ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ 9 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ਵਿੱਚੋਂ ਸਾਹਮਣੇ ਆਏ

ਵੈਲਿੰਗਟਨ, 22 ਜਨਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ 9 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ਵਿੱਚੋਂ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਕਿਹਾ ਕਮਿਊਨਿਟੀ ਵਿੱਚੋਂ ਕੋਈ ਕੇਸ ਨਹੀਂ ਆਇਆ ਹੈ। ਇਨ੍ਹਾਂ ਨਵੇਂ ਕੇਸਾਂ ਵਿੱਚ 3 ਕੇਸ ਅਮਰੀਕਾ ਤੋਂ, 2 ਕੇਸ ਬ੍ਰਿਟੇਨ ਤੋਂ, 2 ਭਾਰਤ ਤੋਂ, 1 ਕੇਸ ਸੰਯੁਕਤ ਅਰਬ ਅਮੀਰਾਤ ਅਤੇ 1 ਕੇਸ ਕਜ਼ਾਕਿਸਤਾਨ ਤੋਂ ਵਾਪਸ ਨਿਊਜ਼ੀਲੈਂਡ ਆਏ ਯਾਤਰੀਆਂ ਦੇ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ ਕੀਤੇ ਪਹਿਲੇ ਕੋਵਿਡ -19 ਟੈੱਸਟ ਨੂੰ ਹੁਣ 1 ਸਾਲ ਹੋ ਗਿਆ ਹੈ। ਉਸ ਸਮੇਂ ਤੋਂ ਹੁਣ ਤੱਕ ਕਮਿਊਨਿਟੀ ਵਿੱਚੋਂ ਅਤੇ ਸਰਹੱਦ ‘ਤੇ ਲਗਭਗ 1.5 ਮਿਲੀਅਨ ਟੈੱਸਟ ਕੀਤੇ ਜਾ ਚੁੱਕੇ ਹਨ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੋਵਿਡ -19 ਦੇ ਰਿਸਪੋਂਸ ਮੰਤਰੀ ਕ੍ਰਿਸ ਹਿਪਕਿਨਸ ਨੇ ਐਲਾਨ ਕੀਤੀ ਕਿ 25 ਜਨਵਰੀ ਦਿਨ ਸੋਮਵਾਰ ਤੋਂ ਸਰਹੱਦੀ ਕਰਮਚਾਰੀਆਂ ਲਈ ਵੱਖਰੀ ਸਹੂਲਤਾਂ ਵਿੱਚ ਲਾਰਵਾ ਟੈੱਸਟ (Saliva Testing) ਦੀ ਵਿਕਲਪਕ ਸਹੂਲਤ ਉਪਲਬਧ ਹੋਵੇਗੀ। ਉਨ੍ਹਾਂ ਕਿਹਾ ਇਹ ਪਹਿਲਾ ਮੌਕਾ ਹੈ ਜਦੋਂ ਸਰਕਾਰ ਦੁਆਰਾ ਕੋਵਿਡ -19 ਲਈ ਲਾਰ ਟੈੱਸਟ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਵਿੱਚ ਘੱਟ ਕੋਵਿਡ -19 ਦੀ ਗਿਣਤੀ ਦਾ ਅਰਥ ਇਹ ਸੀ ਕਿ ਵਿਗਿਆਨੀਆਂ ਨੇ ਲਾਰ ਦੀ ਜਾਂਚ ਜਾਂ ਹੋਰ ਉਪਾਵਾਂ ਦੀ ਲੋੜ ਮਹਿਸੂਸ ਨਹੀਂ ਕੀਤੀ। ਪਰ ਹੁਣ ਇਹ ਨਵੀਂ ਸਾਵਧਾਨੀ ਵਾਲਾ ਉਪਾਅ ਵਿਦੇਸ਼ਾਂ ਵਿੱਚ ਲਾਗ ਦੀਆਂ ਉੱਚੀਆਂ ਦਰਾਂ ਅਤੇ ਕੋਵਿਡ -19 ਦੇ ਵਧੇਰੇ ਫੈਲ ਰਹੇ ਵੈਰਿਐਂਟ ਦੇ ਜਵਾਬ ਵਿੱਚ ਹੈ। ਉਨ੍ਹਾਂ ਕਿਹਾ ਕਿ ਲਾਰ ਟੈੱਸਟ ਸਵੈਇੱਛਕ ਅਧਾਰ ‘ਤੇ ਪੇਸ਼ ਕੀਤੇ ਜਾਣਗੇ ਅਤੇ ਇਹ ਐਨਏਐੱਸਏਐਲ ਸਵੈੱਬ ਦੀ ਥਾਂ ਨਹੀਂ ਲੈਣਗੇ।
ਸਿਹਤ ਮੰਤਰਾਲੇ ਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ ਨਵੇਂ ਐਕਟਿਵ ਕੇਸਾਂ ਦੀ ਗਿਣਤੀ 73 ਹੈ। ਜਦੋਂ ਕਿ ਦੇਸ਼ ਵਿੱਚ ਕੁੱਲ ਕੇਸਾਂ ਦੀ ਗਿਣਤੀ 1920 ਹੋ ਗਈ ਹੈ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,276 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ। ਜਿਨ੍ਹਾਂ ਵਿੱਚੋਂ 1,920 ਕੰਨਫ਼ਰਮ ਕੇਸ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2,178 ਹੈ। ਨਿਊਜ਼ੀਲੈਂਡ ਵਿੱਚ ਕੋਵਿਡ -19 ਨਾਲ ਹਸਪਤਾਲ ਵਿੱਚ ਕੋਈ ਦਾਖ਼ਲ ਨਹੀਂ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 25 ਹੀ ਹੈ।