ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਕਮਿਊਨਿਟੀ ਦਾ ਕੋਈ ਕੇਸ ਨਹੀਂ, ਅੱਜ ਦੇ 3 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ

ਆਕਲੈਂਡ ਅੱਜ ਅੱਧੀ ਰਾਤੀ ਅਲਰਟ ਲੈਵਲ 1 ਉੱਤੇ ਜਾਣ ਲਈ ਤਿਆਰ
ਵੈਲਿੰਗਟਨ, 7 ਅਕਤੂਬਰ (ਕੂਕ ਪੰਜਾਬੀ ਸਮਾਚਾਰ) –
ਨਿਊਜ਼ੀਲੈਂਡ ‘ਚ ਕੋਵਿਡ -19 ਦਾ ਅੱਜ 3 ਨਵੇਂ ਕੇਸ ਸਾਹਮਣੇ ਆਏ ਹਨ, ਇਹ ਸਾਰੇ ਕੇਸ ਮੈਨੇਜਡ ਆਈਸੋਲੇਸ਼ਨ ਦੇ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਕਮਿਊਨਿਟੀ ‘ਚ ਕੋਵਿਡ -19 ਦਾ ਕੋਈ ਨਵਾਂ ਕੇਸ ਨਹੀਂ ਆਇਆ ਹੈ ਅਤੇ ਕਮਿਊਨਿਟੀ ਦੇ ਸਾਰੇ ਮਰੀਜ਼ ਰਿਕਵਰ ਹੋ ਗਏ ਹਨ। ਦੇਸ਼ ਵਿੱਚ ਕਮਿਊਨਿਟੀ ਦਾ ਕੋਈ ਐਕਟਿਵ ਕੇਸ ਨਹੀਂ ਹੈ, ਆਕਲੈਂਡ ਅੱਜ ਅੱਧੀ ਰਾਤੀ 11.59 ਵਜੇ ਅਲਰਟ ਲੈਵਲ 1 ਉੱਤੇ ਜਾਣ ਲਈ ਤਿਆਰ ਹੈ।
ਸਿਹਤ ਮੰਤਰਾਲੇ ਨੇ ਦੱਸਿਆ ਕਿ ਅੱਜ ਦੇ ਤਿੰਨੋਂ ਕੇਸ ਮੈਨੇਜਡ ਆਈਸੋਲੇਸ਼ਨ ‘ਤੋਂ ਹਨ। ਅੱਜ ਦੇ ਪਹਿਲੇ 2 ਕੇਸ 23 ਸਤੰਬਰ ਨੂੰ ਇਥੋਪੀਆ ਤੋਂ ਦੁਬਈ ਦੇ ਰਸਤੇ ਨਿਊਜ਼ੀਲੈਂਡ ਪਹੁੰਚੇ ਸਨ। ਉਹ ਹੈਮਿਲਟਨ ਦੇ ਆਈਬੀਆਈਐੱਸ ਵਿਖੇ ਮੈਨੇਜਡ ਆਈਸੋਲੇਸ਼ਨ ਵਿੱਚ ਰਹੇ ਹਨ ਅਤੇ ਉਨ੍ਹਾਂ ਦੇ ਠਹਿਰਨ ਦੇ 12ਵੇਂ ਦਿਨ ਦੇ ਰੁਟੀਨ ਟੈੱਸਟ ਦੌਰਾਨ ਪਾਜ਼ੇਟਿਵ ਨਤੀਜੇ ਆਏ ਹਨ।
ਜਦੋਂ ਕਿ ਅੱਜ ਦੱਸਿਆ ਗਿਆ ਤੀਜਾ ਕੇਸ 29 ਸਤੰਬਰ ਨੂੰ ਦੁਬਈ ਤੋਂ ਨਿਊਜ਼ੀਲੈਂਡ ਆਇਆ ਸੀ। ਉਸ ਦੇ ਟੈੱਸਟ ਦਾ ਨਤੀਜਾ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਨੂੰ ਆਕਲੈਂਡ ਕੁਆਰੰਟੀਨ ਸਹੂਲਤ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਕਮਿਊਨਿਟੀ ਵਿਚੋਂ ਜ਼ੀਰੋ ਐਕਟਿਵ ਕੇਸ ਆਉਣਾ ਨਿਊਜ਼ੀਲੈਂਡ ਲਈ ‘ਇੱਕ ਹੋਰ ਮੀਲ ਦਾ ਪੱਥਰ’ ਹੈ। 11 ਅਗਸਤ ਤੋਂ ਕੋਵਿਡ -19 ਦੇ 186 ਕਮਿਊਨਿਟੀ ਕੇਸ ਸਾਹਮਣੇ ਆਏ ਹਨ – ਆਕਲੈਂਡ ਅਗਸਤ ਦੇ ਕਲੱਸਟਰ ਵਿੱਚ 179 ਲੋਕ ਜੁੜੇ ਹੋਏ ਸਨ, ਜਦੋਂ ਕਿ 6 ਲੋਕ ਕ੍ਰਾਈਸਟਚਰਚ ਵਾਪਸ ਪਰਤਣ ਵਾਲੇ ਕਲੱਸਟਰ ਨਾਲ ਜੁੜੇ ਹੋਏ ਸਨ ਅਤੇ ਰਿਡਜ਼ ਵਿਖੇ ਮੈਨੇਜਡ ਆਈਸੋਲੇਸ਼ਨ ਸਹੂਲਤ ਤੋਂ ਕਰਮਚਾਰੀ ਸਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ ਐਕਟਿਵ ਕੇਸਾਂ ਦੀ ਗਿਣਤੀ 37 ਹੈ, ਜਿਸ ਸਾਰੇ ਕੇਸ ਵਿਦੇਸ਼ ਤੋਂ ਪਰਤਿਆਂ ਦੇ ਹਨ। ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1861 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,505 ਕੰਨਫ਼ਰਮ ਤੇ 356 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1799 ਹੈ। ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ‘ਚ ਕੰਨਫ਼ਰਮ ਤੇ ਪ੍ਰੋਵੈਬਲੀ ਕੇਸਾਂ ਦੀ ਕੁੱਲ ਗਿਣਤੀ ਹੁਣ 37 ਹੋ ਗਈ ਹੈ। ਨਿਊਜ਼ੀਲੈਂਡ ਵਿੱਚ ਕੋਵਿਡ -19 ਨਾਲ 1 ਵਿਅਕਤੀ ਮਿਡਲਮੋਰ ਹਸਪਤਾਲ ਦੇ ਵਾਰਡ ਵਿੱਚ ਦਾਖ਼ਲ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 25 ਹੈ।