ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 3 ਨਵੇਂ ਕੇਸ ਆਏ ਅਤੇ ਹੋਰ 6 ‘ਇਤਿਹਾਸਿਕ’ ਕੇਸ

ਵੈਲਿੰਗਟਨ, 23 ਸਤੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦਾ ਅੱਜ 3 ਨਵੇਂ ਕੇਸ ਸਾਹਮਣੇ ਆਏ ਹਨ, ਇਨ੍ਹਾਂ ਸਾਰਿਆਂ ਦਾ ਸੰਬੰਧ ਕਮਿਊਨਿਟੀ ਨਾਲ ਹੈ ਪਰ ਇਸ ਵਿਚੋਂ ਕੋਈ ਵੀ ਕੇਸ ਆਕਲੈਂਡ ਕਲੱਸਟਰ ਨਾਲ ਨਹੀਂ ਜੁੜਿਆ ਹੈ।
ਜਿੱਥੇ ਹੁਣ ਦੇਸ਼ ਦਾ ਬਾਕੀ ਸਾਰਾ ਹਿੱਸਾ ਅਲਰਟ ਲੈਵਲ 1 ਉੱਤੇ ਚੱਲ ਰਿਹਾ ਹੈ, ਉੱਥੇ ਹੀ ਆਕਲੈਂਡ ਅੱਜ ਅੱਧੀ ਰਾਤ 11.59 ਤੋਂ ਅਲਰਟ ਲੈਵਲ 2 ‘ਤੇ ਚਲਾ ਜਾਏਗਾ ਤੇ ਆਕਲੈਂਡ ਵਾਸੀਆਂ ਨੂੰ 100 ਤੱਕ ਲੋਕਾਂ ਦੇ ਇਕੱਠ ਕਰਨ ਦੀ ਇਜਾਜ਼ਤ ਹੋਵੇਗੀ ਅਤੇ ਵਿਆਹ, ਜਨਮ ਦਿਨ, ਸੰਸਕਾਰ ਅਤੇ ਟਾਂਗੀਹੰਗਿਆ ‘ਚ ਵੱਧ ਤੋਂ ਵੱਧ 100 ਲੋਕਾਂ ਤੱਕ ਦਾ ਇਕੱਠ ਕੀਤਾ ਜਾ ਸਕੇਗਾ।
ਸਿਹਤ ਮੰਤਰਾਲੇ ਕਿਹਾ ਕਿ ਦੇਸ਼ ਵਿੱਚ 6 ਇਤਿਹਾਸਕ ਕੇਸ ਵੀ ਹਨ, ਜਿਸ ‘ਚ 21 ਫਰਵਰੀ ਦਾ ਇੱਕ ਕੇਸ ਸ਼ਾਮਿਲ ਹੈ ਜੋ ਕਿ ਨਿਊਜ਼ੀਲੈਂਡ ਵਿੱਚ ਸਭ ਤੋਂ ਪੁਰਾਣਾ ਪਤਾ ਲੱਗਾ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਕੇਸ ਹੈ। ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਪਹਿਲੀ ਵਾਰ ਰਿਪੋਰਟ ਕਰਨ ਲਈ 6 ਇਤਿਹਾਸਕ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚ 1 ਦੀ ਪੁਸ਼ਟੀ ਹੋਈ ਹੈ ਅਤੇ 5 ਸੰਭਾਵਿਤ ਕੇਸ ਹਨ। ਮੰਤਰਾਲੇ ਨੇ ਕਿਹਾ ਕਿ ਉਹ ਵਾਇਕਾਟੋ ਨਾਲ ਜੁੜੇ ਹੋਏ ਹਨ ਅਤੇ ਜਨਤਾ ਦੇ ਲਈ ਕੋਈ ਖ਼ਤਰਾ ਨਹੀਂ ਹੈ। ਇਹ ਲਾਗ ਫਰਵਰੀ ਦੇ ਅਖੀਰ ਵਿੱਚ ਇਟਲੀ ਤੋਂ ਇੱਕ ਸੰਕਰਮਿਤ ਵਿਅਕਤੀ (ਇੱਕ ਹੋਰ ਪਰਿਵਾਰਕ ਮੈਂਬਰ) ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਹੋਇਆ ਹੈ।
ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਕੋਵਿਡ -19 ਨਾਲ 3 ਲੋਕ ਹਸਪਤਾਲ ਵਿੱਚ ਹਨ, ਜੋ ਆਕਲੈਂਡ ਸਿਟੀ, ਮਿਡਲਮੋਰ ਅਤੇ ਨੌਰਥ ਸ਼ੋਰ ਦੇ ਹਸਪਤਾਲਾਂ ਵਿੱਚ ਦਾਖ਼ਲ ਹਨ ਅਤੇ ਤਿੰਨੋਂ ਮਰੀਜ਼ ਜਨਰਲ ਵਾਰਡ ਵਿੱਚ ਆਈਸੋਲੇਸ਼ਨ ‘ਚ ਹਨ।
ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 62 ਹੋ ਗਈ ਹੈ, ਕਿਉਂਕਿ ਕੋਵਿਡ -19 ਤੋਂ 8 ਵਿਅਕਤੀ ਠੀਕ ਵੀ ਹੋਏ ਹਨ। ਇਨ੍ਹਾਂ 62 ਕੇਸਾਂ ਵਿੱਚ 34 ਕੇਸ ਕਮਿਊਨਿਟੀ ਅਤੇ 28 ਕੇਸ ਵਿਦੇਸ਼ ਤੋਂ ਪਰਤਿਆਂ ਦੇ ਹਨ। ਕੱਲ੍ਹ ਲੈਬ ਵੱਲੋਂ 6,938 ਟੈੱਸਟ ਕੀਤੇ ਗਏ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1824 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,468 ਕੰਨਫ਼ਰਮ ਤੇ 356 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1737 ਹੈ, ਦੇਸ਼ ਵਿੱਚ ਕੋਵਿਡ -19 ਤੋਂ 8 ਹੋਰ ਵਿਅਕਤੀ ਰਿਕਵਰ ਹੋਏ ਹਨ। ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ‘ਚ ਕੰਨਫ਼ਰਮ ਤੇ ਪ੍ਰੋਵੈਬਲੀ ਕੇਸਾਂ ਦੀ ਕੁੱਲ ਗਿਣਤੀ ਹੁਣ 62 ਹੋ ਗਈ ਹੈ। ਨਿਊਜ਼ੀਲੈਂਡ ਵਿੱਚ 3 ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਹਨ। ਦੇਸ਼ ‘ਚ ਕੋਵਿਡ ਨਾਲ ਇੱਕ ਹੋਰ ਮੌਤ ਹੋਣ ਤੋਂ ਬਾਅਦ ਮੌਤਾਂ ਦੀ ਗਿਣਤੀ ਵੱਧ ਕੇ 25 ਹੋ ਗਈ ਹੈ।