ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਤਿੰਨ ਦਿਨਾਂ ਬਾਅਦ 1 ਨਵਾਂ ਕੇਸ ਸਾਹਮਣੇ ਆਇਆ, ਗਿਣਤੀ 1,498 ਹੋਈ

ਵੈਲਿੰਗਟਨ, 15 ਮਈ – ਨਿਊਜ਼ੀਲੈਂਡ ਵਿੱਚ ਤਿੰਨ ਦਿਨਾਂ ਬਾਅਦ ਕੋਵਿਡ -19 ਦਾ 1 ਨਵਾਂ ਕੇਸ ਸਾਹਮਣੇ ਆਇਆ ਹੈ, ਜਦੋਂ ਕਿ ਲਗਾਤਾਰ ਪਿਛਲੇ ਤਿੰਨ ਦਿਨਾਂ ਦੀ ਗਿਣਤੀ ਜ਼ੀਰੋ ‘ਤੇ ਰਹੀ ਸੀ। ਮਨਿਸਟਰੀ ਆਫ਼ ਹੈਲਥ ਨੇ ਇਕ ਬਿਆਨ ਵਿੱਚ ਕਿਹਾ ਹੈ ਕਿ ਸ਼ੁੱਕਰਵਾਰ ਨੂੰ ਦੇਸ਼ ਭਰ ਵਿੱਚ ਕੋਵਿਡ -19 ਦੇ ਪੁਸ਼ਟੀ ਕੀਤੇ ਅਤੇ ਸੰਭਾਵਿਤ ਕੇਸਾਂ ਦੀ ਗਿਣਤੀ 1,498 ਸੀ, ਜਿਸ ਵਿਚੋਂ 95% ਮਰੀਜ਼ ਕੋਰੋਨਾਵਾਇਰਸ ਤੋਂ ਠੀਕ ਹੋਏ ਹਨ। ਨਵਾਂ ਕੇਸ ਆਕਲੈਂਡ ਦੇ ਮੈਰਿਸਟ ਕਾਲਜ ਦੇ ਕਲੱਸਟਰ ਨਾਲ ਜੁੜਿਆ ਹੋਇਆ ਸੀ ਅਤੇ ਸਕੂਲ ਭਾਈਚਾਰੇ ਦੀ ਫਾਲੋ-ਅਪ ਟੈਸਟਿੰਗ ਵਿੱਚ ਪਛਾਣ ਕੀਤੀ ਗਈ ਹੈ।
ਮਨਿਸਟਰੀ ਨੇ ਕਿਹਾ ਕਿ ਉਸ ਵਿਅਕਤੀ ਦੇ ਦੋ ਮਹੀਨੇ ਪਹਿਲਾਂ ਲੱਛਣ ਸਨ ਅਤੇ ਉਸ ਸਮੇਂ ਉਸ ਦਾ ਟੈੱਸਟ ਕੀਤਾ ਗਿਆ ਸੀ, ਪਰੰਤੂ ਉਸ ਦਾ ਨਕਾਰਾਤਮਿਕ (ਨੈਗੇਟਿਵ) ਨਤੀਜਾ ਆਇਆ ਸੀ। ਉਹ ਪੂਰੇ ਲੌਕਡਾਉਨ ਦੌਰਾਨ ਆਈਸੋਲੇਸ਼ਨ ਰਿਹਾ ਅਤੇ ਉਹ ਸੰਕਰਮਤ ਨਹੀਂ ਮੰਨਿਆ ਜਾਂਦਾ ਸੀ।
ਨਿਊਜ਼ੀਲੈਂਡ ਦੇ ਕੰਨਫ਼ਰਮ ਅਤੇ ਪ੍ਰੋਵੈਬਲੀ ਕੋਵਿਡ -19 ਕੇਸਾਂ ਦੀ ਕੁੱਲ ਗਿਣਤੀ 1498 ਹੈ। ਜਿਨ੍ਹਾਂ ਵਿਚੋਂ 1,148 ਕੰਨਫ਼ਰਮ ਕੀਤੇ ਕੇਸ ਹਨ। ਦੇਸ਼ ਭਰ ‘ਚ 56 ਐਕਟਿਵ ਕੇਸ ਹਨ ਅਤੇ ਕੋਵਿਡ -19 ਤੋਂ 1,421 ਲੋਕੀ ਰਿਕਵਰ ਹੋਏ ਹਨ ਜੋ ਦੇਸ਼ ਭਰ ਵਿੱਚ ਠੀਕ ਹੋਏ ਕੇਸਾਂ ਦਾ 95% ਬਣਦਾ ਹੈ। ਹਸਪਤਾਲ ਵਿੱਚ 2 ਲੋਕ ਹਨ। ਕੋਵਿਡ -19 ਨਾਲ ਦੇਸ਼ ਵਿੱਚ 21 ਮੌਤਾਂ ਹੋਈਆ ਹਨ, ਹੋਰ ਕੋਈ ਵਾਧੂ ਮੌਤ ਰਿਪੋਰਟ ਨਹੀਂ ਹੋਈ ਹੈ। ਕੱਲ੍ਹ 7000 ਤੋਂ ਵੱਧ ਟੈੱਸਟ ਕੀਤੇ ਗਏ ਹਨ ਤੇ ਦੇਸ਼ ‘ਚ ਕੁੱਲ 216,787 ਕੋਵਿਡ -19 ਟੈੱਸਟ ਹੋ ਗਏ ਹਨ।
ਜ਼ਿਕਰਯੋਗ ਹੈ ਕਿ ਦੁਨੀਆ ਦੀਆਂ 218 ਟੈਰੇਟਰੀ ਵਿੱਚ ਕੋਰੋਨਾਵਾਇਰਸ ਤੋਂ ਪੀੜਤ 4,530,757 ਦੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਨਾਲ ਮੌਤਾਂ ਦੀ ਗਿਣਤੀ 304,741 ਉੱਤੇ ਪਹੁੰਚ ਗਈ ਹੈ ਅਤੇ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1,911,632 ਹੈ।