 350 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 1531 ਹੀ ਹੈ। ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ਦੀ ਕੁੱਲ ਗਿਣਤੀ ਹੁਣ 96 ਹੋ ਗਈ ਹੈ, ਜਿਨ੍ਹਾਂ ਵਿੱਚੋਂ 75 ਕੇਸਾਂ ਦਾ ਸੰਬੰਧ ਆਕਲੈਂਡ ਕਲੱਸਟਰ ਨਾਲ ਹੈ ਅਤੇ 21 ਕੇਸਾਂ ਦਾ ਸਿੱਧਾ ਸੰਬੰਧ ਵਿਦੇਸ਼ ਯਾਤਰਾ ਤੋਂ ਵਾਪਸ ਆਇਆਂ ਨਾਲ ਹੈ। ਨਿਊਜ਼ੀਲੈਂਡ ਵਿੱਚ 5 ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਹਨ। ਮੌਤਾਂ ਦੀ ਗਿਣਤੀ 22 ਹੀ ਹੈ।