ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ 7 ਨਵੇਂ ਕੇਸ, ਸੋਮਵਾਰ ਤੋਂ ਜਨਤਕ ਟ੍ਰਾਂਸਪੋਰਟ ‘ਚ ਮਾਸਕ ਲਗਾਉਣਾ ਲਾਜ਼ਮੀ – ਸਿਹਤ ਮੰਤਰੀ ਕ੍ਰਿਸ

ਵੈਲਿੰਗਟਨ, 27 ਅਗਸਤ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ 7 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ ਕਮਿਊਨਿਟੀ ਦੇ 6 ਨਵੇਂ ਕੇਸ ਹਨ ਅਤੇ 1 ਕੇਸ ਵਿਦੇਸ਼ ਤੋਂ ਵਾਪਸ ਆਏ ਦਾ ਹੈ।
ਪਬਲਿਕ ਹੈਲਥ ਦੀ ਡਾਇਰੈਕਟਰ ਕੈਰੋਲੀਨ ਮੈਕਲੇਨੇ ਨੇ ਕਿਹਾ ਕਿ ਅੱਜ ਇੱਥੇ ਸੱਤ ਨਵੇਂ ਕੋਵਿਡ ਕੇਸ ਆਏ ਹਨ। ਜਿਨ੍ਹਾਂ ‘ਚੋਂ 1 ਮੈਨੇਜਡ ਆਈਸੋਲੇਸ਼ਨ ਵਿੱਚੋਂ ਹੈ ਜੋ 20 ਸਾਲਾ ਮਹਿਲਾ ਹੈ ਅਤੇ 22 ਅਗਸਤ ਨੂੰ ਤੁਰਕੀ ਤੋਂ ਲੰਡਨ ਤੇ ਹਾਂਗਕਾਂਗ ਦੇ ਰਸਤੇ ਨਿਊਜ਼ੀਲੈਂਡ ਆਈ ਸੀ ਅਤੇ ਮੈਨੇਜਡ ਆਈਸੋਲੇਸ਼ਨ ਵਿੱਚ ਉਸ ਦਾ ਤੀਜੇ ਦਿਨ ਦਾ ਲਿਆ ਟੈੱਸਟ ਪਾਜ਼ੇਟਿਵ ਆਇਆ ਹੈ। ਉਹ ਕ੍ਰਾਈਸਟਚਰਚ ਦੇ ਸੁਦੀਮਾ ਹੋਟਲ ਵਿਖੇ ਹੈ। ਜਦੋਂ ਕਿ 6 ਮਾਮਲੇ ਕਮਿਊਨਿਟੀ ਵਿੱਚੋਂ ਹਨ ਅਤੇ ਆਕਲੈਂਡ ਕਲੱਸਟਰ ਨਾਲ ਜੁੜੇ ਹੋਏ ਹਨ, ਜਿਨ੍ਹਾਂ ‘ਚ 5 ਘਰੇਲੂ ਸੰਪਰਕ ਦੇ ਹਨ ਅਤੇ 1 ਵਰਕ ਪਲੇਸ ਸੰਪਰਕ ਦਾ ਹੈ।
ਉਨ੍ਹਾਂ ਕਿਹਾ 2455 ਨੇੜੇ ਦੇ ਸੰਪਰਕ ਦੀ ਪਛਾਣ ਕੀਤੀ ਗਈ ਹੈ ਅਤੇ ਜਿਨ੍ਹਾਂ ਵਿੱਚੋਂ 2204 ਨਾਲ ਸੰਪਰਕ ਕੀਤਾ ਗਿਆ ਹੈ। ਕਮਿਊਨਿਟੀ ਕਲੱਸਟਰ ਨਾਲ 159 ਲੋਕਾਂ ਦਾ ਸੰਬੰਧ ਹੈ ਉਹ ਆਕਲੈਂਡ ਵਿਖੇ ਕੁਆਰੰਟੀਨ ਸਹੂਲਤ ਵਿੱਚ ਹਨ ਜਦੋਂ ਕਿ ਇਨ੍ਹਾਂ ਵਿੱਚ 85 ਪਾਜ਼ੇਟਿਵ ਆਏ ਲੋਕਾਂ ਦਾ ਸੰਬੰਧ ਘਰੇਲੂ ਸੰਪਰਕ ਨਾਲ ਹੈ। ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 126 ਹੋ ਗਈ ਹੈ, ਇਨ੍ਹਾਂ ਵਿੱਚੋਂ 11 ਵਿਦੇਸ਼ਾਂ ਤੋਂ ਵਾਪਸ ਪਰਤਿਆਂ ਦੇ ਹਨ। ਦੇਸ਼ ਵਿੱਚ ਕੋਵਿਡ -19 ਤੋਂ 15 ਵਿਅਕਤੀ ਰਿਕਵਰ ਹੋਏ ਹਨ। ਕੱਲ੍ਹ 9,257 ਟੈੱਸਟ ਕੀਤੇ ਗਏ, ਜਿਸ ਨਾਲ ਦੇਸ਼ ਵਿੱਚ ਹੁਣ ਤੱਕ ਕੁੱਲ 719,320 ਟੈੱਸਟ ਪੂਰੇ ਹੋ ਗਏ ਹਨ।
ਸਿਹਤ ਮੰਤਰੀ ਕ੍ਰਿਸ ਹਿਪਕਿਨਸ ਨੇ ਕਿਹਾ ਕਿ ਜਨਤਕ ਟ੍ਰਾਂਸਪੋਰਟ ‘ਤੇ ਚਿਹਰਾ (Face) ਕਵਰ ਕਰਨਾ ਸਹੀ ਹੈ ਅਤੇ ਇਹ ਨਿਊਜ਼ੀਲੈਂਡ ਵਾਸੀਆਂ ਨੂੰ ਕੋਵਿਡ -19 ਤੋਂ ਸੁਰੱਖਿਅਤ ਰੱਖਣ ਵਿੱਚ ਮਦਦ ਕਰੇਗਾ। ਉਨ੍ਹਾਂ ਕਿਹਾ ਸੋਮਵਾਰ ਤੋਂ 12 ਜਾਂ ਇਸ ਤੋਂ ਵੱਧ ਉਮਰ ਦੇ ਹਰੇਕ ਲਈ ਅਲਰਟ ਲੈਵਲ 2 ਅਤੇ ਇਸ ਤੋਂ ਵੱਧ ਦੇ ਅਧੀਨ ਜਨਤਕ ਟ੍ਰਾਂਸਪੋਰਟ ਅਤੇ ਜਹਾਜ਼ਾਂ ‘ਤੇ ਚਿਹਰਾ ਢੱਕਣਾਂ ਯਾਨੀ ਮਾਸਕ ਲਗਾਉਣਾ ਲਾਜ਼ਮੀ ਹੋਵੇਗਾ। ਉਨ੍ਹਾਂ ਕਿਹਾ ਜਨਤਕ ਟ੍ਰਾਂਸਪੋਰਟ ‘ਤੇ ਮਾਸਕ ਨਾ ਲਾਉਣਾ ਇਕ ਅਪਰਾਧ ਮੰਨਿਆ ਜਾਵੇਗਾ, ਜਿਸ ਵਿੱਚ 300 ਡਾਲਰ ਦੀ ਉਲੰਘਣਾ ਦਾ ਨੋਟਿਸ ਜਾਂ ਅਦਾਲਤ ਦੁਆਰਾ ਲਗਾਇਆ ਗਿਆ $ 1000 ਡਾਲਰ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ। ਨਿਯਮਾਂ ਨੂੰ ਲਾਗੂ ਕਰਨਾ ਹਲਕੇ ਅਹਿਸਾਸ ਵਰਗਾ ਹੋਵੇਗਾ, ਜਿਸ ਦੀ ਸ਼ੁਰੂਆਤ ਸ਼ਮੂਲੀਅਤ, ਉਤਸ਼ਾਹ ਅਤੇ ਸਿੱਖਿਆ ਦੇ ਨਾਲ ਹੋਵੇਗੀ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1702 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,351 ਕੰਨਫ਼ਰਮ ਤੇ 351 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1554 ਹੈ, ਦੇਸ਼ ਵਿੱਚ ਕੋਵਿਡ -19 ਤੋਂ 15 ਵਿਅਕਤੀ ਰਿਕਵਰ ਹੋਏ ਹਨ। ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ‘ਚ ਕੰਨਫ਼ਰਮ ਤੇ ਪ੍ਰੋਵੈਬਲੀ ਕੇਸਾਂ ਦੀ ਕੁੱਲ ਗਿਣਤੀ ਹੁਣ 126 ਹੋ ਗਈ ਹੈ। ਨਿਊਜ਼ੀਲੈਂਡ ਵਿੱਚ 10 ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚੋਂ 2 ਗੰਭੀਰ ਦੇਖਭਾਲ (ICU) ਵਿੱਚ ਹਨ। ਦੇਸ਼ ‘ਚ ਮੌਤਾਂ ਦੀ ਗਿਣਤੀ 22 ਹੀ ਹੈ।